ਸਫਲ ਰਿਹਾ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਦਾ ਪ੍ਰੋਗਰਾਮ “ਅੱਖਰ ਬੋਲਦੇ ਨੇ” -- ਸਰਬਜੀਤ ਸਿੰਘ ਜਰਮਨੀ
ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਦੇ ਅੱਖਰ ਬੋਲਦੇ ਨੇ ਪ੍ਰੋਗਰਾਮ ਵਿੱਚ ਪ੍ਰਸਿੱਧ ਗ਼ਜ਼ਲਗੋ ਗੁਲਸ਼ਨ ਮਿਰਜ਼ਾਪੁਰੀ ਦੇ ਗ਼ਜ਼ਲ ਸੰਗ੍ਰਹਿ “ਸੁਪਨਿਆਂ ਦਾ ਸਫ਼ਰ” ਉੱਤੇ ਖੁੱਲ੍ਹ ਕੇ ਚਰਚਾ ਕੀਤੀ ਗਈ। ਇਸ ਚਰਚਾ ਵਿੱਚ ਦੁਨੀਆਂ ਭਰ ਵਿੱਚੋਂ ਸੱਤ ਸਾਹਿਤਕਾਰਾਂ ਨੇ ਵਿਸ਼ੇਸ਼ ਰੂਪ ਵਿੱਚ ਹਿੱਸਾ ਲਿਆ ਤੇ ਹਰ ਇੱਕ ਨੇ ਆਪਣੀ ਆਪਣੀ ਪਾਰਖੂ ਕਸਵੱਟੀ ਤੇ ਹਿੱਸੇ ਆਇਆ ਗ਼ਜ਼ਲਾਂ ਨੂੰ ਪਰਖਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਦੇ ਪ੍ਰਧਾਨ ਪ੍ਰਸਿੱਧ ਨਾਵਲਕਾਰ ਬਿੰਦਰ ਕੋਲੀਆਂ ਵਾਲ ਜੀ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲੇ ਸਾਰੇ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ ਅਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਰਬਜੀਤ ਸਿੰਘ ਜਰਮਨੀ ਨੂੰ ਦਿੱਤੀ। ਸਰਬਜੀਤ ਨੇ ਪ੍ਰੋਗਰਾਮ ਦੀ ਸ਼ੁਰੂਆਤ ਬਹੁਤ ਹੀ ਪਿਆਰੇ ਸ਼ੇਅਰ ਨਾਲ ਕੀਤੀ।
ਅੱਖਰ ਬੋਲਦੇ ਨੇ,
ਅੱਖਰ ਹੀ ਸਾਡਾ ਦੁੱਖ-ਸੁੱਖ ਫਰੋਲਦੇ ਨੇ,
ਅੱਖ ਹੀ ਦੂਰ ਬੈਠੇ ਪਰਦੇਸੀਆਂ ਨੂੰ,
ਆਪਣੇ ਪਿਆਰੇ ਪੰਜਾਬ ਨਾਲ ਜੋੜਦੇ ਨੇ,
ਅੱਖਰ ਹੀ ਇਤਿਹਾਸ ਰਚਦੇ ਨੇ,
ਅੱਖ ਹੀ ਸਾਡੇ ਰਿਸ਼ਤੇ ਤੈਅ ਕਰਦੇ ਨੇ,
ਅੱਖਰ ਹੀ ਸਾਡੀ ਸ਼ਖਸੀਅਤ ਦੱਸਦੇ ਨੇ।
ਇਸ ਤੋਂ ਬਾਅਦ ਸਰਬਜੀਤ ਨੇ ਪਹਿਲਾਂ ਸੱਦਾ ਕਰਮਜੀਤ ਕੌਰ ਰਾਣਾ ਇਟਲੀ ਨੂੰ ਦਿੱਤਾ। ਉਹਨਾਂ ਨੇ ਕਿਤਾਬ ਦੇ ਮੁੱਖ ਬੰਦ, ਸਮਰਪਿਤ ਅਤੇ ਕੁੱਝ ਗ਼ਜ਼ਲਾਂ ਤੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ। ਅਖੀਰ ਉਹਨਾਂ ਨੇ ਗੁਲਸ਼ਨ ਜੀ ਲਈ ਆਸ਼ਾਵਾਦੀ ਬੋਲ ਕਹੇ। ਦੂਜਾ ਸੱਦਾ ਪ੍ਰਸਿੱਧ ਗ਼ਜ਼ਲਗੋ ਗੁਰਚਰਨ ਸਿੰਘ ਜੋਗੀ ਜੀ ਨੂੰ ਦਿੱਤਾ ਜਿਹੜੇ ਆਪ ਬਹੁਤ ਉੱਤਮ ਦਰਜੇ ਦੀ ਗ਼ਜ਼ਲ ਲਿਖਦੇ ਹਨ। ਉਹਨਾਂ ਨੇ ਲਗਭਗ ਸਤਾਰਾਂ ਗ਼ਜ਼ਲਾਂ ਉੱਪਰ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਅਤੇ ਗ਼ਜ਼ਲ ਲਿਖਣ ਦੇ ਕੁੱਝ ਰਹੱਸ ਵੀ ਸਾਂਝੇ ਕੀਤੇ। ਸਰਬਜੀਤ ਨੇ ਮੰਚ ਸੰਚਾਲਨ ਨੂੰ ਅੱਗੇ ਤੋਰਦਿਆਂ ਪ੍ਰਸਿੱਧ ਸਾਹਿਤਕਾਰ ਤੇ ਅਦਾਕਾਰ ਮੁਖਤਾਰ ਸਿੰਘ ਚੰਦੀ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਸੱਦਾ ਦਿੱਤਾ ਜਿਨ੍ਹਾਂ ਨੇ ਨੇ ਬਹੁਤ ਡੂੰਘਾਈ ਵਾਲੇ ਵਿਚਾਰ ਪੇਸ਼ ਕੀਤੇ। ਅਗਲਾ ਸੱਦਾ ਕਵਿੱਤਰੀ ਹਰਸ਼ਰਨ ਕੌਰ ਜੀ ਕੈਨੇਡਾ ਨੂੰ ਦਿੱਤਾ ਗਿਆ।
ਉਹਨਾਂ ਨੇ ਆਪਣੇ ਵਿਚਾਰ ਦੇਂਦਿਆਂ ਕਿਹਾ ਕਿ ਮੈਂ ਗ਼ਜ਼ਲ ਲਿਖਦੀ ਤਾਂ ਨਹੀਂ ਪਰ ਗੁਲਸ਼ਨ ਜ ਦੁਆਰਾ ਲਿਖਿਆ ਗ਼ਜ਼ਲਾਂ ਤੋਂ ਪ੍ਰਭਾਵਿਤ ਹੋ ਕੇ ਗ਼ਜ਼ਲ ਲਿਖਣ ਬਾਰੇ ਸੋਚ ਰਹੀ ਹਾਂ। ਪੰਜਵਾਂ ਸੱਦਾ ਰੁਹਾਨੀ ਗ਼ਜ਼ਲਾਂ ਦੇ ਮਾਹਿਰ ਸਰਦਾਰ ਪ੍ਰੇਮਪਾਲ ਸਿੰਘ ਇਟਲੀ ਨੂੰ ਦਿੱਤਾ ਗਿਆ। ਪ੍ਰੇਮਪਾਲ ਨੇ ਅਠਾਰਾਂ ਗ਼ਜ਼ਲਾਂ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਉਹਨੇ ਹਰ ਗ਼ਜ਼ਲ ਨੂੰ ਵਿਆਕਰਨ ਦੀ ਕਸਵੱਟੀ ਤੇ ਪਰਖਦਿਆਂ ਹਰ ਨਿੱਕੀ ਤੋਂ ਨਿੱਕੀ ਗਲਤੀ ਦੱਸਦਿਆਂ ਕਿਹਾ ਕਿ ਅਸੀਂ ਸਾਰੇ ਸਿੱਖ ਹਾਂ ਤੇ ਹਮੇਸ਼ਾ ਸਿੱਖਣ ਵਿੱਚ ਵਿਸ਼ਵਾਸ ਰੱਖਦੇ ਹਾਂ। ਅਗਲੇ ਸੱਦਾ ਬੰਬੇ ਤੋਂ ਗ਼ਜ਼ਲਗੋ ਪਰਵਿੰਦਰ ਸਿੰਘ ਹੇਅਰ ਜੀ ਨੂੰ ਦਿੱਤਾ। ਉਹਨਾਂ ਨੇ ਹਰੇਕ ਗ਼ਜ਼ਲ ਨੂੰ ਵਾਚਦਿਆਂ ਆਪਣੇ ਕੀਮਤ ਵਿਚਾਰ ਸਾਂਝੇ ਕੀਤੇ ਅਤੇ ਕੁਝ ਗ਼ਜ਼ਲਾਂ ਦੇ ਸ਼ੇਅਰ ਸੁਰੀਲੇ ਬੋਲਾਂ ਵਿੱਚ ਗਾ ਕੇ ਵੀ ਸੁਣਾਏ। ਗ਼ਜ਼ਲ ਸੰਗ੍ਰਹਿ ਦੀਆਂ ਆਖ਼ਰੀ ਗ਼ਜ਼ਲਾਂ ਤੇ ਚਰਚਾ ਕਰਨ ਲਈ ਅਖੀਰ ਵਿੱਚ ਮੋਤੀ ਸ਼ਾਇਰ ਪੰਜਾਬੀ ਼ ਨੂੰ ਮੰਚ ਤੇ ਸੱਦਾ ਦਿੱਤਾ ਗਿਆ। ਉਹਨਾਂ ਨੇ ਗ਼ਜ਼ਲ ਸੰਗ੍ਰਹਿ “ਸੁਪਨਿਆਂ ਦਾ ਸਫ਼ਰ” ਲਾਇਵ ਦਿਖਾਇਆ ਅਤੇ ਨਾਲ ਹੀ ਦੱਸਿਆ ਕਿ ਇਹ ਪੁਸਤਕ ਉਹਨਾਂ ਦੀ ਨਿੱਜੀ ਲਾਇਬ੍ਰੇਰੀ ਦਾ ਸ਼ਿੰਗਾਰ ਹੈ। ਉਹਨਾਂ ਨੂੰ ਇਹ ਕਿਤਾਬ ਗੁਲਸ਼ਨ ਜੀ ਨੇ ਲੋਕ ਅਰਪਣ ਸਮਾਰੋਹ ਵਿੱਚ ਖੁਦ ਆਪ ਭੇਂਟ ਕੀਤੀ ਸੀ। ਮੋਤੀ ਜੀ ਨੇ ਆਪਣੇ ਕੀਮਤੀ ਵਿਚਾਰਾਂ ਦੀ ਸਾਂਝ ਪਾਈ। ਜਿਨ੍ਹਾਂ ਵਿੱਚ “ਰਾਜੇ ਸ਼ੀਹ ਮੁਕੱਦਰ” ਗ਼ਜ਼ਲ ਤੇ ਬੋਲਦਿਆਂ ਉਹਨਾਂ ਕਿਹਾ ਕਿ ਨਾਇਕ ਹੀ ਖਲਨਾਇਕ ਬਣ ਜਾਂਦਾ ਹੈ ਜੇਕਰ ਵਕਤ ਪੈਣ ਤੇ ਜਾਂ ਲੋੜ ਪੈਣ ਤੇ ਨਾ ਪਹੁੰਚੇ। ਇੱਥੇ ਮੋਤੀ ਨੇ ਪੰਜਾਬ ਵਿੱਚ ਆਏ ਹੜ੍ਹਾਂ ਦਾ ਜ਼ਿਕਰ ਕੀਤਾ ਜਿਸ ਨੇ ਕੌਮਾਂਤਰੀ ਪੰਜਾਬੀ ਕਾਫ਼ਲਾ ਵਿੱਚ ਸ਼ਾਮਲ ਸਾਰੇ ਮੈਂਬਰਾਂ ਨੂੰ ਸੋਚਾਂ ਵਿੱਚ ਪਾ ਦਿੱਤਾ। ਅਖੀਰ ਵਿੱਚ ਜਸਵਿੰਦਰ ਕੌਰ ਮਿੰਟੂ, ਇਟਲੀ ਵੱਲੋਂ ਪ੍ਰੋਗਰਾਮ “ਅੱਖਰ ਬੋਲਦੇ ਨੇ” ਵਿੱਚ ਆਏ ਹੋਏ ਸਾਰੇ ਸਾਹਿਤਕਾਰਾਂ ਦਾ ਬਹੁਤ ਪਿਆਰ ਸਤਿਕਾਰ ਨਾਲ ਧੰਨਵਾਦ ਕੀਤਾ ਗਿਆ।
ਸੱਚ ਵਿੱਚ ਇਸ ਗਜ਼ਲ ਸੰਗ੍ਰਹਿ ਤੇ ਗੋਸ਼ਟੀ ਦੌਰਾਨ ਪਤਾ ਲੱਗਿਆ ਕਿ ਗੁਲਸ਼ਨ ਮਿਰਜ਼ਾਪੁਰੀ ਪੰਜਾਬ ਬਾਰੇ, ਪੰਜਾਬ ਦੇ ਹਰ ਵਿਸ਼ੇ ਬਾਰੇ ਕਿੰਨਾ ਜ਼ਿਆਦਾ ਚਿੰਤਨ ਕਰਦੇ ਹਨ। ਉਹਨਾਂ ਦੀਆਂ ਗ਼ਜ਼ਲਾਂ ਵਿੱਚ ਪੰਜਾਬ ਦੇ ਹਾਲਾਤ, ਇਤਿਹਾਸ, ਸਭਿਆਚਾਰ, ਪੰਜਾਬ ਦੀ ਵੰਡ, ਭ੍ਰਿਸ਼ਟ ਸਿਸਟਮ, ਧੀ ਦੇ ਹੱਕ ਦੀ ਗੱਲ, ਡੂੰਘੀ ਸੋਚ, ਸੱਚੇ ਰਿਸ਼ਤਿਆਂ ਦੀ ਗੱਲ ਆਦਿ ਵਿਸ਼ਿਆਂ ਤੇ ਸ਼ੇਅਰ ਲਿਖੇ ਗਏ ਹਨ। ਸਾਨੂੰ ਸਭ ਨੂੰ ਇਹ ਗ਼ਜ਼ਲ ਸੰਗ੍ਰਹਿ ਜ਼ਰੂਰ ਪੜ੍ਹਨਾ ਚਾਹੀਦਾ ਹੈ। ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਦੇ ਲਾਈਵ ਚੱਲਦੇ ਪ੍ਰੋਗਰਾਮ “ਅੱਖਰ ਬੋਲਦੇ ਨੇ” ਵਿੱਚ ਬਹੁਤ ਸਾਰੇ ਸਰੋਤਿਆਂ ਦੁਆਰਾ ਬਹੁਤ ਸਾਰੀਆਂ ਹੌਂਸਲਾ ਵਧਾਉ ਟਿੱਪਣੀਆਂ ਕੀਤੀਆਂ ਗਈਆਂ। ਸਾਰੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਇਹ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ ਤਾਂ ਫੇਸਬੁੱਕ ਬਿੰਦਰ ਕੋਲੀਆਂ ਵਾਲ ਅਤੇ ਪੇਜ “ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ” ਯੂ ਟਿਊਬ ਚੈਨਲ “ਬਿੰਦਰ ਕੋਲੀਆਂ ਵਾਲ” ਤੇ ਸੁਣ ਕੇ ਅਨੰਦ ਮਾਣ ਸਕਦੇ ਹੋ ਜੀ।
ਸਰਬਜੀਤ ਸਿੰਘ ਜਰਮਨੀ
Tirthsingh3@yahoo.com

-
ਸਰਬਜੀਤ ਸਿੰਘ ਜਰਮਨੀ , writer
Tirthsingh3@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.