ਹਰੇਕ ਕਿਸਾਨ ਲਈ ਫਾਰਮਰ ਰਜਿਸਟਰੀ ਲਾਜ਼ਮੀ, ਬਿਨਾਂ ਦੇਰੀ ਰਜਿਸਟਰੇਸ਼ਨ ਕਰਵਾਉਣ ਕਿਸਾਨ: ਡਾ. ਸ਼ਾਹਬਾਜ ਸਿੰਘ ਚੀਮਾ
ਰੋਹਿਤ ਗੁਪਤਾ
ਗੁਰਦਾਸਪੁਰ, 26 ਜੂਨ
ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਪ੍ਰਮਾਣਿਤ ਡਾਟਾਬੇਸ ਤਿਆਰ ਕਰਨ ਲਈ ਚਲਾਈ ਜਾ ਰਹੀ ਫਾਰਮਰ ਰਜਿਸਟਰੀ ਮੁਹਿੰਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਸ਼ਾਹਬਾਜ ਸਿੰਘ ਚੀਮਾ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਆਪਣੀ ਫਾਰਮਰ ਰਜਿਸਟਰੀ ਜ਼ਰੂਰ ਕਰਵਾਉਣ, ਤਾਂ ਜੋ ਭਵਿੱਖ ਵਿੱਚ ਖੇਤੀਬਾੜੀ ਨਾਲ ਸਬੰਧਿਤ ਸਰਕਾਰੀ ਯੋਜਨਾਵਾਂ ਅਤੇ ਸਹੂਲਤਾਂ ਦਾ ਲਾਭ ਲੈਣ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।
ਡਾ. ਚੀਮਾ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹੇ ਭਰ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਨੇੜਲੇ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਰਾਹੀਂ ਮੁਫ਼ਤ ਫਾਰਮਰ ਰਜਿਸਟਰੀ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਅਜੇ ਵੀ ਕਈ ਕਿਸਾਨਾਂ ਨੇ ਆਪਣੀ ਰਜਿਸਟਰੀ ਨਹੀਂ ਕਰਵਾਈ, ਜਿਸ ਕਾਰਨ ਉਹ ਭਵਿੱਖ ਵਿੱਚ ਸਰਕਾਰੀ ਸਕੀਮਾਂ, ਵਿੱਤੀ ਸਹਾਇਤਾ, ਫਸਲੀ ਯੋਜਨਾਵਾਂ ਅਤੇ ਹੋਰ ਖੇਤੀਬਾੜੀ ਸੇਵਾਵਾਂ ਦੇ ਲਾਭ ਤੋਂ ਵਾਂਝੇ ਰਹਿ ਸਕਦੇ ਹਨ।
ਉਨ੍ਹਾਂ ਕਿਹਾ ਕਿ ਫਾਰਮਰ ਰਜਿਸਟਰੀ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਮੁਫ਼ਤ ਹੈ। ਕਿਸਾਨ ਨੂੰ ਸਿਰਫ਼ ਆਪਣਾ ਆਧਾਰ ਕਾਰਡ ਅਤੇ ਉਸ ਨਾਲ ਲਿੰਕ ਮੋਬਾਈਲ ਫ਼ੋਨ ਲੈ ਕੇ ਸੀ.ਐਸ.ਸੀ. ਕੇਂਦਰ ਜਾਣਾ ਹੋਵੇਗਾ, ਜਿੱਥੇ ਓਟੀਪੀ ਰਾਹੀਂ ਰਜਿਸਟਰੇਸ਼ਨ ਦੀ ਕਾਰਵਾਈ ਪੂਰੀ ਕੀਤੀ ਜਾਂਦੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਖੇਤੀਬਾੜੀ ਅਧਿਕਾਰੀਆਂ ਅਤੇ ਫੀਲਡ ਸਟਾਫ ਨੂੰ ਵੱਖ-ਵੱਖ ਪਿੰਡਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਪਿੰਡ ਪੱਧਰ 'ਤੇ ਕੈਂਪ ਲਗਾ ਕੇ ਵੱਧ ਤੋਂ ਵੱਧ ਕਿਸਾਨਾਂ ਦੀ ਫਾਰਮਰ ਰਜਿਸਟਰੀ ਯਕੀਨੀ ਬਣਾਈ ਜਾਵੇ, ਤਾਂ ਜੋ ਕੋਈ ਵੀ ਯੋਗ ਕਿਸਾਨ ਇਸ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ।
ਡਾ. ਚੀਮਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਖ਼ਰੀ ਸਮੇਂ ਦੀ ਉਡੀਕ ਕਰਨ ਦੀ ਬਜਾਏ ਤੁਰੰਤ ਆਪਣੀ ਫਾਰਮਰ ਰਜਿਸਟਰੀ ਕਰਵਾਉਣ ਅਤੇ ਆਪਣੇ ਆਲੇ-ਦੁਆਲੇ ਦੇ ਹੋਰ ਕਿਸਾਨਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਇਹ ਰਜਿਸਟਰੀ ਭਵਿੱਖ ਵਿੱਚ ਡਿਜ਼ੀਟਲ ਖੇਤੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਕਿਸਾਨਾਂ ਤੱਕ ਸਰਕਾਰੀ ਲਾਭ ਪਾਰਦਰਸ਼ੀ ਅਤੇ ਤੇਜ਼ੀ ਨਾਲ ਪਹੁੰਚਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ।
- Download Babushahi App
-
-