ਵਪਾਰੀ ਸੰਮੇਲਨ ਵਿੱਚ ਦਰਸ਼ਨ ਮਹਾਜਨ ਨੇ ਚੁੱਕੀਆਂ ਵਪਾਰੀਆਂ ਦੀਆਂ ਸਮੱਸਿਆਵਾਂ
ਰੋਹਿਤ ਗੁਪਤਾ
ਗੁਰਦਾਸਪੁਰ 16 ਮਾਰਚ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਵਪਾਰੀ ਦਿਵਸ ਮਨਾਉਣ ਲਈ ਵਪਾਰਕ ਸੰਮੇਲਨ ਕਰਵਾਇਆ ਗਿਆ। ਜਿਸ ਦੀ ਅਗਵਾਈ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਨੇ ਕੀਤੀ। ਇਸ ਸੰਮੇਲਨ ਵਿਚ ਭਾਰਤੀ ਉਦਯੋਗ ਵਪਾਰ ਮੰਡਲ ਰਾਸ਼ਟਰੀ ਪ੍ਰਧਾਨ ਬਾਬੂ ਲਾਲ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਕੌਮੀ ਜਨਰਲ ਸਕੱਤਰ ਮੁਕੱਦ ਲਾਲ ਮਿਸਰਾ ਵਿਸ਼ੇਸ ਮਹਿਮਾਨ ਵਜੋਂ ਪਹੁੰਚੇ।
ਸੰਮੇਲਨ ਦੌਰਾਨ ਵਪਾਰ ਮੰਡਲ ਗੁਰਦਾਸਪੁਰ ਜ਼ਿਲਾ ਇਕਾਈ ਦੇ ਪ੍ਰਧਾਨ ਦਰਸ਼ਨ ਮਹਾਜਨ ਨੇ ਕਿਹਾ ਕਿ ਪੰਜਾਬ ਵਿਚ ਵਪਾਰੀ ਬਹੁਤ ਹੀ ਮਾੜੇ ਦੌਰ ਵਿਚੋਂ ਗੁਜ਼ਰ ਰਿਹਾ ਹੈ।
ਅਸੀ ਪਹਿਲਾਂ ਵਪਾਰ ਬਚਾਉਣ ਦੀ ਗੱਲ ਕਰਦੇ ਸੀ, ਪਰ ਹੁਣ ਵਪਾਰੀਆਂ ਨੂੰ ਬਚਾਉਣ ਦੀ ਗੱਲ ਆਖੀ ਜਾ ਰਹੀ ਹੈ, ਕਿਉਂਕਿ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਬਣ ਰਹੇ ਹਨ, ਕਿ ਕੋਈ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ। ਪੰਜਾਬ ਵਿਚ ਲੁੱਟਖੋਹਾਂ, ਡਕੈਤੀਆਂ ਅਤੇ ਗੋਲੀ ਚੱਲਣੀ ਆਮ ਗੱਲ ਹੋ ਗਈ ਹੈ।
ਪ੍ਰਧਾਨ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਪਾਰੀਆਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਹੀ ਹੈ । ਵਪਾਰੀ ਹਰ ਤਰ੍ਹਾਂ ਦਾ ਟੈਕਸ ਦਿੰਦਾ ਹੈ, ਪਰ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਮਿਲਦੀ। ਜਦਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਪਾਰੀਆਂ ਦੇ ਦਿੱਤੇ ਟੈਕਸਾਂ ਨਾਲ ਆਮ ਲੋਕਾਂ ਨੂੰ ਬਿਜਲੀ, ਆਟਾ ਦਾਲ , ਬੱਸ ਸੇਵਾ ਅਤੇ ਹੋਰ ਕਈ ਸਕੀਮਾਂ ਦੇ ਰਹੀ ਹੈ।
ਪ੍ਰਧਾਨ ਨੇ ਮੰਗ ਕੀਤੀ ਕਿ ਵਪਾਰੀਆਂਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇ। ਵਪਾਰੀਆਂ ਦਾ ਸਪੈਸ਼ਲ ਹੈਲਥ ਕਾਰਡ ਬਣਾਇਆ ਜਾਵੇ, 5ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ, ਕਿਸਾਨ ਬੀਜ਼ਾ ਦੀ ਤਰਜ਼ ’ਤੇ ਵਪਾਰੀ ਦੀ ਦੁਕਾਨ ਦਾ ਬੀਮਾ ਯੋਜਨਾ ਬਣਾਈ ਜਾਵੇ। ਕਿਸੇ ਕਾਰਨ ਦੁਕਾਨ ਜਾਂ ਫੈਕਟਰੀ ਵਿਚ ਅੱਗ ਲੱਗਣ ਨਾਲ ਸੌ ਫੀਸਦੀ ਨੁਕਸਾਨ ਹੋ ਜਾਦਾ ਹੈ, ਤਾਂ ਉਸ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਇਸ ਮੌਕੇ ’ਤੇ ਪਵਨ ਕੌਛੜ, ਜੁਗਲ ਕਿਸ਼ੋਰ, ਪੰਕਜ ਮਹਾਜਨ, ਸੁਰਿੰਦਰ ਮਹਾਜਨ, ਪ੍ਰੇਮ ਤੁਲੀ, ਵਿਨੇ ਗਾਂਧੀ, ਅਜੇ ਸੂਰੀ, ਗੌਰਵ ਮਹਾਜਨ, ਅਨਮੋਲ ਸ਼ਰਮਾ , ਯੋਗਿੰਦਰ ਪਾਲ ਤੁਲੀ, ਵਿਕਾਸ ਸਵਾਰਾ ਆਦਿ ਹਾਜ਼ਰ ਸਨ।
Click to Follow Babushahi Facebook page →