ਪੱਟੀ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਦੋ ਸਕੇ ਭਰਾਵਾਂ ਦੀ ਦਰਦਨਾਕ ਮੌਤ
ਪਰਿਵਾਰ ਵਿੱਚ ਬਚੀ ਸਿਰਫ਼ ਬਜ਼ੁਰਗ ਮਾਂ
ਬਲਜੀਤ ਸਿੰਘ
ਪੱਟੀ/ਤਰਨ ਤਾਰਨ, 2 ਨਵੰਬਰ, 2026 : ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਤਾਰਾਂ ਵਾਲੇ ਸਰਕਾਰੀ ਸਕੂਲ ਨੇੜੇ ਰਹਿ ਰਹੇ ਇੱਕ ਗ਼ਰੀਬ ਪਰਿਵਾਰ ਵਿੱਚ ਨਸ਼ੇ ਨੇ ਵੱਡਾ ਉਜਾੜਾ ਕਰ ਦਿੱਤਾ ਹੈ, ਜਿੱਥੇ ਨਸ਼ੇ ਦੀ ਵੱਧ ਮਾਤਰਾ (ਓਵਰਡੋਜ਼) ਲੈਣ ਕਾਰਨ ਦੋ ਸਕੇ ਭਰਾਵਾਂ ਦੀ ਕੁਝ ਘੰਟਿਆਂ ਦੇ ਵਫ਼ਕੇ ਦੌਰਾਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਗੁਰਦੀਪ ਸਿੰਘ ਉਰਫ਼ ਰਾਜੂ (36) ਅਤੇ ਉਸ ਦੇ ਛੋਟੇ ਭਰਾ ਸੋਨਾ (34) ਵਜੋਂ ਹੋਈ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਭਰਾ ਸਰਕਾਰੀ ਹਸਪਤਾਲੋਂ ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਲਿਆਉਂਦੇ ਸਨ ਅਤੇ ਵੱਡਾ ਭਰਾ ਸਮੈਕ ਪੀਣ ਦਾ ਵੀ ਆਦੀ ਸੀ। ਦੇਰ ਰਾਤ ਦੋਵਾਂ ਵੱਲੋਂ ਨਸ਼ੇ ਦੀ ਓਵਰਡੋਜ਼ ਲੈ ਲਈ ਗਈ, ਜਿਸ ਕਾਰਨ ਪਹਿਲਾਂ ਵੱਡੇ ਭਰਾ ਦੀ ਮੌਤ ਹੋ ਗਈ ਅਤੇ ਉਸ ਤੋਂ ਮਹਿਜ਼ ਦੋ ਘੰਟੇ ਬਾਅਦ ਛੋਟੇ ਭਰਾ ਨੇ ਵੀ ਦਮ ਤੋੜ ਦਿੱਤਾ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਹੁਣ ਸਿਰਫ਼ ਬਜ਼ੁਰਗ ਮਾਂ ਸੁਰਿੰਦਰ ਕੌਰ ਹੀ ਬਚੀ ਹੈ, ਜਿਸ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਾਂ ਸੁਰਿੰਦਰ ਕੌਰ ਅਤੇ ਭੈਣਾਂ ਸਤਿੰਦਰ ਕੌਰ ਤੇ ਸ਼ਰਨਜੀਤ ਕੌਰ ਨੇ ਦੱਸਿਆ ਕਿ ਪੁਲਿਸੀਏ ਝਮੇਲਿਆਂ ਅਤੇ ਖੱਜਲ-ਖ਼ੁਆਰੀ ਤੋਂ ਬਚਣ ਲਈ ਉਨ੍ਹਾਂ ਨੇ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਅਤੇ ਨੌਜਵਾਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ। ਪੀੜਤ ਬਜ਼ੁਰਗ ਮਾਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀਆਂ ਅੱਗੇ ਗੁਹਾਰ ਲਾਈ ਹੈ ਕਿ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਵੱਡੇ ਲੜਕੇ ਦੇ ਛੋਟੇ ਬੱਚੇ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਕੀਤਾ ਜਾ ਸਕੇ।
- Download Babushahi App
-
-