ਪੰਜਾਬ ਸਰਕਾਰ ਮਹਿਲਾ ਉੱਦਮੀ ਸਨਮਾਨ ਸਮਾਰੋਹ–2026 ਤਹਿਤ ਜ਼ਿਲ੍ਹੇ ਦੀਆਂ ਉੱਦਮੀ ਮਹਿਲਾਵਾਂ ਨੂੰ ਕੀਤਾ ਸਨਮਾਨਿਤ
ਨਵਾਂਸ਼ਹਿਰ, 13 ਮਾਰਚ:-
ਉੱਦਮੀ ਮਹਿਲਾਵਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਵਿਖੇ ਪੰਜਾਬ ਸਰਕਾਰ ਮਹਿਲਾ ਉੱਦਮੀ ਸਨਮਾਨ ਸਮਾਰੋਹ–2026 ਤਹਿਤ ਜ਼ਿਲ੍ਹੇ ਦੀਆਂ ਉੱਦਮੀ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਵੱਲੋਂ ਸ਼ਮਾ ਰੋਸ਼ਨ ਕਰਕੇ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ। ਇਸ ਸਮਾਰੋਹ ਵਿੱਚ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਅਤੇ ਚੇਅਰਮੈਨ ਜ਼ਿਲ੍ਹਾ ਨਗਰ ਸੁਧਾਰ ਟਰੱਸਟ ਸਤਨਾਮ ਸਿੰਘ ਜਲਵਾਹਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਅੱਜ ਅਸੀਂ ਉੱਦਮੀ ਮਹਿਲਾਵਾਂ ਨੂੰ ਸਨਮਾਨਿਤ ਕਰ ਰਹੇ ਹਾਂ।ਜਿਨ੍ਹਾਂ ਆਪਣਾ ਕਾਰੋਬਾਰ ਆਪਣੀ ਮਿਹਨਤ ਨਾਲ ਸ਼ੁਰੂ ਕੀਤਾ ਅਤੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਕਰਕੇ ਤਰੱਕੀ ਕੀਤੀ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਆਰਥਿਕ ਸਸ਼ਕਤੀਕਰਨ ਅਤੇ ਆਜੀਵਿਕਾ ਮਜਬੂਤੀ ਵਿੱਚ ਇਸ ਤਰ੍ਹਾਂ ਦੇ ਸਮਾਰੋਹ ਵਿਸ਼ੇਸ਼ ਯੋਗਦਾਨ ਪਾਉਂਦੇ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਸਬੰਧੀ ਸਨਮਾਨ ਸਮਾਰੋਹ ਅੱਜ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਵਿਖੇ ਕਰਵਾਇਆ ਗਿਆ ਜਿੱਥੇ ਮਹਿਲਾ ਉੱਦਮੀਆਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਿਲੈਕਸ਼ਨ ਲਈ ਬਿਜ਼ਨਸ ਕੈਟਾਗਰੀਆਂ ਖੇਤ ਤੋਂ ਰਸੋਈ, ਸੇਵਾ ਤੋਂ ਸਵੈ-ਨਿਰਭਰਤਾ - ਸੇਵਾ ਖੇਤਰ ਦੇ ਉੱਦਮੀ, ਡਿਜੀਟਲ ਭੈਣਾਂ - ਤਕਨੀਕੀ-ਯੋਗ ਅਤੇ ਆਨਲਾਈਨ ਵਪਾਰ ਕਾਰੋਬਾਰ, ਹਰੇ ਯੋਧੇ - ਵਾਤਾਵਰਣ ਅਨੁਕੂਲ, ਟਿਕਾਊ ਅਤੇ ਰੀਸਾਈਕਲਿੰਗ ਉੱਦਮੀ, ਪਹਿਲੀ ਪਛਾਣ ਔਰਤਾਂ - ਨੌਜਵਾਨ, ਸਵੈ-ਸਹਾਇਤਾ ਸਮੂਹ ਅਤੇ ਪਹਿਲੀ ਪੀੜ੍ਹੀ ਦੇ ਉੱਦਮੀ, ਨੌਕਰੀ ਸਿਰਜਣਹਾਰ - ਮਹਿਲਾ ਉਤਪਤੀ ਰੁਜ਼ਗਾਰ, ਕਲਾ ਸਿਰਜਣਹਾਰ - ਕਲਾ, ਸ਼ਿਲਪਕਾਰੀ, ਡਿਜ਼ਾਈਨ ਅਤੇ ਹੱਥ ਨਾਲ ਬਣੇ ਉੱਦਮ, ਸਿਹਤ ਅਤੇ ਤੰਦਰੁਸਤੀ ਉੱਦਮੀ- ਦੇਖਭਾਲ, ਤੰਦਰੁਸਤੀ, ਪੋਸ਼ਣ, ਥੈਰੇਪੀ, ਸਿੱਖਿਆ ਅਤੇ ਸਿਖਲਾਈ ਉੱਦਮੀ - ਸਿੱਖਿਆ ਅਤੇ ਸਿਖਲਾਈ ਉੱਦਮੀ, ਸਮਾਜਿਕ ਪ੍ਰਭਾਵ ਚੈਂਪੀਅਨ - ਭਾਈਚਾਰੇ-ਸੰਚਾਲਿਤ ਅਤੇ ਉਦੇਸ਼-ਅਗਵਾਈ ਵਾਲੇ ਉੱਦਮ ਅਤੇ ਕੁੱਲ ਸ਼੍ਰੇਣੀ "30 ਤੋਂ ਘੱਟ 30" ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਅੱਜ ਬਲਾਕ ਪੱਧਰ ਤੇ ਚੁਣੀਆਂ ਮਹਿਲਾਵਾਂ ਵਿੱਚੋਂ 100 ਮਹਿਲਾਵਾਂ ਦਾ ਜ਼ਿਲ੍ਹਾ ਪੱਧਰ ‘ਤੇ ਸਨਮਾਨ ਕੀਤਾ ਗਿਆ ਹੈ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਯੂ.ਪੀ.ਐਸ.ਸੀ. (Air65) ਰਾਖੀ ਅਤੇ (Air315) ਕ੍ਰਿਤਿਕਾ ਨੇ ਮਹਿਲਾਵਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕੋਈ ਵੀ ਕੰਮ ਮੁਸ਼ਕਲ ਜ਼ਰੂਰ ਹੁੰਦਾ ਹੈ ਪਰ ਦ੍ਰਿੜ ਇਰਾਦੇ ਅਤੇ ਮਿਹਨਤ ਨਾਲ ਸਫ਼ਲਤਾ ਦਾ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਤਮ ਨਿਰਭਰ ਮਹਿਲਾਵਾਂ ਬਣਨ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤਰੱਕੀ ਦੀ ਰਾਹ ‘ਤੇ ਪ੍ਰਗਤੀ ਕਰ ਰਿਹਾ ਹੈ।
ਇਸ ਮੌਕੇ ‘ਤੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਅਤੇ ਚੇਅਰਮੈਨ ਜ਼ਿਲ੍ਹਾ ਨਗਰ ਸੁਧਾਰ ਟਰੱਸਟ ਸਤਨਾਮ ਸਿੰਘ ਜਲਵਾਹਾ ਵੱਲੋਂ 'ਪੰਜਾਬ ਸਰਕਾਰ ਮਹਿਲਾ ਉੱਦਮੀ ਸਨਮਾਨ' 2026 ਤਹਿਤ ਅੱਜ ਉਨ੍ਹਾਂ ਨਿਡਰ ਮਹਿਲਾਵਾਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਆਪਣੀ ਹਿੰਮਤ ਨਾਲ ਤਕਦੀਰਾਂ ਬਦਲ ਦਿੱਤੀਆਂ। ਘਰ ਦੀ ਆਰਥਿਕ ਨੀਂਹ ਮਜ਼ਬੂਤ ਕਰਨ ਤੋਂ ਲੈ ਕੇ ਸਮਾਜ ਲਈ ਪ੍ਰੇਰਨਾ ਦਾ ਮੁਨਾਰਾ ਬਣਨ ਤੱਕ ਦਾ ਇਨ੍ਹਾਂ ਦਾ ਸਫ਼ਰ ਬੇਮਿਸਾਲ ਹੈ। ਇਹ ਸਨਮਾਨ ਇਨ੍ਹਾਂ ਦੇ ਅਥੱਕ ਜਜ਼ਬੇ ਨੂੰ ਇੱਕ ਨਿਮਾਣੀ ਜਿਹੀ ਭੇਂਟ ਹੈ। ਇਸ ਮੌਕੇ ਅੰਚਲ ਅਹੂਜਾ ਅਰੋੜਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਗਰੂਪ ਸਿੰਘ, ਸੋਨੀਆ ਅੰਗਰੀਸ਼ ਆਦਿ ਹਾਜ਼ਰ ਸਨ।
Click to Follow Babushahi Facebook page →