ਸਤਪਾਲ ਚੌਕ ਲੁੱਟ ਕਾਂਡ ਦਾ ਪਰਦਾਫਾਸ਼: ਸਾਹਨੇਵਾਲ ਪੁਲਿਸ ਨੇ ਮੋਟਰਸਾਈਕਲ ਖੋਹਣ ਵਾਲਾ ਮੁੱਖ ਦੋਸ਼ੀ ਦਬੋਚਿਆ
ਸੁਖਮਿੰਦਰ ਭੰਗੂ
ਲੁਧਿਆਣਾ, 15 ਜੂਨ 2026
ਕਮਿਸ਼ਨਰ ਪੁਲਿਸ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਲੁੱਟ-ਖੋਹ ਦੀ ਇੱਕ ਵਾਰਦਾਤ ਨੂੰ ਸੁਲਝਾਉਂਦਿਆਂ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿੱਚੋਂ ਵਾਰਦਾਤ ਦੌਰਾਨ ਵਰਤਿਆ ਗਿਆ ਬਿਨਾਂ ਨੰਬਰੀ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 9 ਜੂਨ 2026 ਨੂੰ ਸਰਜ ਅਲੀ ਨਾਮਕ ਨੌਜਵਾਨ ਆਪਣੀ ਡਿਊਟੀ ਖਤਮ ਕਰਕੇ ਮੋਟਰਸਾਈਕਲ 'ਤੇ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਸਤਪਾਲ ਚੌਕ ਨੇੜੇ ਪਹੁੰਚਿਆ ਤਾਂ ਇੱਕ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਉਸ ਦਾ ਰਾਹ ਰੋਕ ਲਿਆ। ਦੋਸ਼ੀਆਂ ਵਿੱਚੋਂ ਇੱਕ ਨੇ ਦਾਤਰ ਦਿਖਾ ਕੇ ਉਸ ਨੂੰ ਡਰਾ-ਧਮਕਾ ਕੇ ਉਸ ਦਾ ਮੋਟਰਸਾਈਕਲ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।
ਪੀੜਤ ਵੱਲੋਂ ਕੀਤੀ ਗਈ ਪੜਤਾਲ ਅਤੇ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਵਿੱਚ ਸ਼ਾਮਲ ਇੱਕ ਦੋਸ਼ੀ ਦੀ ਪਛਾਣ ਦੀਪਕ ਕੁਮਾਰ ਉਰਫ਼ ਤੋਤੀ ਵਜੋਂ ਹੋਈ। ਇਸ ਸਬੰਧੀ ਥਾਣਾ ਸਾਹਨੇਵਾਲ ਵਿੱਚ ਮੁਕੱਦਮਾ ਨੰਬਰ 185 ਮਿਤੀ 14 ਜੂਨ 2026 ਅਧੀਨ ਕੇਸ ਦਰਜ ਕੀਤਾ ਗਿਆ।
ਕਮਿਸ਼ਨਰ ਪੁਲਿਸ ਸਵਪਨ ਸ਼ਰਮਾ IPS ਦੇ ਦਿਸ਼ਾ-ਨਿਰਦੇਸ਼ਾਂ ਅਤੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਥਾਣਾ ਸਾਹਨੇਵਾਲ ਦੇ ਮੁਖੀ ਇੰਸਪੈਕਟਰ ਦਲਵੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਦੀਪਕ ਕੁਮਾਰ ਉਰਫ਼ ਤੋਤੀ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਵੱਲੋਂ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸਿਆਂ ਦੀ ਉਮੀਦ ਹੈ ਅਤੇ ਵਾਰਦਾਤ ਵਿੱਚ ਸ਼ਾਮਲ ਦੂਜੇ ਸਾਥੀ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।
ਪੁਲਿਸ ਰਿਕਾਰਡ ਮੁਤਾਬਕ ਗ੍ਰਿਫ਼ਤਾਰ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਆਬਕਾਰੀ ਐਕਟ, ਮਾਰਕੁੱਟ, ਲੁੱਟ ਅਤੇ ਕਤਲ ਵਰਗੇ ਗੰਭੀਰ ਮਾਮਲਿਆਂ ਵਿੱਚ ਕੇਸ ਦਰਜ ਹਨ, ਜਿਸ ਕਾਰਨ ਉਹ ਪੁਲਿਸ ਲਈ ਪਹਿਲਾਂ ਤੋਂ ਹੀ ਜਾਣਿਆ-ਪਛਾਣਿਆ ਅਪਰਾਧੀ ਸੀ।
- Download Babushahi App
-
-