ਨਵਜੋਤ ਕੌਰ ਸਿੱਧੂ ਨੇ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ; ਅੰਮ੍ਰਿਤਸਰ ਦੇ ਵਿਕਾਸ ਲਈ ਸੌਂਪਿਆ ਮੰਗ ਪੱਤਰ
ਰਵੀ ਜੱਖੂ
ਨਵੀਂ ਦਿੱਲੀ/ਅੰਮ੍ਰਿਤਸਰ, 25 ਦਸੰਬਰ 2025: ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਕਾਂਗਰਸ ਪਾਰਟੀ ਵਿੱਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਸਾਬਕਾ ਵਿਧਾਇਕਾ ਮੈਡਮ ਨਵਜੋਤ ਕੌਰ ਸਿੱਧੂ ਨੇ ਅੱਜ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਸ਼ਹਿਰ ਨਾਲ ਸਬੰਧਤ ਅਹਿਮ ਮੁੱਦੇ ਚੁੱਕੇ।
ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਅਤੇ ਹਾਈਵੇਜ਼ ਦੀ ਖ਼ਸਤਾ ਹਾਲਤ ਅਤੇ ਅਧੂਰੇ ਪਏ ਕੰਮਾਂ ਨੂੰ ਲੈ ਕੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਮੰਗ ਪੱਤਰ ਸੌਂਪਿਆ। ਇਸ ਪੱਤਰ ਰਾਹੀਂ ਉਨ੍ਹਾਂ ਨੇ ਸ਼ਹਿਰ ਵਿੱਚ ਲਟਕ ਰਹੇ ਵਿਕਾਸ ਕਾਰਜਾਂ ਅਤੇ ਟ੍ਰੈਫਿਕ ਦੀਆਂ ਗੰਭੀਰ ਸਮੱਸਿਆਵਾਂ ਵੱਲ ਕੇਂਦਰ ਸਰਕਾਰ ਦਾ ਨਿੱਜੀ ਧਿਆਨ ਦਿਵਾਉਣ ਦੀ ਮੰਗ ਕੀਤੀ ਹੈ।
ਡਾ. ਸਿੱਧੂ ਨੇ ਆਪਣੇ ਪੱਤਰ ਵਿੱਚ ਮੁੱਖ ਤੌਰ 'ਤੇ ਅੰਮ੍ਰਿਤਸਰ ਦੇ ਦੋ ਵੱਡੇ ਪ੍ਰੋਜੈਕਟਾਂ ਵਿੱਚ ਆ ਰਹੀਆਂ ਦਿੱਕਤਾਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਐਵੇਨਿਊ-ਲੋਹਾਰਕਾ ਬਾਈਪਾਸ ਅਜੇ ਵੀ ਅਧੂਰਾ ਪਿਆ ਹੈ। ਅੰਮ੍ਰਿਤਸਰ ਪੂਰਬੀ ਹਲਕੇ ਵਿੱਚ ਪੈਂਦੇ ਵੱਲਾ ਬਾਈਪਾਸ ਬਾਰੇ ਉਨ੍ਹਾਂ ਕਿਹਾ ਕਿ ਇੱਥੇ ਕੰਮ ਦੀ ਰਫ਼ਤਾਰ ਬਹੁਤ ਸੁਸਤ ਹੈ ਅਤੇ ਗੁਣਵੱਤਾ ਬਹੁਤ ਮਾੜੀ ਹੈ। ਸੜਕ ਦੇ ਕਿਨਾਰਿਆਂ 'ਤੇ ਲੱਗੀਆਂ ਟਾਈਲਾਂ ਉੱਖੜ ਰਹੀਆਂ ਹਨ ਅਤੇ ਦਰਾਰਾਂ ਵਿੱਚ ਬੂਟੇ ਉੱਗ ਆਏ ਹਨ।
ਏਅਰਪੋਰਟ ਰੋਡ 'ਤੇ VIP ਮੂਵਮੈਂਟ ਅਤੇ ਟ੍ਰੈਫਿਕ ਦੀ ਸਮੱਸਿਆ ਸਬੰਧੀ ਪੱਤਰ ਵਿੱਚ ਹਵਾਈ ਅੱਡੇ ਨੂੰ ਜਾਣ ਵਾਲੇ ਰਸਤੇ 'ਤੇ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਗੱਲ ਕੀਤੀ ਗਈ ਹੈ। ਹਵਾਈ ਅੱਡੇ ਤੋਂ ਸ਼ਹਿਰ ਨੂੰ ਜੋੜਨ ਵਾਲੇ ਮੁੱਖ ਹਾਈਵੇਅ 'ਤੇ VIP ਮੂਵਮੈਂਟ ਕਾਰਨ ਅਕਸਰ ਜਾਮ ਲੱਗ ਜਾਂਦਾ ਹੈ, ਜਿਸ ਕਰਕੇ ਕਈ ਲੋਕ ਆਪਣੀਆਂ ਫਲਾਈਟਾਂ ਮਿਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡਾ ਅੱਧੇ ਪੰਜਾਬ ਲਈ ਇੱਕ ਜੀਵਨ ਰੇਖਾ (Lifeline) ਹੈ, ਇਸ ਲਈ ਇੱਥੇ ਬਦਲਵੇਂ ਰਸਤੇ ਅਤੇ ਬਿਹਤਰ ਕਨੈਕਟੀਵਿਟੀ ਦੀ ਸਖ਼ਤ ਲੋੜ ਹੈ।
ਡਾ. ਨਵਜੋਤ ਕੌਰ ਸਿੱਧੂ ਨੇ ਨਿਤਿਨ ਗਡਕਰੀ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਵਿਕਾਸ ਕਾਰਜਾਂ ਵਿੱਚ ਹੋਈ ਦੇਰੀ ਅਤੇ ਕੰਮ ਵਿੱਚ ਰਹੀਆਂ ਖ਼ਾਮੀਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਅੰਮ੍ਰਿਤਸਰ ਦੀ ਧਾਰਮਿਕ ਮਹੱਤਤਾ ਅਤੇ ਰੋਜ਼ਾਨਾ ਆਉਣ ਵਾਲੇ ਲਗਭਗ 1 ਲੱਖ ਸ਼ਰਧਾਲੂਆਂ ਦੀ ਸਹੂਲਤ ਲਈ ਇਹਨਾਂ ਕੰਮਾਂ ਨੂੰ ਜੰਗੀ ਪੱਧਰ 'ਤੇ ਪੂਰਾ ਕੀਤਾ ਜਾਵੇ।
ਦੂਜੇ ਪਾਸੇ ਨਵਜੋਤ ਕੌਰ ਸਿੱਧੂ ਦੀ ਇਸ ਮੁਲਾਕਾਤ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿੱਚੋਂ ਮੁਅੱਤਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਸਿਆਸੀ ਤੌਰ 'ਤੇ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਕੇਂਦਰੀ ਮੰਤਰੀ ਨਾਲ ਇਸ ਮੁਲਾਕਾਤ ਨੂੰ ਉਨ੍ਹਾਂ ਦੇ ਅਗਲੇ ਸਿਆਸੀ ਕਦਮ ਵਜੋਂ ਦੇਖਿਆ ਜਾ ਰਿਹਾ ਹੈ।