ਲੋਕ ਮੋਰਚਾ ਪੰਜਾਬ ਵੱਲੋਂ ਆਪਣੇ ਵਿਛੜੇ ਆਗੂ ਐਨ.ਕੇ. ਜੀਤ ਨੂੰ ਸੰਗਰਾਮੀ ਸ਼ਰਧਾਂਜਲੀ
ਅਸ਼ੋਕ ਵਰਮਾ
ਬਠਿੰਡਾ, 17 ਅਪ੍ਰੈਲ 2026 :ਲੋਕ ਮੋਰਚਾ ਪੰਜਾਬ ਦੇ ਬਾਨੀ ਮੈਂਬਰ ਅਤੇ ਲੰਮਾ ਸਮਾਂ ਪ੍ਰਧਾਨ ਰਹੇ ਸਾਥੀ ਐਨ. ਕੇ. ਜੀਤ ਅੱਜ ਇਨਕਲਾਬੀ ਕਾਫਲੇ ਵਿੱਚੋਂ ਵਿਛੋੜਾ ਦੇ ਗਏ ਹਨ। ਉਹਨਾਂ ਦੇ ਇਸ ਵਿਛੋੜੇ ਉੱਤੇ ਲੋਕ ਮੋਰਚਾ ਪੰਜਾਬ ਨੇ ਡੂੰਘੇ ਦੁੱਖ ਦਾ ਇਜਹਾਰ ਕੀਤਾ ਹੈ ਅਤੇ ਉਹਨਾਂ ਦੀ ਘਾਲਣਾ ਨੂੰ ਸਿਜਦਾ ਕੀਤਾ ਹੈ।ਜਥੇਬੰਦੀ ਦੇ ਸੂਬਾ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਐਨ. ਕੇ. ਜੀਤ ਤਾਉਮਰ ਲੋਕ ਹੱਕਾਂ ਲਈ ਸਰਗਰਮ ਰਹੇ ਹਨ। ਪਹਿਲਾਂ ਟਰੇਡ ਯੂਨੀਅਨ ਆਗੂ ਵਜੋਂ ਵੀ ਹਕੂਮਤੀ ਨੀਤੀਆਂ ਖਿਲਾਫ ਮੁਲਾਜ਼ਮ ਲਹਿਰ ਖੜੀ ਕਰਨ ਵਿੱਚ ਉਹਨਾਂ ਦਾ ਉਘੜਵਾਂ ਰੋਲ ਰਿਹਾ ਹੈ। ਪੰਜਾਬ ਅੰਦਰ ਹਕੂਮਤੀ ਜਬਰ ਅਤੇ ਖਾਲਿਸਤਾਨੀ ਫਿਰਕਾਪ੍ਰਸਤੀ ਦੇ ਦੌਰ ਅੰਦਰ ਉਹ ਬੇਖੌਫ ਹੋ ਕੇ ਇਸ ਦੋ ਮੂੰਹੀਂ ਦਹਿਸ਼ਤਗਰਦੀ ਦੇ ਖਿਲਾਫ ਡਟਵੀਂ ਆਵਾਜ਼ ਬੁਲੰਦ ਕਰਦੇ ਰਹੇ ਹਨ। । ਉਨ੍ਹਾਂ ਦੱਸਿਆ ਕਿ ਤਬਕਾਤੀ ਹਿੱਤਾਂ ਤੋਂ ਅੱਗੇ ਸਭਨਾਂ ਲੋਕਾਂ ਦੇ ਦੋਖੀ ਇਸ ਨਿਜ਼ਾਮ ਦੀ ਬੁਨਿਆਦੀ ਤਬਦੀਲੀ ਦੀ ਮਹੱਤਤਾ ਦਾ ਅਹਿਸਾਸ ਕਰਦੇ ਹੋਏ ਉਹਨਾਂ ਨੇ ਆਪਣੀਆਂ ਸਰਗਰਮੀਆਂ ਪੰਜਾਬ ਅੰਦਰ ਇਨਕਲਾਬੀ ਜਥੇਬੰਦੀ ਖੜ੍ਹੀ ਕਰਨ ਵੱਲ ਸੇਧਤ ਕੀਤੀਆਂ। ਉਹ ਇਨਕਲਾਬੀ ਜਥੇਬੰਦੀ ਲੋਕ ਮੋਰਚਾ ਪੰਜਾਬ ਦੇ ਬਾਨੀ ਮੈਂਬਰ ਸਨ ਅਤੇ ਲਗਭਗ 14 ਸਾਲ ਉਹ ਇਸ ਜਥੇਬੰਦੀ ਦੇ ਪ੍ਰਧਾਨ ਰਹੇ ਹਨ। ਇਹਨਾਂ ਸਾਲਾਂ ਦੌਰਾਨ ਉਹਨਾਂ ਦੀ ਅਗਵਾਈ ਵਿੱਚ ਜਥੇਬੰਦੀ ਨੇ ਅਨੇਕਾਂ ਜਮਹੂਰੀ ਅਤੇ ਸਿਆਸੀ ਮਸਲਿਆਂ ਉੱਤੇ ਅਸਰਦਾਰ ਸਰਗਰਮੀਆਂ ਕੀਤੀਆਂ ਹਨ। ਪਿਛਲੇ ਕੁਝ ਸਾਲਾਂ ਤੋਂ ਉਹ ਇਸ ਜਥੇਬੰਦੀ ਦੇ ਸਰਪ੍ਰਸਤ ਵਜੋਂ ਜਿੰਮੇਵਾਰੀ ਨਿਭਾ ਰਹੇ ਸਨ। ਜਥੇਬੰਦੀ ਵਿੱਚ ਆਪਣੀਆਂ ਸਰਗਰਮੀਆਂ ਅਤੇ ਅਗਵਾਈ ਰਾਹੀਂ ਉਹ ਲੋਕਾਂ ਨੂੰ ਇਸ ਪ੍ਰਬੰਧ ਦੀ ਝੂਠੀ ਜਮਹੂਰੀਅਤ ਦੀ ਹਕੀਕਤ ਸਮਝਣ ਅਤੇ ਹਕੀਕੀ ਆਜ਼ਾਦੀ ਹਾਸਲ ਕਰਨ ਲਈ ਤੁਰਨ ਦਾ ਹੋਕਾ ਦਿੰਦੇ ਰਹੇ ਹਨ।
ਉਹਨਾਂ ਨੇ ਜਮਹੂਰੀ ਹੱਕਾਂ ਦੀ ਜਥੇਬੰਦੀ ਵਿੱਚ ਵੀ ਸਰਗਰਮ ਰੋਲ ਨਿਭਾਇਆ ਹੈ ਅਤੇ ਵੱਖ-ਵੱਖ ਜਮਹੂਰੀ ਮਸਲਿਆਂ ਉੱਤੇ ਨਿਰੰਤਰ ਆਵਾਜ਼ ਬੁਲੰਦ ਕਰਦੇ ਰਹੇ ਹਨ। ਖਾਸ ਤੌਰ ਤੇ ਆਦਿਵਾਸੀ ਖਿੱਤਿਆਂ ਅੰਦਰ ਭਾਰਤੀ ਹਕੂਮਤ ਦੀ ਹਿੰਸਾ ਵਿਰੁੱਧ ਜੂਝ ਰਹੇ ਆਦਿਵਾਸੀਆਂ ਦੀ ਹਾਲਤ ਨੂੰ ਨੇੜਿਓਂ ਜਾਨਣ ਅਤੇ ਤੱਥ ਇਕੱਠੇ ਕਰਨ ਲਈ ਉਹ ਬਿਨਾਂ ਡਰ ਭਉ ਅਨੇਕਾਂ ਵਾਰ ਇਹਨਾਂ ਇਲਾਕਿਆਂ ਵਿੱਚ ਜਾਂਦੇ ਰਹੇ ਹਨ। ਉਹ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਮਸਲਿਆਂ ਨੂੰ ਡੂੰਘਾਈ ਨਾਲ ਘੋਖਦੇ ਰਹੇ ਹਨ ਅਤੇ ਆਪਣੇ ਲੇਖਾਂ, ਭਾਸ਼ਨਾਂ ਰਾਹੀਂ ਇਸ ਸਮਝ ਦਾ ਆਮ ਲੋਕਾਂ ਵਿੱਚ ਸੰਚਾਰ ਕਰਦੇ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਉਹ ਇੱਕ ਵਕੀਲ ਵਜੋਂ ਵੀ ਲੋਕ ਹਿੱਤਾਂ ਦੀ ਪੈਰਵਾਈ ਕਰਦੇ ਰਹੇ ਹਨ।
ਉਹਨਾਂ ਦਾ ਅੰਤਿਮ ਸਸਕਾਰ ਮਿਤੀ 18 ਅਪ੍ਰੈਲ ਨੂੰ 11 ਵਜੇ ਰਾਮਬਾਗ ਦਾਣਾ ਮੰਡੀ ਬਠਿੰਡਾ ਵਿਖੇ ਕੀਤਾ ਜਾ ਰਿਹਾ ਹੈ। ਜਥੇਬੰਦੀ ਨੇ ਸਮੂਹ ਲੋਕਾਂ ਨੂੰ ਉਨਾਂ ਦੀ ਅੰਤਿਮ ਵਿਦਾਇਗੀ ਵਿੱਚ ਸ਼ਾਮਿਲ ਹੋਣ, ਉਹਨਾਂ ਦੀ ਲੋਕ ਪੱਖੀ ਜ਼ਿੰਦਗੀ ਤੋਂ ਪ੍ਰੇਰਨਾ ਲੈਣ ਅਤੇ ਭਗਤ ਸਿੰਘ ਦੇ ਸੁਪਨਿਆਂ ਵਾਲਾ ਰਾਜ ਸਿਰਜਣ ਦੇ ਉਹਨਾਂ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ।
Click to Follow Babushahi Facebook page →