ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਦਾਣਾ ਦਾਣਾ ਵਿਕਣ ਤੱਕ ਝੋਨੇ ਦੀ ਖਰੀਦ ਜਾਰੀ ਰੱਖਣ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ,19 ਨਵੰਬਰ 2025: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬੰਦ ਕੀਤੀ ਹੋਈ ਖਰੀਦ ਝੋਨੇ ਦਾ ਦਾਣਾ ਦਾਣਾ ਖਰੀਦਣ ਤੱਕ ਜਾਰੀ ਰੱਖਣ ਦੀ ਮੰਗ ਕੀਤੀ ਹੈ। ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ ,ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਦਾਣਾ ਦਾਣਾ ਘੱਟੋ ਘੱਟ ਸਰਕਾਰੀ ਖਰੀਦ ਮੁੱਲ ਤੇ ਖਰੀਦਣ ਦਾ ਐਲਾਨ ਕੀਤਾ ਸੀ ਪਰ ਕੁਝ ਦਿਨ ਪਹਿਲਾਂ ਜ਼ਿਲ੍ਹਾ ਮਾਨਸਾ ਵਿੱਚ ਝੋਨੇ ਦੀ ਖਰੀਦ ਬੰਦ ਕੀਤੀ ਤਾਂ ਜਥੇਬੰਦੀ ਵੱਲੋਂ ਧਰਨਾ ਲਾ ਕੇ ਖਰੀਦ ਸ਼ੁਰੂ ਕਰਵਾਈ ਗਈ।, ਇਸੇ ਤਰ੍ਹਾਂ ਹੀ ਘੁੰਮਣ ਕਲਾਂ ਦੀ ਮੰਡੀ ਵਿੱਚ ਵੀ ਖਰੀਦ ਕਰਨ ਤੋਂ ਜਵਾਬ ਦੇ ਦਿੱਤਾ ਪਰ ਜਦੋਂ ਜਥੇਬੰਦੀ ਨੇ ਸੰਘਰਸ਼ ਦਾ ਐਲਾਨ ਕੀਤਾ ਤਾਂ ਉਹ ਖਰੀਦ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਅੱਜ ਪਿੰਡ ਜੇਠੂਕੇ ਦੀ ਦਾਣਾ ਮੰਡੀ ਵਿੱਚ ਇੰਸਪੈਕਟਰ ਦੁਆਰਾ ਖਰੀਦੇ ਹੋਏ ਝੋਨੇ ਨੂੰ ਸਰਕਾਰੀ ਰਿਕਾਰਡ ਵਿੱਚ ਦਰਜ ਕਰਨ ਤੋਂ ਜਵਾਬ ਦੇ ਦਿੱਤਾ ਹੈ ਜਿਸ ਕਾਰਨ ਕਿਸਾਨਾਂ ਦੀ ਝੋਨੇ ਦੀ ਪੇਮੈਂਟ ਲੈਣ ਲਈ ਖੱਜਲ ਖੁਆਰ ਹੋਣਾ ਪਵੇਗਾ ਜਾਂ ਸ਼ੈਲਰ ਮਾਲਕਾਂ ਹੱਥੋ ਲੁੱਟ ਕਰਵਾਉਣੀ ਪਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਹਾਲੇ ਝੋਨਾ ਮੰਡੀਆਂ ਵਿੱਚ ਬਹੁਤ ਪਿਆ ਹੈ ਅਤੇ ਇੱਕਾ ਦੁੱਕਾ ਖੇਤਾਂ ਵਿੱਚ ਵੀ ਖੜ੍ਹਾ ਹੈ ਪਰ ਸਰਕਾਰ ਦੁਆਰਾ ਝੋਨੇ ਦੀ ਖਰੀਦ ਬੰਦ ਕਰਕੇ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਵਪਾਰੀਆਂ ਜਾਂ ਸ਼ੈਲਰ ਮਾਲਕਾਂ ਦੇ ਹੱਥੋਂ ਲੁੱਟ ਕਰਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਨਾ ਕੀਤੀ ਤਾਂ ਫੌਰੀ ਸੰਘਰਸ਼ ਵਿੱਢਿਆ ਜਾਵੇਗਾ।ਉਹਨਾਂ ਕਿਸਾਨਾਂ ਨੂੰ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ ।