ਸਹੂਲਤ ਦੀ ਬਜਾਏ ਪ੍ਰੇਸ਼ਾਨੀ ਦਾ ਸਬੱਬ ਬਣਿਆ ਲਾਲੜੂ ਦਾ ਰੇਲਵੇ ਅੰਡਰਪਾਥ
ਗੋਡੇ-ਗੋਡੇ ਪਾਣੀ ਵਿੱਚੋਂ ਲੰਘ ਰਹੇ ਨੇ ਵਾਹਨ
ਮਲਕੀਤ ਸਿੰਘ ਮਲਕਪੁਰ
ਲਾਲੜੂ 19 ਸਤੰਬਰ 2025: ਲਾਲੜੂ ਦੇ ਨੇੜਲੇ ਪਿੰਡਾਂ ਦੀ ਸਹੂਲਤ ਲਈ ਬਣਾਇਆ ਲਾਲੜੂ ਦਾ ਰੇਲਵੇ ਅੰਡਰਪਾਥ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਕੇ ਰਹਿ ਗਿਆ ਹੈ। ਇਸ ਅੰਡਰਪਾਥ ਵਿੱਚ ਇਸ ਸਮੇਂ ਗੋਡੇ-ਗੋਡੇ ਪਾਣੀ ਹੈ, ਭਾਵੇਂ ਹਰ ਰੋਜ਼ ਪਾਣੀ ਕੱਢਣ ਲਈ ਪੰਪ ਚਲਾਇਆ ਜਾਂਦਾ ਹੈ, ਪਰ ਸਵੇਰੇ ਮੁੜ ਤੋਂ ਅੰਡਰਪਾਥ ਵਿੱਚ ਗੋਡੇ-ਗੇਡੋ ਪਾਣੀ ਭਰ ਜਾਂਦਾ ਹੈ। ਅੰਡਰਪਾਥ ਦੀ ਹਰ ਰੋਜ਼ ਵਰਤੋਂ ਕਰਨ ਵਾਲੇ ਲਾਲੜੂ ਵਾਸੀ ਸਾਬਕਾ ਸਰਪੰਚ ਲਾਭ ਸਿੰਘ, ਕਾਮਰੇਡ ਕੌਲ ਸਿੰਘ, ਨੰਦ ਕਿਸ਼ੋਰ, ਚੰਦਰਪਾਲ ,ਸੋਹਨ ਸਿੰਘ, ਅਸ਼ੋਕ ਕੁਮਾਰ, ਰਾਮ ਸਿੰਘ, ਹਰਪ੍ਰੀਤ ਸਿੰਘ ਤੇ ਸੁਰੇਸ਼ ਕੁਮਾਰ ਆਦਿ ਨੇ ਦੱਸਿਆ ਕਿ ਭਾਵੇਂ ਅੰਡਰਪਾਥ ਦੇ ਉੱਤੇ ਸੈਡ ਪਾਉਣ ਨਾਲ ਪਬਲਿਕ ਨੂੰ ਕੁੱਝ ਲਾਭ ਹੋਇਆ ਹੈ ਅਤੇ ਮੀਂਹ ਦਾ ਪਾਣੀ ਸੈੱਡ ਤੋਂ ਬਾਹਰ ਨਿਕਲ ਜਾਂਦਾ ਹੈ, ਪਰ ਅੰਡਰਪਾਥ ਵਿੱਚ ਹੇਠਾਂ ਤੋਂ ਪਾਣੀ ਦੀਆਂ ਫੁਹਾਰਾ ਫੁੱਟਦੀਆਂ ਰਹਿੰਦੀਆਂ ਹਨ। ਇਸ ਨਾਲ ਪੈਦਲ ਰਾਹਗੀਰ ਤਾਂ ਅੰਡਰਪਾਥ ਵਿੱਚੋਂ ਸੁੱਕੇ ਹੀ ਨਹੀਂ ਨਿਕਲ ਸਕਦੇ, ਜਦਕਿ ਵਾਹਨ ਚਾਲਕਾਂ ਦੇ ਵਾਹਨ ਲਗਾਤਾਰ ਪਾਣੀ ਨਾਲ ਖਰਾਬ ਹੋ ਰਹੇ ਹਨ। ਗੋਡੇ-ਗੋਡੇ ਪਾਣੀ ਕਾਰਨ ਮੋਟਰਸਾਇਕਲ ਦੇ ਬਰੇਕ, ਚੈਨ ਕਵਰ ਅਤੇ ਸਪਾਰਕ ਪਲੱਗ ਬੁਰੀ ਤਰ੍ਹਾਂ ਖਰਾਬ ਹੋ ਜਾਂਦੇ ਹਨ, ਜਦਕਿ ਗੱਡੀਆਂ ਦੇ ਦਰਵਾਜ਼ਿਆਂ ਰਾਹੀਂ ਇਹ ਪਾਣੀ ਗੱਡੀ ਦੇ ਅੰਦਰ ਭਰ ਜਾਂਦਾ ਹੈ ਤੇ ਅੰਦਰ ਰੱਖੇ ਮੈਟਾਂ ਨੂੰ ਖਰਾਬ ਕਰ ਦਿੰਦਾ ਹੈ। ਉਕਤ ਆਗੂਆਂ ਦਾ ਕਹਿਣਾ ਹੈ ਕਿ ਲਾਲੜੂ ਵਿੱਚ ਇੱਕ ਪਾਸੇ ਫਾਟਕ ਹੈ ਜੋ ਅਕਸਰ ਬੰਦ ਰਹਿੰਦਾ ਹੈ ਅਤੇ ਦੂਜੇ ਪਾਸੇ ਅੰਡਰਪਾਥ ਹੈ । ਜੇਕਰ ਅੰਡਰਪਾਥ ਵਿੱਚ ਇਸੇ ਤਰ੍ਹਾਂ ਪਾਣੀ ਵਧਦਾ ਰਿਹਾ ਤਾਂ ਕਿਸੇ ਦਿਨ ਕਿਸੇ ਮਰੀਜ਼ ਦੀ ਜਾਨ ਜਾ ਸਕਦੀ ਹੈ। ਉਨ੍ਹਾਂ ਰੇਲਵੇ ਪ੍ਰਸਾਸ਼ਨ ਨੂੰ ਇਸ ਅੰਡਰਪਾਥ ਦੀ ਹੇਠਾਂ ਵਾਲੇ ਪਾਸਿਓਂ ਮੁਰੰਮਤ ਕਰਵਾ ਕੇ ਪਾਣੀ ਰੋਕਣ ਦੀ ਮੰਗ ਕੀਤ ਹੈ ਤਾਂ ਜੋ ਰੋਜ਼ ਆਉਂਦੀਆਂ ਪਾਣੀ ਦੀਆਂ ਫੁਹਾਰਾਂ ਨੂੰ ਰੋਕਿਆ ਜਾ ਸਕੇ। ਇਸ ਸਬੰਧੀ ਸੰਪਰਕ ਕਰਨ 'ਤੇ ਅੰਡਰਪਾਥ ਦੀ ਮੁਰੰਮਤ ਦਾ ਕੰਮ ਦੇਖਣ ਵਾਲੇ ਇੰਸਪੈਕਟਰ ਆਫ ਵਰਕ(ਆਈ ਓ ਡਬਲਿਊ ) ਅਜੈ ਕੁਮਾਰ ਨੇ ਮੰਨਿਆ ਕਿ ਸ਼ੁਰੂਆਤੀ ਅੰਦਾਜ਼ੇ ਮੁਤਾਬਿਕ ਪਾਣੀ ਹੇਠਾਂ ਤੋਂ ਹੀ ਆ ਰਿਹਾ ਹੈ ਅਤੇ ਉਹ ਜਲਦ ਹੀ ਮੌਕਾ ਦੇਖ ਕੇ ਪਾਣੀ ਸੁੱਕਣ ਉਪਰੰਤ ਅੰਡਰਪਾਥ ਵਿੱਚ ਕੰਕਰੀਟ ਵਗੈਰਾ ਪਾ ਕੇ ਇਸ ਦੀ ਮੁਰੰਮਤ ਕਰਵਾਉਣਗੇ।