ਸ਼ਹੀਦਾਂ ਨੂੰ ਸਮਰਪਿਤ ਭਾਸ਼ਣ ਮੌਕੇ ਸਾਮਰਾਜੀ ਲੁੱਟ ਅਤੇ ਦਾਬੇ ਖਿਲਾਫ ਸੰਘਰਸ਼ ਤੇਜ਼ ਕਰਨ ਦਾ ਸੱਦਾ
ਅਸ਼ੋਕ ਵਰਮਾ
ਬਰਨਾਲਾ, 24 ਮਾਰਚ 2026:ਇਨਕਲਾਬੀ ਕੇਂਦਰ ਪੰਜਾਬ ਜ਼ਿਲ੍ਹਾ ਬਰਨਾਲਾ ਨੇ ਡਾਕਟਰ ਰਜਿੰਦਰ ਪਾਲ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸਮਰਪਿਤ ਯਾਦਗਾਰੀ ਭਾਸ਼ਣ ਕਰਵਾਇਆ ਜਿਸ ਦੀ ਸ਼ੁਰੂਆਤ ਨਰਿੰਦਰ ਸਿੰਗਲਾ ਅਤੇ ਬਲਦੇਵ ਮੰਡੇਰ ਵੱਲੋਂ ਪੇਸ਼ ਸ਼ਰਧਾਂਜਲੀ ਗੀਤਾਂ ਨਾਲ ਹੋਈ। ਸ਼ਹੀਦਾਂ ਨੂੰ 2 ਮਿੰਟ ਦਾ ਮੋਨ ਧਾਰ ਕੇ ਇਨਕਲਾਬ-ਜਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ ਦੇ ਨਾਹਰਿਆਂ ਨਾਲ ਸ਼ਹੀਦਾਂ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਜਮਾਤੀ ਸੰਘਰਸ਼ਾਂ ਜਾਰੀ ਰੱਖਣ ਦਾ ਅਹਿਦ ਕੀਤਾ। ਇਸ ਯਾਦਗਾਰੀ ਭਾਸ਼ਣ ਦੇ ਮੁੱਖ ਬੁਲਾਰੇ ਕਾਲਮ ਨਵੀਸ, ਨੌਜਵਾਨ ਆਗੂ ਮਨਦੀਪ ਸੱਦੋਵਾਲ ਨੇ ਆਪਣੇ ਕੁੰਜੀਵਤ ਭਾਸ਼ਣ ਰਾਹੀਂ ਸ਼ਹੀਦ ਭਗਤ ਸਿੰਘ ਦੀ ਸਾਮਰਾਜਵਾਦ ਬਾਰੇ ਦੂਰਅੰਦੇਸ਼ੀ ਵਾਲੀ ਸਮਝ, ਇੱਕ ਸਦੀ ਬਾਅਦ ਹੋਈਆਂ ਤਬਦੀਲੀਆਂ, ਅਜੋਕੀਆਂ ਮਨੁੱਖਤਾ ਮਾਰੂ ਜੰਗਾਂ ਤੇ ਸੰਸਾਰ ਹਾਲਾਤ, ਟਰੰਪ ਦੀਆਂ ਅਰਾਜਕ ਟੈਰਿਫ ਨੀਤੀਆਂ, ਨਵੀਂ ਕੌਮੀ ਸੁਰੱਖਿਆ ਰਣਨੀਤੀ,ਇਰਾਨ ਉੱਤੇ ਅਮਰੀਕੀ-ਇਜ਼ਰਾਈਲੀ ਸਾਮਰਾਜੀ ਜੰਗ, ਜੰਗ ਦਾ ਭਵਿੱਖ ਲੋਕਾਂ ਉੱਤੇ ਪੈਣ ਵਾਲੇ ਅਸਰ ਤੇ ਇਸਦੇ ਖ਼ਾਤਮੇ ਦਾ ਰਾਹ ਸਬੰਧੀ ਵਿਚਾਰ ਪੇਸ਼ ਕੀਤੇ।
ਆਪਣੇ ਭਾਸ਼ਣ ਰਾਹੀਂ ਮੌਜੂਦਾ ਸਮੇਂ ਕੌਮਾਂਤਰੀ ਪੱਧਰ ਦੀਆਂ ਚੁਣੌਤੀਆਂ, ਅਮਰੀਕਾ-ਇਜ਼ਰਾਈਲ ਗੱਠਜੋੜ ਵੱਲੋਂ ਇਰਾਨ ਖਿਲਾਫ਼ ਵਿੱਢੀ ਨਿਹੱਕੀ ਜ਼ੰਗ ਨਾਲ ਤੇਲ, ਗੈਸ ਦੇ ਸੰਕਟ ਨਾਲ ਜੁੜੇ ਆਮ ਲੋਕਾਈ ਉੱਪਰ ਪੈਣ ਵਾਲੇ ਮਾਰੂ ਪ੍ਰਭਾਵਾਂ ਪ੍ਰਤੀ ਸੁਚੇਤ ਕੀਤਾ। ਮਨਦੀਪ ਨੇ ਆਪਣੀ ਗੱਲ ਬਾਤ ਜਾਰੀ ਰੱਖਦਿਆਂ ਕਿਹਾ ਕਿ ਇਸ ਜ਼ੰਗ ਦਾ ਘੇਰਾ ਦਿਨੋਂ ਦਿਨ ਵਿਸ਼ਾਲ ਹੁੰਦਾ ਹੋਇਆ ਮੱਧ ਪੂਰਬ ਤੋਂ ਅੱਗੇ ਯੂਰੋਪ ਤੱਕ ਫੈਲ ਜਾਣ ਦਾ ਖਦਸ਼ਾ ਹੈ। ਕੱਚੇ ਤੇਲ ਦੀਆਂ ਕੀਮਤਾਂ 70 ਡਾਲਰ ਫੀ ਬੈਰਲ ਤੋਂ 105 ਡਾਲਰ ਤੱਕ ਅੱਪੜ ਗਈਆਂ ਹਨ। ਜੇਕਰ ਇਹ ਜ਼ੰਗ ਹੋਰ ਲੰਬਾ ਸਮਾਂ ਜਾਰੀ ਰਹਿੰਦੀ ਹੈ ਤਾਂ 200 ਡਾਲਰ ਫੀ ਬੈਰਲ ਤੱਕ ਪਹੁੰਚ ਜਾਣ ਦੀ ਸੰਭਾਵਨਾ ਹੈ। ਇਸ ਨਾਲ ਮਹਿੰਗਾਈ ਵਧ ਜਾਣੀ ਅਟੱਲ ਹੈ। ਇਸ ਤਰ੍ਹਾਂ ਸਾਮਰਾਜੀ ਲੁੱਟ,ਜਬਰ ਅਤੇ ਦਾਬੇ ਖਿਲਾਫ਼ ਜੂਝਦਿਆਂ, ਨਿਹੱਕੀ ਜ਼ੰਗ ਰੋਕਣ, ਭਾਰਤੀ ਹਾਕਮਾਂ ਵੱਲੋਂ ਅਮਰੀਕਾ ਨਾਲ ਕੀਤੇ ਸਾਰੇ ਸਮਝੌਤੇ ਸੰਧੀਆਂ ਰੱਦ ਕਰਨ ਦੀ ਮੰਗ ਕਰਨਾ ਸਮੇਂ ਦੀ ਹਕੀਕੀ ਲੋੜ ਹੈ।
ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਭਾਰਤੀ ਹਾਕਮਾਂ ਵੱਲੋਂ ਸਾਮਰਾਜੀ ਧਾੜਵੀਏ ਡੋਨਾਲਡ ਟਰੰਪ ਨਾਲ ਵਪਾਰ ਸਮਝੌਤੇ ਖਰੜੇ ਨੂੰ ਭਾਰਤ ਦੇ ਕਰੋੜਾਂ ਲੋਕਾਂ ਖ਼ਾਸ ਕਰਕੇ ਖੇਤੀ ਖੇਤਰ ਉੱਪਰ ਬੁਲਡੋਜਰ ਫੇਰਨ ਸਮਾਨ ਦੱਸਿਆ। ਇਸ ਸਮਝੋਤਾ ਖਰੜੇ ਦੀ ਚੀਰਫਾੜ ਕਰਦਿਆਂ ਵਿਆਪਕ ਅਧਾਰ ਵਾਲੀ ਲਾਮਬੰਦੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਸੁਖਵਿੰਦਰ ਠੀਕਰੀਵਾਲਾ ਨੇ ਧੰਨਵਾਦੀ ਸ਼ਬਦ ਕਹੇ। ਇਸ ਯਾਦਗਾਰੀ ਭਾਸ਼ਣ ਸਮੇਂ ਹਰਚਰਨ ਚਹਿਲ, ਬਿੱਕਰ ਸਿੰਘ ਔਲਖ, ਹਰਚਰਨ ਚੰਨਾ, ਸੰਦੀਪ ਸਿੰਘ ਚੀਮਾ, ਰੁਲਦੂ ਸਿੰਘ ਗੁੰਮਟੀ, ਬਲਦੇਵ ਸਿੰਘ ਸੱਦੋਵਾਲ, ਗੁਲਵੰਤ ਸਿੰਘ, ਅਮਰਜੀਤ ਕੌਰ, ਪਰਮਜੀਤ ਕੌਰ ਸ਼ਹਿਣਾ, ਸ਼ਿੰਦਰ ਕੌਰ, ਯਾਦਵਿੰਦਰ ਠੀਕਰੀਵਾਲ, ਡਾ ਰਣਜੀਤ ਸਿੰਘ ਸੋਹੀ ਆਦਿ ਵੱਡੀ ਗਿਣਤੀ ਵਿੱਚ ਚੇਤੰਨ ਆਗੂ ਹਾਜ਼ਰ ਸਨ।
Click to Follow Babushahi Facebook page →