ਹਰਸਿਮਰਤ ਨੇ ਲਾਏ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਪੰਜਾਬ ਵਿੱਚ ਨਸ਼ਾ ਫੈਲਾਉਣ ਦੇ ਦੋਸ਼
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 06 ਅਕਤੂਬਰ2026: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਮਾਈ ਭਾਗੋ ਮਾਵਾਂ-ਧੀਆਂ ਦੀ ਫੌਜ ਦੀ ਸ਼ੁਰੂਆਤ ਕੀਤੀ ਜੋ ਸੂਬੇ ਭਰ ਵਿਚ ਨਸ਼ਾ ਤਸਕਰਾਂ ਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਦੀ ਪਛਾਣ ਕਰੇਗੀ ਅਤੇ ਉਹਨਾਂ ਪੰਜਾਬੀਆਂ ਨੂੰ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਔਰਤਾਂ ਵੱਲੋਂ ਪਛਾਣੇ ਗਏ ਇਹਨਾਂ ਗੁਨਾਹਗਾਰਾਂ ਦੇ ਖਿਲਾਫ ਸਖ਼ਤ ਕਾਰਵਾਈ ਕਰੇਗੀ।
ਬਠਿੰਡਾ ਦੇ ਐਮ ਪੀ ਜੋ ਮਾਈ ਭਾਗੋ ਦੀ ਧਰਤੀ (ਸ੍ਰੀ ਮੁਕਤਸਰ ਸਾਹਿਬ) ’ਤੇ ਆਪਣੀ ਨਸ਼ਾ ਵਿਰੋਧੀ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਕਰਨ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਇਸ ਪੜਾਅ ਵਿਚ ਅਸੀਂ ਔਰਤਾਂ ਨੂੰ ਸਸ਼ਕਤ ਬਣਾ ਰਹੇ ਹਾਂ ਜੋ ਤਬਦੀਲੀ ਦੀਆਂ ਸੂਤਰਧਾਰ ਬਣਨਗੀਆਂ।
ਉਹਨਾਂ ਨੇ ਇਸ ਮੌਕੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਹਰਗੋਬਿੰਦ ਕੌਰ ਤੇ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਇੰਚਾਰਜ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਨਾਲ ਮਿਲ ਕੇ ਇਕ ਫਾਰਮ ਜਾਰੀ ਕੀਤਾ ਤੇ ਦੱਸਿਆ ਕਿ ਇਹ ਸੂਬੇ ਭਰ ਵਿਚ ਵੰਡੇ ਜਾਣਗੇ। ਉਹਨਾਂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਹ ਫਾਰਮ ਭਰਨ ਜਾਂ ਜੋ ਕੋਈ ਫਾਰਮ ਨਹੀਂ ਭਰ ਸਕਦੀਆਂ, ਉਹ 8595170170 ’ਤੇ ਮਿਸਡ ਕਾਲ ਦੇ ਕੇ ਵੀ ਮੈਂਬਰ ਬਣਸਕਦੀਆਂ ਹਨ।
ਉਹਨਾਂ ਨੇ ਔਰਤਾਂ ਨੂੰ ਆਖਿਆ ਕਿ ਉਹ ਆਪਣੇ ਆਲੇ ਫਿਰਦੇ ਨਸ਼ਾ ਤਸਕਰਾਂ ਦਾ ਸਾਰਾ ਰਿਕਾਰਡ ਰੱਖਣ ਜਿਹਨਾਂ ਵਿਚ ਨਸ਼ਾ ਤਸਕਰਾਂ ਦੇ ਨਾਮ ਅਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੇ ਨਾਮ ਵੀ ਰਿਕਾਰਡ ਵਿਚ ਰੱਖਣ। ਉਹਨਾਂ ਕਿਹਾ ਕਿ ਇਹ ਫਾਰਮ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਕ ਮਹਿਲਾ ਡੀ ਜੀ ਪੀ ਦੀ ਅਗਵਾਈ ਵਾਲੀ ਨਸ਼ਾ ਵਿਰੋਧੀ ਟਾਸਕ ਫੋਰਸ ਨੂੰ ਦਿੱਤੇ ਜਾਣਗੇ ਜੋ ਦੋਸ਼ੀਆਂ ਖਿਲਾਫ ਕਾਰਵਾਈ ਕਰੇਗੀ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਵਾਸਤੇ ਉਹਨਾਂ ਨੂੰ ਹਰ ਔਰਤ ਦੇ ਸਮਰਥਨ ਦੀ ਜ਼ਰੂਰਤ ਪਵੇਗੀ। ਉਹਨਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਮਾਵਾਂ ਧੀਆਂ ਦੀ ਲਲਕਾਰ ਬੰਦ ਕਰੇਗੀ ਨਸ਼ੇ ਦਾ ਵਪਾਰ। ਉਹਨਾਂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਸਫਲ ਬਣਾਉਦ ਵਾਸਤੇ ਉਹ ਹਰ ਪਿੰਡ ਤੇ ਮੁਹੱਲੇ ਵਿਚ ਇਕ-ਇਕ ਜੱਥਾ ਬਣਾਉਣ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿੰਦੀ ਹਾਂ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਨਸ਼ਾਂ ਦੇ ਹਮੇਸ਼ਾ ਹਮੇਸ਼ਾ ਲਈ ਖ਼ਾਤਮੇ ਵਾਸਤੇ ਨਾ ਸਿਰਫ ਇਸਨੂੰ ਆਧਾਰ ਬਣਾਏਗੀ ਬਲਕਿ ਉਹ ਨਵਾਂ ਕਾਨੂੰਨ ਲਿਆ ਕੇ ਨਸ਼ਾ ਤਸਕਰਾਂ ਨੂੰ 10 ਸਾਲ ਤੱਕ ਜ਼ਮਾਨਤ ਨਾ ਮਿਲਣੀ ਯਕੀਨੀ ਬਣਾਏਗੀ।
ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਨਾ ਸਿਰਫ ਇਕਜੁੱਟ ਹੋਣਗੀਆਂ ਬਲਕਿ ਆਪਣੀਆਂ ਭਵਿੱਖੀ ਪੀੜੀਆਂ ਦੀ ਵੀ ਰਾਖੀ ਕਰਨਗੀਆਂ। ਉਹਨਾਂ ਨੇ ਮਹਿਲਾਵਾਂ ਨੂੰ ਇਸ ਕੰਮ ਦੀ ਪੂਰਤੀ ਵਾਸਤੇ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਕੰਮ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਕ ਔਰਤ ਹੋਣ ਦੇ ਨਾਅਤੇ ਉਹ ਉਹਨਾਂ ਮਾਵਾਂ ਦਾ ਦੁੱਖ ਸਮਝਦੇ ਹਨ ਜਿਹਨਾਂ ਨੇ ਆਪਣੇ ਪੁੱਤਰ ਨਸ਼ਿਆਂ ਕਾਰਨ ਗੁਆ ਲਏ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਚੇਤੇ ਰੱਖੋ ਕਿ ਜੋ ਅੱਗ ਅੱਜ ਤੁਹਾਡੇ ਗਵਾਂਢੀਆਂ ਨੂੰ ਨਿਗਲ ਰਹੀ ਹੈ, ਕੱਲ੍ਹ ਨੂੰ ਉਹ ਤੁਹਾਡੇ ਘਰਾਂ ਤੱਕ ਵੀ ਪਹੁੰਚੇਗੀ। ਉਹਨਾਂ ਕਿਹਾ ਕਿ ਅਸੀਂ ਮੂਕ ਦਰਸ਼ਕ ਬਣੇ ਨਹੀਂ ਰਹਿ ਸਕਦੇ ਤੇ ਆਪਣੇ ਘਰਾਂ ਨੂੰ ਨਸ਼ਿਆਂ ਨਾਲ ਤਬਾਹ ਹੁੰਦਾ ਨਹੀਂ ਵੇਖ ਸਕਦੇ।
ਉਹਨਾਂ ਕਿਹਾ ਕਿ ਔਰਤਾਂ ਨੂੰ 3-3 ਹਜ਼ਾਰ ਰੁਪਏ ਦੀਆਂ ਕਿਸ਼ਤਾਂ ਤੋਂ ਗੁੰਮਰਾਹ ਨਹੀਂ ਹੋਣਾ ਚਾਹੀਦਾ ਕਿਉਂਕਿ ਮੁੱਖ ਮੰਤਰੀ ਨੇ ਉਹਨਾਂ ਨੂੰ 60-60 ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ। ਉਹਨਾਂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਦੋਖੀ ਜੋ ਸਮਝਦਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਲੰਘਣਾ ਕਰ ਕੇ ਅਤੇ ਗੁਰੂ ਸਾਹਿਬਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਬੇਅਦਬੀ ਕਰ ਕੇ ਵੀ ਰਾਜ ਕਰਦਾ ਰਹਿ ਸਕਦਾ ਹੈ, ਦੇ ਰਾਜ ਨੂੰ ਖ਼ਤਮ ਕਰਨ ਵਾਸਤੇ ਇਕਜੁੱਟ ਹੋਣ। ਉਹਨਾਂ ਨੇ ਕਿਹਾ ਕਿ ਔਰਤਾਂ ਮੁੱਖ ਮੰਤਰੀ ਦਫਤਰ ਦੇ ਭ੍ਰਿਸ਼ਟਾਚਾਰ ਤੋਂ ਵੀ ਅੱਕ ਗਈਆਂ ਹਨ ਤੇ ਹੁਣ ਤਾਂ ਇਸਦੀ ਸੀ ਬੀ ਆਈ ਜਾਂਚ ਦੇ ਹੁਕਮ ਹੋ ਗਏ ਹਨ ਪਰ ਜਿਸ ਤਰੀਕੇ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਨੇ ਜ਼ਬਰ ਜਨਾਹ ਦੇ ਮੁਲਜ਼ਮਾਂ ਨੂੰ ਜੇਲ੍ਹਾਂ ਤੋਂ ਰਿਹਾਅ ਕਰਵਾਉਣ ਲਈ 5 ਕਰੋੜ ਰੁਪਏ ਵਿਚ ਸੌਦੇਬਾਜ਼ੀ ਕੀਤੀ, ਉਸ ਤੋਂ ਸਾਰੇ ਹੈਰਾਨ ਹਨ।
ਉਹਨਾਂ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਆਪ ਸਰਕਾਰ ਦੇ ਰਾਜ ਵਿਚ ਹੋਏ ਭ੍ਰਿਸ਼ਟਾਚਾਰ ਦੇ ਸਾਰੇ ਮਾਮਲਿਆਂ ਲਈ ਜਾਂਚ ਲਈ ਵਿਸ਼ੇਸ਼ ਕਮਿਸ਼ਨ ਬਣਾਇਆ ਜਾਵੇਗਾ ਅਤੇ ਸੂਬੇ ਤੋਂ ਲੁੱਟਿਆ ਗਿਆ ਪੈਸਾ ਇਸ ਪਾਰਟੀ ਅਤੇ ਇਸਦੇ ਆਗੂਆਂ ਕੋਲੋਂ ਉਗਰਾਹਿਆ ਜਾਵੇਗਾ।
ਇਸ ਮੌਕੇ ਸੀਨੀਅਰ ਆਗੂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਹਰਗੋਬਿੰਦ ਕੌਰ ਨੇ ਵੀ ਸੰਬੋਧਨ ਕੀਤਾ।
- Download Babushahi App
-
-