Babushahi Special ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ : ਅੱਗ ਲੱਗਣ ’ਤੇ ਲੋਕ ਹੁਣ ਨਹੀਂ ਪੁੱਛਣਗੇ ਮਸ਼ਕਾਂ ਦਾ ਭਾਅ
ਅਸ਼ੋਕ ਵਰਮਾ
ਬਠਿੰਡਾ , 7 ਅਪ੍ਰੈਲ 2026 : ਜਦੋਂ ਸਰਕਾਰਾਂ ਨੇ ਨਾਂ ਸੁਣੀ ਤਾਂ ਭਗਤਾ ਭਾਈ ਵਾਸੀਆਂ ਨੇ ਆਪਣੀਆਂ ਫਸਲਾਂ ਅਤੇ ਕੀਮਤੀ ਸਮਾਨ ਬਚਾਉਣ ਲਈ ਆਪਣਾ ਫਾਇਰ ਬ੍ਰਿਗੇਡ ਹੀ ਬਣਾ ਲਿਆ ਹੈ। ਹੁਣ ਕਿਧਰੇ ਵੀ ਅੱਗ ਲੱਗਣ ਦੀ ਘਟਨਾ ਵਾਪਰੀ ਤਾਂ ਭੂਤਾਂ ਵਾਲਾ ਖੂਹ ਕਮੇਟੀ ਦੇ ਵਲੰਟੀਅਰ ਲੋਕਾਂ ਦੇ ਮੋਢੇ ਨਾਲ ਮੋਢਾ ਜੋੜਕੇ ਉਸ ਨੂੰ ਬੁਝਾਉਣਗੇ । ਕਮੇਟੀ ਵੱਲੋਂ ਪਿੰਡ ਦੇ ਦਾਨੀਆਂ ਅਤੇ ਵਿਦੇਸ਼ੀਂ ਵੱਸਦੇ ਭਰਾਵਾਂ ਦੇ ਸਹਿਯੋਗ ਨਾਲ ਤਿਆਰ ਕਰਵਾਏ ਫਾਇਰ ਬ੍ਰਿਗੇਡ ’ਤੇ 12 ਲੱਖ ਰੁਪਏ ਦੀ ਲਾਗਤ ਆਈ ਹੈ। ਫਾਇਰ ਟੈਂਡਰ ਦੀ ਟੈਂਕੀ ਵਿੱਚ ਪਾਣੀ ਸਟੋਰ ਕਰਨ ਦੀ ਸਮਰੱਥਾ 10 ਹਜ਼ਾਰ ਲਿਟਰ ਹੈ। ਤਕਰਬੀਨ 7 ਤੋਂ 10 ਕਿਲੋਮੀਟਰ ਦੇ ਦਾਇਰੇ ’ਚ ਅੱਗ ਲੱਗਣ ਦੀਆਂ ਘਟਨਾ ਸਮੇਂ ਇਹ ਫਾਇਰ ਟੈਂਡਰ ਲੋੜਵੰਦ ਲੋਕਾਂ ਦੀ ਸਹਾਇਤਾ ਕਰ ਸਕਦਾ ਹੈ। ਕਮੇਟੀ ਮੈਂਬਰ ਸੁਖਚੈਨ ਸਿੰਘ ਮੁਤਾਬਕ ਵੱਡੀ ਗੱਲ ਇਹ ਹੈ ਕਿ ਫਾਇਰ ਟੈਂਡਰ ’ਚ ਇੱਕ ਵੱਖਰਾ ਇੰਜਣ ਲਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਨਾਲ ਅੱਗ ’ਤੇ ਪਾਣੀ ਪਾਉਣਾ ਸੌਖਾਲਾ ਰਹਿੰਦਾ ਹੈ ਅਤੇ ਜਲਦੀ ਅੱਗ ਬੁਝਾਉਣ ਤੋਂ ਇਲਾਵਾ ਲਪਟਾਂ ਫੈਲਣ ਤੋਂ ਰੋਕਣ ’ਚ ਸਹਾਇਤਾ ਮਿਲਦੀ ਹੈ ਅਤੇ ਮੈਨ ਪਾਵਰ ਦੀ ਲੋੜ ਵੀ ਘਟਦੀ ਹੈ। ਹਰ ਸਾਲ ਜਦੋਂ ਵੀ ਕਣਕ ਦੀ ਕਟਾਈ ਦਾ ਸੀਜ਼ਨ ਆਉਂਦਾ ਹੈ ਤਾਂ ਅਕਸਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਸ ਨੂੰ ਦੇਖਕੇ ਸ਼ਹਿਰ ’ਚ ਫਾਇਰ ਬ੍ਰਿਗੇਡ ਦੀ ਜਰੂਰਤ ਮਹਿਸੂਸ ਕੀਤੀ ਜਾ ਰਹੀ ਸੀ। ਕਾਫੀ ਸਮਾਂ ਪਹਿਲਾਂ ਪੰਜਾਬ ਸਰਕਾਰ ਨੇ ਰਾਮਪੁਰਾ ਹਲਕੇ ’ਚ ਸਰਕਾਰੀ ਤੌਰ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੰਡੀਆਂ ਸਨ ਪਰ ਉਦੋਂ ਵੀ ਭਗਤਾ ਭਾਈ ਕੰਨੀ ਦੇ ਕਿਆਰੇ ਵਾਂਗ ਸੁੱਕਾ ਰਹਿ ਗਿਆ ਸੀ। ਭੂਤਾਂ ਵਾਲਾ ਕਮੇਟੀ ਦੇ ਜਜਬੇ ਨੇ ਅਜਿਹੀ ਉਡਾਣ ਭਰੀ ਤਾਂ ਪਿੰਡ ਵਾਸੀਆਂ ਦਾ ਹੌਂਸਲਾ ਬੱਝ ਗਿਆ। ਰਹਿੰਦੀ ਕਸਰ ਵਿਦੇਸ਼ਾਂ ’ਚ ਵਸਦੇ ਭਰਾਵਾਂ ਨੇ ਕੱਢ ਦਿੱਤੀ ਜਿੰਨ੍ਹਾਂ ਦੇ ਦਸਵੰਧ ਨੇ ਫਾਇਰ ਬ੍ਰਿਗੇਡ ਯੋਜਨਾ ਨੂੰ ਭਾਗ ਲਾ ਦਿੱਤੇ।
ਹੁਣ ਇਹ ਗੱਡੀ ਲੋਕ ਸੇਵਾ ਲਈ ਤਿਆਰ ਬਰ ਤਿਆਰ ਹੈ ਜਿਸ ਨੇ ਉੱਦਮ ਅੱਗੇ ਲੱਛਮੀ ਤੇ ਪੱਖੇ ਅੱਗੇ ਪੌਣ ਨੂੰ ਸਾਰਥਿਕ ਸਿੱਧ ਕੀਤਾ ਹੈ। ਭੂਤਾਂ ਵਾਲਾ ਖੂਹ ਕਮੇਟੀ ਵੱਲੋਂ ਅੱਗ ਲੱਗਣ ਦੀ ਘਟਨਾ ਸਮੇਂ ਸੰਪਰਕ ਕਰਨ ਲਈ 78146-73300 ਅਤੇ 98155-02420 ਮੋਬਾਇਲ ਨੰਬਰ ਵੀ ਜਾਰੀ ਕੀਤੇ ਗਏ ਹਨ। ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਹ ਗੱਡੀ ਪਿੰਡ ਵਾਸੀਆਂ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਸੁਖਜਿੰਦਰ ਸਿੰਘ ਖਾਨਦਾਨ, ਸੁਖਚੈਨ ਸਿੰਘ, ਦਰਸ਼ਨ ਸਿੰਘ ਵੜਿੰਗ, ਸਤਵਿੰਦਰ ਪਾਲ ਸਿੰਘ , ਰਾਮ ਸਿੰਘ ਅਤੇ ਵਿੱਕੀ ਸਿੱਧੂ ਦਾ ਕਹਿਣਾ ਸੀ ਕਿ ਅੱਗ ਲੱਗਣ ਮੌਕੇ ਸਮੇਂ ਸਿਰ ਸਹਾਇਤਾ ਨਾ ਮਿਲਣ ਕਾਰਨ ਭਾਰੀ ਨੁਕਸਾਨ ਹੋ ਜਾਂਦਾ ਸੀ ਜਿਸ ਕਰਕੇ ਇਸ ਪਹਿਲਕਦਮੀ ਦਾ ਮੁੱਢ ਬੱਝਿਆ ਹੈ। ਉਨ੍ਹਾਂ ਕਿਹਾ ਕਿ ਇਸ ਫਾਇਰ ਟੈਂਡਰ ਨਾਲ ਭਗਤਾ ਭਾਈ ਅਤੇ ਲਾਗਲੇ ਇਲਾਕਿਆਂ ’ਚ ਅੱਗ ਲੱਗਣ ਦੀ ਘਟਨਾ ਵਾਪਰਨ ਦੀ ਸੂਰਤ ਵਿੱਚ ਫੌਰੀ ਤੌਰ ’ਤੇ ਸਹਾਇਤਾ ਮੁਹੱਈਆ ਕਰਵਾਈ ਜਾ ਸਕੇਗੀ।
ਉਨ੍ਹਾਂ ਇਸ ਮੌਕੇ ਦਾਨੀ ਸੱਜਣਾਂ ਅਤੇ ਪ੍ਰਵਾਸੀ ਭਾਰਤੀਆਂ ਦਾ ਧੰਨਵਾਦ ਕੀਤਾ ਹੈ ਜਿੰਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਇਹ ਮਹੱਤਵਪੂਰਨ ਕਾਰਜ ਨੇਪਰੇ ਚੜ੍ਹਨਾ ਮੁਸ਼ਕਿਲ ਸੀ। ਦੱਸਣਯੋਗ ਹੈ ਕਿ ਭਗਤਾ ਭਾਈ ਇਲਾਕੇ ’ਚ ਹਰ ਸਾਲ ਕਿਸੇ ਨਾਂ ਕਿਸੇ ਪਿੰਡ ’ਚ ਕਣਕ ਦੀ ਖੜ੍ਹੀ ਫਸਲ ਨੂੰ ਅੱਗ ਲੱਗ ਜਾਂਦੀ ਸੀ। ਅਜਿਹੇ ਹਾਲਾਤਾਂ ਦੌਰਾਨ ਰਾਮਪੁਰਾ ਜਾਂ ਬਠਿੰਡਾ ਤੇ ਆਉਂਦੇ ਅੱਗ ਬੁਝਾਊ ਦਸਤਿਆਂ ਨੂੰ ਕਾਫੀ ਸਮਾਂ ਲੱਗ ਜਾਂਦਾ ਸੀ। ਇੰਨ੍ਹਾਂ ਤੱਥਾਂ ਨੂੰ ਦੇਖਦਿਆਂ ਕਈ ਸਾਲ ਪਹਿਲਾਂ ਜਦੋਂ ਭਗਤਾ ਭਾਈ ’ਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਤਾਂ ਫਾਇਰ ਬ੍ਰਿਗੇਡ ਦੀ ਜਰੂਰਤ ਮਹਿਸੂਸ ਕੀਤੀ ਜਾ ਰਹੀ ਸੀ। ਇਸ ਮੌਕੇ ਟਰੈਕਟਰ ਨਾਲ ਚੱਲਣ ਵਾਲੀ ਇੱਕ ਟੈਂਕੀ ਬਣਾਈ ਗਈ ਸੀ ਜੋ ਸਹਾਇਤਾ ਤਾਂ ਕਰਦੀ ਸੀ ਪਰ ਕਈ ਵਾਰ ਪਾਣੀ ਨਾਕਾਫੀ ਸਾਬਤ ਹੁੰਦਾ ਸੀ। ਹੁਣ ਜਦੋਂ ਪਿੰਡ ਦੇ ਦਾਨੀ ਪੁਰਸ਼ ਅਤੇ ਐਨਆਰਆਈ ਇੱਕ ਮੋਰੀ ਨਿਕਲ ਗਏ ਤਾਂ ਇਹ ਨਿਵੇਕਲਾ ਫਾਇਰ ਬ੍ਰਿਗੇਡ ਹੋਂਦ ਵਿੱਚ ਆਇਆ ਹੈ।
ਦੱਸਣਯੋਗ ਹੈ ਕਿ ਭਗਤਾ ਭਾਈ ਇਲਾਕੇ ’ਚ ਪਿਛਲੇ ਵਕਤ ਦੌਰਾਨ ਕਣਕ ਨੂੰ ਅੱਗ ਲੱਗਣ ਦੀਆਂ ਕਾਫੀ ਘਟਨਾਵਾਂ ਵਾਪਰੀਆਂ ਹਨ ਜਿਸ ਨਾਲ ਕਿਸਾਨਾਂ ਨੂੰ ਲੱਖਾਂ ਦਾ ਰਗੜਾ ਲੱਗਿਆ ਸੀ। ਸ਼ਹਿਰ ਵਿੱਚ 18 ਮਈ 2021 ਨੂੰ ਇਲੈਕਟ੍ਰਾਨਿਕ ਵਸਤਾਂ ਦੀ ਦੁਕਾਨ ਨੂੰ ਅੱਗ ਲੱਗ ਗਈ ਸੀ । ਅੱਗ ਦੇ ਰੂਪ ’ਚ ਇੱਕ ਦਮ ਆਏ ਜ਼ਲਜ਼ਲੇ ਨੇ ਤਿਣਕਾ ਤਿਣਕਾ ਕਰਕੇ ਜੋੜਿਆ ਸਮਾਨ ਸਾੜਕੇ ਸੁਆਹ ਕਰ ਦਿੱਤਾ ਸੀ। ਗਨੀਮਤ ਇਹ ਰਹੀ ਕਿ ਜਾਂਬਾਜ ਨੌਜਵਾਨਾਂ ਨੇ ਜਾਨ ਦੀ ਪ੍ਰਵਾਹ ਨਾਂ ਕਰਦਿਆਂ ਪ੍ਰੀਵਾਰ ਸੁਰੱਖਿਅਤ ਬਾਹਰ ਕੱਢ ਲਿਆ ਸੀ। ਅਜੇ ਇਸ ਤਾਂਡਵ ਦਾ ਅਫਸੋਸ ਹੀ ਮਨਾਇਆ ਜਾ ਰਿਹਾ ਸੀ ਕਿ ਅਗਲੇ ਦਿਨ 19 ਮਈ ਨੂੰ ਅੱਗ ਨੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਤਬਾਹ ਕਰ ਦਿੱਤੀ । ਏਦਾਂ ਹੀ 28 ਅਪਰੈਲ 2022 ਨੂੰ ਬੱਸ ਅੱਡੇ ’ਚ ਲੱਗੀ ਅੱਗ ਨੇ ਤਿੰਨ ਬੱਸਾਂ ਤਬਾਹ ਕਰ ਦਿੱਤੀਆਂ ਸਨ ਜਦੋਂਕਿ ਬੱਸ ਅੰਦਰ ਸੁੱਤੇ ਕੰਡਕਟਰ ਦੀ ਮੌਤ ਹੋ ਗਈ ਸੀ।
ਲੋਕ ਤਾਕਤ ਦਾ ਕ੍ਰਿਸ਼ਮਾ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਸਰਕਾਰਾਂ ਤੋਂ ਨਾਂ ਝਾਕ ਕਰੋ ਆਪਣੀ ਰਾਖੀ ਆਪ ਕਰੋ ਤਹਿਤ ਇਹ ਲੋਕ ਤਾਕਤ ਦਾ ਕ੍ਰਿਸ਼ਮਾ ਹੈ। ਉਨ੍ਹਾਂ ਕਿਹਾ ਕਿ ਭਗਤਾ ਭਾਈ ਰਾਹ ਦਸੇਰਾ ਬਣਿਆ ਹੈ ਉਮੀਦ ਹੈ ਕਿ ਹੁਣ ਇੰਨ੍ਹਾਂ ਪੂਰਨਿਆਂ ’ਤੇ ਹੋਰ ਵੀ ਪਿੰਡ ਚੱਲਣਗੇ।
Click to Follow Babushahi Facebook page →