ਮੁੱਖ ਮੰਤਰੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਦੀ ਥਾਂ ਨਿਮਾਣੇ ਸਿੱਖ ਵਾਂਗ ਪੇਸ਼ ਹੋ ਕੇ ਭੁੱਲ ਬਖਸ਼ਾਉਣ: ਬਲਬੀਰ ਸਿੱਧੂ
ਕਿਹਾ, ਖ਼ੁਦ ਵੀਡੀਓ ਦੀ ਫੋਰੈਂਸਿਕ ਜਾਂਚ ਮੰਗ ਕੇ ਹੁਣ ਮੁੱਕਰ ਰਹੇ ਹਨ
ਸੱਚਾ ਸਿੱਖ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸ਼ਰਾਬ ਪੀ ਕੇ ਨਹੀਂ ਜਾ ਸਕਦਾ
ਐਸ.ਏ.ਐਸ. ਨਗਰ, 18 ਜੂਨ :
ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖ ਪੰਥ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਇਸ ਦੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਖ਼ਿਲਾਫ਼ ਅਪਣਾਈ ਗਈ ਟਕਰਾਅ ਦੀ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਸ਼੍ਰੀ ਸਿੱਧੂ ਨੇ ਅੱਜ ਇੱਥੋਂ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪਣੀ ਬਜਰ ਗ਼ਲਤੀ ਦਾ ਅਹਿਸਾਸ ਕਰਦੇ ਹੋਏ ਤੁਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਾ ਚਾਹੀਦਾ ਹੈ, ਨਾ ਕਿ ਖਾਲਸਾ ਪੰਥ ਦੀ ਸਰਬਉੱਚ ਸੰਸਥਾ ਅਤੇ ਇਸ ਦੇ ਜਥੇਦਾਰ ‘ਤੇ ਸਿਆਸੀ ਹਮਲੇ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੀ ਬੇਅਦਬੀ ਕਰਨ ਵਾਲੀ ਇੱਕ ਵੀਡੀਓ ਵਾਇਰਲ ਦੇ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕੀਤੇ ਜਾਣ ਮੌਕੇ ਖੁਦ ਭਗਵੰਤ ਮਾਨ ਨੇ ਜਥੇਦਾਰ ਸਾਹਿਬ ਨੂੰ ਇਸ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਉਣ ਲਈ ਕਿਹਾ ਸੀ। ਪਰ ਹੁਣ, ਜਦੋਂ ਸਰਕਾਰੀ ਲੈਬਾਂ ਦੀਆਂ ਰਿਪੋਰਟਾਂ ਨੇ ਉਸ ਵੀਡੀਓ ਦੇ ਅਸਲੀ ਹੋਣ ਉੱਤੇ ਮੋਹਰ ਲਗਾ ਕੇ ਸਚਾਈ ਪ੍ਰਗਟ ਕਰ ਦਿਤੀ ਹੈ, ਤਾਂ ਮੁੱਖ ਮੰਤਰੀ ਬੜੀ ਹੀ ਢੀਠਤਾਈ ਨਾਲ ਆਪਣੇ ਹੀ ਬਿਆਨਾਂ ਤੋਂ ਮੁੱਕਰ ਰਹੇ ਹਨ।
ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਭਗਵੰਤ ਮਾਨ ਵੀਡੀਓ ਨੂੰ ਜਾਅਲੀ ਨਹੀਂ ਕਰਾਰ ਦੇ ਰਹੇ, ਸਗੋਂ ਇਹ ਦਾਅਵਾ ਕਰ ਰਹੇ ਹਨ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਉਹ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ, ਸਿੱਖ ਪੰਥ ਅਤੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਆਖਿਆ ਕਿ ਅਜਿਹੇ ਵਿਰੋਧਾਭਾਸੀ ਬਿਆਨ ਮੁੱਖ ਮੰਤਰੀ ਦੇ ਅਹੁਦੇ ਦੀ ਗੰਭੀਰਤਾ ਨੂੰ ਠੇਸ ਪਹੁੰਚਾਉਂਦੇ ਹਨ ਅਤੇ ਪੰਜਾਬ ਦੀ ਜਨਤਾ ਇਸ ਦਾ ਢੁੱਕਵਾਂ ਜਵਾਬ ਦੇਵੇਗੀ।
ਸ਼੍ਰੀ ਸਿੱਧੂ ਨੇ ਭਗਵੰਤ ਮਾਨ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਕਦੇ ਵੀ ਇੱਕ ਸੱਚੇ ਅਤੇ ਮਰਿਆਦਾ ਦਾ ਪਾਲਣ ਕਰਨ ਵਾਲੇ ਸਿੱਖ ਵਜੋਂ ਨਹੀਂ ਵਿਚਰੇ। ਉਨ੍ਹਾਂ ਨੇ ਪਹਿਲਾਂ ਵੀ ਕਈ ਵਾਰ ਸ਼ਰਾਬ ਦੇ ਨਸ਼ੇ ਦੀ ਹਾਲਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾ ਕੇ ਸਿੱਖ ਮਰਿਆਦਾ ਦੀ ਘੋਰ ਬੇਅਦਬੀ ਕੀਤੀ ਹੈ। ਅਜਿਹਾ ਵਿਅਕਤੀ, ਜੋ ਗੁਰੂ ਘਰ ਦੀ ਪਵਿੱਤਰ ਮਰਿਆਦਾ ਦਾ ਸਤਿਕਾਰ ਨਹੀਂ ਕਰ ਸਕਦਾ, ਉਹ ਅੱਜ ਆਪਣੇ ਪਾਪਾਂ ‘ਤੇ ਪਰਦਾ ਪਾਉਣ ਲਈ ਸਿੱਖ ਪੰਥ ਦੀਆਂ ਮਹਾਨ ਸੰਸਥਾਵਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਸਿਆਸਤ ਤੋਂ ਬਹੁਤ ਉੱਪਰ ਹੈ ਅਤੇ ਕੋਈ ਵੀ ਮੁੱਖ ਮੰਤਰੀ ਇਸ ਤੋਂ ਵੱਡਾ ਨਹੀਂ ਹੋ ਸਕਦਾ। ਉਨ੍ਹਾਂ ਨੇ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਕਿ ਉਹ ਤੁਰੰਤ ਜਥੇਦਾਰ ਸਾਹਿਬ ਖ਼ਿਲਾਫ਼ ਬਿਆਨਬਾਜ਼ੀ ਬੰਦ ਕਰਨ ਅਤੇ ਇੱਕ ਨਿਮਾਣੇ ਸਿੱਖ ਵਜੋਂ ਅਕਾਲ ਤਖ਼ਤ ਸਾਹਿਬ ‘ਤੇ ਹਾਜ਼ਰ ਹੋ ਕੇ ਅਪਣੀਆਂ ਭੁੱਲਾਂ ਦੀ ਖਿਮਾ ਜਾਚਨਾ ਕਰਨ, ਨਹੀਂ ਤਾਂ ਸਿੱਖ ਕੌਮ ਉਨ੍ਹਾਂ ਦੇ ਇਸ ਹੰਕਾਰ ਦਾ ਮੂੰਹ-ਤੋੜ ਜਵਾਬ ਦੇਵੇਗੀ।
- Download Babushahi App
-
-