AAP ਆਗੂ 'ਤੇ ਗੋਲੀਬਾਰੀ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਵਲੋਂ ਕੀਤੀ ਗਈ ਕਾਇਰਤਾਪੂਰਨ ਕਾਰਵਾਈ: ਪੰਨੂ
*'ਆਪ' ਸਰਕਾਰ ਦੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਫੈਸਲਾਕੁੰਨ ਮੁਹਿੰਮ ਤੋਂ ਬੌਖਲਾਏ ਗੈਂਗਸਟਰ:ਪੰਨੂ*
*ਮਾਨ ਸਰਕਾਰ ਇੱਕ ਸਾਫ਼-ਸੁਥਰੀ ਸਰਕਾਰ ਚਲਾ ਰਹੀ, ਇੱਥੇ ਗੁੰਡਾਗਰਦੀ ਲਈ ਕੋਈ ਥਾਂ ਨਹੀਂ ਹੈ: ਕੁਲਦੀਪ ਧਾਲੀਵਾਲ*
*ਆਪ ਸਰਕਾਰ ਦੀ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਲੜਾਈ ਜਾਰੀ ਰਹੇਗੀ: ਧਾਲੀਵਾਲ*
ਚੰਡੀਗੜ੍ਹ/ਫਗਵਾੜਾ, 27 ਨਵੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਅੱਜ 'ਆਪ' ਨੇਤਾ ਰਾਜੂ ਨੂੰ ਫਗਵਾੜਾ ਵਿਖੇ ਉਨ੍ਹਾਂ ਦੇ ਘਰ ਮਿਲਣ ਪਹੁੰਚੇ, ਜਿੱਥੇ ਉਨ੍ਹਾਂ 'ਤੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਗੋਲੀਬਾਰੀ ਕੀਤੀ।
ਆਪ ਆਗੂ ਨੂੰ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਪਨੂੰ ਨੇ ਇਸ ਗੋਲੀਬਾਰੀ ਦੀ ਘਟਨਾ ਨੂੰ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਵਲੋਂ ਕੀਤੀ ਗਈ ਕਾਇਰਤਾਪੂਰਨ ਕਾਰਵਾਈ ਦੱਸਿਆ ਜੋ 'ਆਪ' ਸਰਕਾਰ ਦੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਫੈਸਲਾਕੁੰਨ ਮੁਹਿੰਮ ਤੋਂ ਬੌਖਲਾਏ ਹੋਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਆਪ ਆਗੂ ਰਾਜੂ ਨਸ਼ਾ ਮੁਕਤੀ ਮੋਰਚੇ ਦੇ ਸਰਗਰਮ ਮੈਂਬਰ ਹਨ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਡਰਣ ਵਾਲੇ ਨਹੀਂ ਹਨ।
ਪੰਨੂ ਨੇ ਕਿਹਾ ਕਿ ਇਹ ਗੋਲੀਬਾਰੀ ਨਸ਼ਾ ਤਸਕਰਾਂ ਦੀ ਨਿਰਾਸ਼ਾ ਦਾ ਨਤੀਜਾ ਹੈ ਜੋ 'ਆਪ' ਸਰਕਾਰ ਦੀ ਸਖ਼ਤੀ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ। ਉਨ੍ਹਾਂ ਦਾ ਇਰਾਦਾ ਸਾਡੇ ਵਰਕਰਾਂ ਨੂੰ ਡਰਾਉਣਾ ਹੈ, ਪਰ ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰੋਗੇ, ਤਾਂ ਅਸੀਂ ਦੁੱਗਣੀ ਤਾਕਤ ਅਤੇ ਗਤੀ ਨਾਲ ਪੰਜਾਬ ਤੋਂ ਗੈਂਗਸਟਰਾਂ ਨੂੰ ਖਤਮ ਕਰ ਦੇਵਾਂਗੇ।ਉਨ੍ਹਾਂ ਦੁਹਰਾਇਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ 'ਆਪ' ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਨੂੰ ਸਪੱਸ਼ਟ ਤੌਰ 'ਤੇ ਹਦਾਇਤ ਕੀਤੀ ਹੈ ਕਿ ਉਹ ਜਾਂ ਤਾਂ ਆਤਮਸਮਰਪਣ ਕਰ ਦੇਣ ਜਾਂ ਪੰਜਾਬ ਛੱਡ ਦੇਣ। ਅੱਜ ਪੰਜਾਬ ਦੀ ਵਾਗਡੋਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਦੇ ਸੁਰੱਖਿਅਤ ਹੱਥਾਂ ਵਿੱਚ ਹੈ।
ਇਸ ਦੌਰਾਨ ਵਿਧਾਇਕ ਅਤੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਨਾ ਤਾਂ ਗੈਂਗਸਟਰਾਂ ਨੂੰ ਰਾਜਨੀਤਿਕ ਸੁਰੱਖਿਆ ਪ੍ਰਦਾਨ ਕਰਦੇ ਹਾਂ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਟਿਕਟਾਂ ਦਿੰਦੇ ਹਾਂ। ਮਾਨ ਸਰਕਾਰ ਇੱਕ ਸਾਫ਼-ਸੁਥਰੀ ਸਰਕਾਰ ਚਲਾ ਰਹੀ ਹੈ ਅਤੇ ਇੱਥੇ ਗੁੰਡਾਗਰਦੀ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਾਂਚ ਰਿਪੋਰਟ ਜਲਦੀ ਹੀ ਜਨਤਕ ਕੀਤੀ ਜਾਵੇਗੀ।
ਗੈਂਗਸਟਰਾਂ ਨੂੰ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਆਪਣੀ ਲੜਾਈ ਤੋਂ ਪਿੱਛੇ ਨਹੀਂ ਹਟੇਗੀ। ਇਹ ਲੜਾਈ ਪੰਜਾਬ ਦੀ ਅਗਲੀ ਪੀੜ੍ਹੀ ਦੀ ਰੱਖਿਆ ਲਈ ਹੈ।