ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਹੜ੍ਹ ਪੀੜਤਾਂ ਲਈ ਦਾਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ
ਚੰਡੀਗੜ੍ਹ, 26 ਜਨਵਰੀ 2026:
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਅੱਜ ਮਨਸੀਮਰ ਕੌਰ ਅਤੇ ਈਵਾ ਜੈਨ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ ਨੂੰ ₹40 ਲੱਖ ਦਾ ਦਾਨ ਕਰਨ ਦੇ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ।
ਸੰਧੂ ਨੇ ਵਿਦਿਆਰਥਣਾਂ ਦੀ ਇਸ ਪਹਿਲ ਦੀ ਭਰਪੂਰ ਸਾਰਾਹਨਾ ਕੀਤੀ ਅਤੇ ਸਮਾਜਕ ਭਲਾਈ ਲਈ ਹੋਰ ਅਜਿਹੀਆਂ ਪਹਿਲ ਕਰਨ ਲਈ ਲੋਕਾਂ ਅਤੇ ਸੰਸਥਾਵਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਸਮਾਜ ਸੇਵਾ, ਨਵੀਂ ਸੋਚ ਅਤੇ ਗਿਆਨ-ਆਧਾਰਿਤ ਉਪਰਾਲਿਆਂ ਰਾਹੀਂ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਮਨਸੀਮਰ ਕੌਰ ਅਤੇ ਈਵਾ ਜੈਨ, ਜੋ ਕਿ ਸਟ੍ਰਾਬੈਰੀ ਸਕੂਲ, ਚੰਡੀਗੜ੍ਹ ਦੀਆਂ ਵਿਦਿਆਰਥਣਾਂ ਹਨ, ਨੇ ਆਪਣੇ ਸਕੂਲ ਦੇ ਸਹਿਯੋਗ ਨਾਲ ਹੋਰ ਵਿਦਿਆਰਥੀਆਂ ਨੂੰ ਵੀ ਇਸ ਮੁਹਿੰਮ ਨਾਲ ਜੋੜਿਆ ਅਤੇ ਗਲੋਬਲ ਸਿੱਖਸ, ਸੇਵਾ ਪੰਜਾਬ ਅਤੇ ਗਲੋਬਲ ਸ਼ੇਪਰਜ਼ ਸੋਸਾਇਟੀ ਨੂੰ ₹40 ਲੱਖ ਦੇ ਨਾਲ-ਨਾਲ ਲੋੜੀਂਦੀ ਰਾਹਤ ਸਮੱਗਰੀ ਵੀ ਵੰਡਣ ਵਿੱਚ ਸਹਿਯੋਗ ਦਿੱਤਾ।
ਵਿਦਿਆਰਥਣਾਂ ਨੇ ਸ. ਸੰਧੂ ਵੱਲੋਂ ਮਿਲੀ ਪ੍ਰਸ਼ੰਸਾ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਭਵਿੱਖ ਵਿੱਚ ਵੀ ਸਮਾਜ ਸੇਵਾ ਸੰਬੰਧੀ ਕਾਰਜਾਂ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਦਾ ਸੰਕਲਪ ਦੁਹਰਾਇਆ।