Babushahi Special ਪ੍ਰੋਫੈਸਰ ਦਵਿੰਦਰਪਾਲ ਭੁੱਲਰ : ਉਦਾਸ ਘਰ ਦੇ ਬਨੇਰੇ ਤੇ ਕਦੇ ਨਾਂ ਬੋਲਿਆ ਖੁਸ਼ੀਆਂ ਵਾਲਾ ਕਾਂ
ਅਸ਼ੋਕ ਵਰਮਾ
ਬਠਿੰਡਾ,22 ਅਕਤੂਬਰ 2025: ਬਠਿੰਡਾ ਜਿਲ੍ਹੇ ਦੇ ਪਿੰਡ ਦਿਆਲਪੁਰਾ ਭਾਈ ’ਚ ਸਾਲਾਂ ਤੋਂ ਦੁੱਖ ਝੱਲ ਰਹੇ ਇੱਕ ਉਦਾਸ ਘਰ ਨੂੰ ਮਾਲਕ ਦੇ ਆਉਣ ਦੀ ਉਡੀਕ ਹੈ ਕਿ ਤਾਂ ਜੋ ਉਸ ਦੇ ਬਨੇਰੇ ਤੇ ਵੀ ਕਾਂ ਬੋਲਣ । ਮਾਮਲਾ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦਾ ਹੈ ਜਿਸ ਨੂੰ ਸਾਲ 1993 ਦੌਰਾਨ ਯੂਥ ਕਾਂਗਰਸ ਦੇ ਤੱਤਕਾਲੀ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ’ਤੇ ਦਿੱਲੀ ਵਿਖੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਅਦਾਲਤ ਨੇ ਸਾਲ 2001 ’ਚ ਫਾਂਸੀ ਦੀ ਸਜ਼ਾ ਸੁਣਾਈ ਸੀ ਜੋ ਬਾਅਦ ਵਿੱਚ ਉਮਰ ਕੈਦ ’ਚ ਤਬਦੀਲ ਕਰ ਦਿੱਤੀ ਸੀ। ਹੁਣ ਜਦੋਂ ਭਾਜਪਾ ਆਗੂ ਆਰ ਪੀ ਸਿੰਘ ਨੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਮੁੱਦਾ ਚੁੱਕਿਆ ਹੈ ਤਾਂ ਇਸ ਘਰ ਦੇ ਦਿਨ ਫਿਰਨ ਦੀ ਆਸ ਬੱਝੀ ਹੈ। ਪੂਰੇ ਪਿੰਡ ਦੀ ਨਜ਼ਰ ਹੁਣ ਸਰਕਾਰ ਦੇ ਫੈਸਲੇ ‘ਤੇ ਟਿੱਕ ਗਈ ਹੈ। ਪਿੰਡ ਦੇ ਲੋਕ ਇਸ ਉਦਾਸ ਘਰ ਵਿੱਚ ਮੁੜ ਤੋਂ ਟਹਿਕਦੀ ਜ਼ਿੰਦਗੀ ਦੇਖਣਾ ਚਾਹੁੰਦੇ ਸਨ।
ਲੰਘੇ 24 ਸਾਲਾਂ ਤੋਂ ਇਸ ਘਰ ’ਚ ਉਦਾਸੀ ਤੇ ਗਮਾਂ ਦਾ ਹੀ ਪਹਿਰਾ ਰਿਹਾ ਹੈ। ਏਨੇ ਉਤਰਾਅ ਚੜ੍ਹਾਅ ਦੇਖੇ ਹਨ ਕਿ ਇਸ ਘਰ ਨੂੰ ਓਪਰਾ ਲੱਗਣੋ ਹਟ ਗਿਆ ਹੈ। ਇਹ ਘਰ ਕਦੇ ਆਲਾਸ਼ਾਨ ਹਵੇਲੀਆਂ ਵਰਗਾ ਹੁੰੰਦਾ ਸੀ ਪਰ ਹੁਣ ਇੱਕ ਤਰਾਂ ਨਾਲ ਖੰਡਰਾਂ ਵਰਗਾ ਬਣ ਚੁੱਕਿਆ ਹੈ। ਪਿੰਡ ਦਿਆਲਪੁਰਾ ਦੇ ਐਨ ਬਾਹਰ ਢਾਣੀਆਂ ‘ਚ ਵਸੇ ਇਸ ਘਰ ’ਚ ਕਰੀਬ ਢਾਈ ਦਹਾਕਿਆਂ ਤੋਂ ਕਦੇ ਬੱਤੀ ਨਹੀਂ ਜਗੀ ਹੈ। ਘਰ ਨੂੰ ਵੱਜੇ ਜਿੰਦਰਿਆਂ ਨੂੰ ਜੰਗਾਲ ਪੈ ਗਈ ਹੈ। ਸੱਚ ਕੀ ਹੈ, ਇਹ ਵੱਖਰੀ ਗੱਲ ਹੈ ਪ੍ਰੰਤੂ ਇਸ ਘਰ ਨੂੰ ਵਰਿ੍ਹਆਂ ਤੋਂ ਹਾਸੇ ਨਸੀਬ ਨਹੀਂ ਹੋਏ ਹਨ। ਪ੍ਰੋਫੈਸਰ ਭੁੱਲਰ ਦੇ ਘਰ ਨੂੰ ਉਨ੍ਹਾਂ ਦੇ ਚਚੇਰੇ ਭਰਾ ਦਾ ਪ੍ਰੀਵਾਰ ਸੰਭਾਲਦਾ ਹੈ। ਪਿੱਛੇ ਜਿਹੇ ਘਰ ਦੀਆਂ ਛੱਤਾਂ ਡਿੱਗ ਪਈਆਂ ਤਾਂ ਦੁਬਾਰਾ ਪਾਉਣੀਆਂ ਪਈਆਂ ਹਨ। ਜਦੋਂ ਕੋਈ ਦਿਵਾਲੀ ਵਰਗਾ ਤਿੱਥ ਤਿਉਹਾਰ ਆਉਂਦਾ ਹੈ, ਤਾਂ ਪੂਰੇ ਪਿੰਡ ‘ਚ ਰੌਸ਼ਨੀ ਹੁੰਦੀ ਹੈ।
ਪਿੰਡ ਵਿੱਚ ਦੀਵੇ ਜਗਦੇ ਹਨ,ਆਤਿਸ਼ਬਾਜ਼ੀ ਚੱਲਦੀ ਹੈ ਪਰ ਇਕੱਲਾ ਇਹੋ ਘਰ ਹੈ ਜਿਸ ਦੀ ਕੰਧ ’ਤੇ ਕਦੇ ਦੀਵਾਲ਼ੀ ਵਾਲੇ ਦਿਨ ਵੀ ਦੀਵਾ ਨਹੀਂ ਜਗਿਆ। ਘਰ ਦੇ ਇੱਕ ਕੋਨੇ ਵਿੱਚ ਘਾਹ ਉੱਗਿਆ ਹੋਇਆ ਅਤੇ ਕਾਫੀ ਕੂੜਾ ਖਿੱਲਰਿਆ ਪਿਆ ਹੈ। ਛੱਤਾਂ ਬਦਲਣ ਕਾਰਨ ਪੁਰਾਣੀਆਂ ਇੱਟਾਂ ਵੀ ਖਿਲਰੀਆਂ ਪਈਆਂ ਸਨ ਅਤੇ ਚਾਰੇ ਪਾਸੇ ਬੇਰੌਣਕ ਬਣੀ ਹੋਈ ਸੀ। ਘਰ ਨੂੰ ਸਫੈਦੀ ਕੀਤਿਆਂ ਤਾਂ ਇੱਕ ਜੁੱਗ ਹੀ ਬੀਤ ਗਿਆ ਹੈ। ਪ੍ਰੋਫੈਸਰ ਭੁੱਲਰ ਦੀ ਮਾਂ ਪੁੱਤ ਦੀ ਰਿਹਾਈ ਨੂੰ ਉਡੀਕਦਿਆਂ ਇਸ ਫਾਨੀ ਜਹਾਨ ਨੂੰ ਅਲਵਿਦਾ ਆਖ ਗਈ ਹੈ। ਹੁਣ ਜਦੋਂ ਪ੍ਰੋਫੈਸਰ ਭੁੱਲਰ ਨੂੰ ਸਿਹਤ ਸਬੰਧੀ ਸਮੱਸਿਆਵਾਂ ਨੂੰ ਲੈਕੇ ਰਿਹਾਅ ਕਰਨ ਦੀ ਮੰਗ ਉੱਠੀ ਹੈ ਤਾਂ ਇਸ ਘਰ ਦੀਆਂ ਉਦਾਸ ਕੰਧਾਂ ਵਿੱਚ ਜਾਨ ਪੈਂਦੀ ਨਜ਼ਰ ਆਈ ਹੈ। ਚਚੇਰਾ ਭਰਾ ਮੁਖਤਿਆਰ ਸਿੰਘ ਭੁੱਲਰ ਆਖਦਾ ਹੈ ਕਿ ਪ੍ਰੋਫੈਸਰ ਭੁੱਲਰ ਦਾ ਮਾਨਸਿਕ ਤਵਾਜ਼ਨ ਠੀਕ ਨਹੀਂ ਇਸ ਲਈ ਸਰਕਾਰ ਰਿਹਾਅ ਕਰ ਦੇਵੇ ਤਾਂ ਇਹੋ ਚੰਗਾ ਹੈ।

ਪਿੰਡ ਦਿਆਲਪੁਰਾ ਦੇ ਲੋਕ ਦੱਸਦੇ ਹਨ ਕਿ ਕਰੀਬ 45 ਸਾਲ ਪਹਿਲਾਂ ਪ੍ਰੋਫੈਸਰ ਭੁੱਲਰ ਦੇ ਬਲਵੰਤ ਸਿੰਘ ਨੇ ਪੱਟੀ ਤੋਂ ਆ ਕੇ ਇੱਥੇ ਆਪਣਾ ਘਰ ਬਣਾਇਆ ਸੀ। ਬਲਵੰਤ ਸਿੰਘ ਖੁਦ ਸਰਕਾਰੀ ਮੁਲਾਜ਼ਮ ਸੀ ਤੇ ਉਸ ਦੀ ਪਤਨੀ ਉਪਕਾਰ ਕੌਰ ਵੀ। ਘਰ ਬਣ ਗਿਆ , ਰੌਣਕਾਂ ਆ ਗਈਆਂ ਅਤੇ ਪੁੱਤਰਾਂ ਦੇ ਹਾਸਿਆਂ ਨੇ ਤਾਂ ਇੱਕ ਤਰਾਂ ਨਾਲ ਘਰ ਵਿੱਚ ਰੂਹ ਭਰ ਦਿੱਤੀ। ਪਤਾ ਲੱਗਿਆ ਹੈ ਕਿ ਜਦੋਂ ਪੁਲਿਸ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੀ ਤਲਾਸ਼ ਕਰ ਰਹੀ ਸੀ ਤਾਂ ਇਸ ਦੌਰਾਨ ਉਸਦੇ ਪਿਤਾ ਬਲਵੰਤ ਸਿੰਘ ਨੂੰ ਚੁੱਕ ਲਿਆ ਜਿਸ ਦਾ ਹੁਣ ਤੱਕ ਕੋਈ ਥਹੁ ਪਤਾ ਨਹੀਂ ਲੱਗ ਸਕਿਆ ਹੈ। ਗੁਰਸਿੱਖ ਬਲਵੰਤ ਸਿੰਘ ਦਾ ਰਸਦਾ ਵਸਦਾ ਪ੍ਰੀਵਾਰ ਇਸ ਤਰ੍ਹਾਂ ਖੇਰੂੰ ਖੇਰੂੰ ਹੋ ਜਾਏਗਾ , ਇਸਦਾ ਖੁਦ ਉਸ ਨੂੰ ਵੀ ਇਲਮ ਨਹੀਂ ਸੀ। ਭੁੱਲਰ ਪ੍ਰੀਵਾਰ ਦੀ ਕਰੀਬ 15 ਏਕੜ ਜ਼ਮੀਨ ਵੀ ਨਾਲ ਹੀ ਹੈ ਜੋ ਠੇਕੇ ਤੇ ਦਿੱਤੀ ਜਾਂਦੀ ਹੈ।
ਦਿੱਲੀ ਦੀ ਮੁੱਖ ਮੰਤਰੀ ਨੂੰ ਪੱਤਰ
ਗੌਰਤਲਬ ਹੈ ਕਿ ਭਾਜਪਾ ਦੇ ਕੌਮੀ ਬੁਲਾਰੇ ਆਰ ਪੀ ਸਿੰਘ ਜੋ ਦਿੱਲੀ ਤੋਂ ਸਾਬਕਾ ਵਿਧਾਇਕ ਵੀ ਹਨ, ਨੇ ਦਿੱਲੀ ਦੀ ਮੁੱਖ ਮੰਤਰੀ ਨੂੰ ਇੱਕ ਪੱਤਰ ਰਾਹੀਂ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਮਾਮਲੇ ’ਤੇ ਮੁੜ ਤੋਂ ਹਮਦਰਦੀ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਆਰ ਪੀ ਸਿੰਘ ਅਨੁਸਾਰ ਇਹ ਮਾਮਲਾ ਬਾਕੀ ਬੰਦੀ ਸਿੱਖਾਂ ਨਾਲੋਂ ਵੱਖਰਾ ਹੈ ਕਿਉਂਕਿ ਪ੍ਰੋਫੈਸਰ ਭੁੱਲਰ ਪਿਛਲੇ 14 ਸਾਲਾਂ ਤੋਂ ਭੁੱਲਣ ਦੀ ਇੱਕ ਬਿਮਾਰੀ ਨਾਲ ਪੀੜਤ ਹੈ ਜਿਸ ਦੇ ਚਲਦਿਆਂ ਉਹ ਖੁਦ ਨੂੰ ਪਛਾਨਣ ਤੋਂ ਵੀ ਅਸਮਰੱਥ ਹੈ।
ਰਿਹਾਈ ਦੀ ਮੰਗ ਤੇਜ ਹੋਈ
ਇਕੱਲਾ ਪਿੰਡ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਵਸਦੇ ਪੰਥਕ ਸੋਚ ਵਾਲੇ ਲੋਕ ਚਾਹੁੰਦੇ ਹਨ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਰਿਹਾਅ ਹੋਵੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪ੍ਰੋਫੈਸਰ ਭੁੱਲਰ ਸਮੇਤ ਸ਼ਜਾਵਾਂ ਪੂਰੀਆਂ ਕਰਨ ਵਾਲੇ ਸਮੂਹ ਸਿੱਖ ਬੰਦੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਲੰਮੇਂ ਸਮੇਂ ਤੋਂ ਇਹ ਮੰਗ ਕਰਦੀ ਆ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੀਆਂ ਕਈ ਸਿਆਸੀ ਧਿਰਾਂ ਤੇ ਜਨਤਕ ਜੱਥੇਬੰਦੀਆਂ ਵੀ ਸਜ਼ਾ ਪੂਰੀ ਕਰ ਚੁੱਕੇ ਹਰ ਪ੍ਰਕਾਰ ਦੇ ਬੰਦੀਆਂ ਨੂੰ ਛੱਡਣ ਦੀ ਮੰਗ ਕਰਦੀਆਂ ਆ ਰਹੀਆਂ ਹਨ।