ਪੰਜਾਬ ਵਿੱਚ ਕਣਕ ਦੀ ਖਰੀਦ ਤੋਂ ਪਹਿਲਾਂ ਮੰਡੀਆਂ ‘ਚ ਮੰਡਰਾ ਰਿਹਾ ਹੜਤਾਲ ਦਾ ਖਤਰਾ, ਆੜਤੀਆਂ ਨੇ ਦਿੱਤੀ ਚੇਤਾਵਨੀ
ਰਵਿੰਦਰ ਸਿੰਘ
ਖੰਨਾ, 10 ਮਾਰਚ 2026
ਪੰਜਾਬ ਵਿੱਚ ਇੱਕ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ, ਪਰ ਇਸ ਤੋਂ ਪਹਿਲਾਂ ਹੀ ਮੰਡੀਆਂ ਵਿੱਚ ਹੜਤਾਲ ਦਾ ਖਤਰਾ ਮੰਡਰਾਉਂਦਾ ਦਿਖਾਈ ਦੇ ਰਿਹਾ ਹੈ। ਆੜਤੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਇੱਕ ਅਪ੍ਰੈਲ ਤੋਂ ਹੜਤਾਲ ‘ਤੇ ਜਾ ਸਕਦੇ ਹਨ ਅਤੇ ਕਣਕ ਦੀ ਖਰੀਦ ਦਾ ਬਾਈਕਾਟ ਕਰ ਸਕਦੇ ਹਨ।
ਇਸ ਸਬੰਧੀ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿੱਚ ਆੜਤੀਆਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਆੜਤੀ ਸ਼ਾਮਲ ਹੋਏ। ਮੀਟਿੰਗ ਦੌਰਾਨ ਆੜਤੀਆਂ ਨੇ ਦੋ ਮੁੱਖ ਮਸਲਿਆਂ ‘ਤੇ ਚਰਚਾ ਕੀਤੀ। ਪਹਿਲਾ ਮੁੱਦਾ ਆੜਤੀਆਂ ਦੀ ਢਾਈ ਫੀਸਦੀ ਆੜਤ (ਕਮਿਸ਼ਨ) ਨੂੰ ਲੈ ਕੇ ਹੈ। ਆੜਤੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਇਹ ਢਾਈ ਫੀਸਦੀ ਆੜਤ ਉਹਨਾਂ ਦਾ ਹੱਕ ਹੈ ਅਤੇ ਇਸ ਵਿੱਚ ਕਟੌਤੀ ਕਰਕੇ ਉਹਨਾਂ ਦੇ ਅਧਿਕਾਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਲਈ ਉਹ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਆੜਤੀਆਂ ਦੀ ਢਾਈ ਫੀਸਦੀ ਆੜਤ ਨੂੰ ਮੁੜ ਬਹਾਲ ਕੀਤਾ ਜਾਵੇ। ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜੇਕਰ ਕੇਂਦਰ ਢਾਈ ਫੀਸਦੀ ਆੜਤ ਨਹੀਂ ਕੀਤੀ ਜਾਂਦੀ ਤਾਂ ਪੰਜਾਬ ਆਪਣੇ ਵੱਲੋਂ ਵਾਧਾ ਕਰੇਗੀ। ਹਰਿਆਣਾ ਸਰਕਾਰ ਨੇ 9 ਰੁਪਏ ਪ੍ਰਤੀ ਕੁਇੰਟਲ ਵਧਾ ਕੇ ਆੜਤ 55 ਰੁਪਏ ਕਰ ਦਿੱਤੀ ਹੈ। ਪੰਜਾਬ ਸਰਕਾਰ ਵੀ ਹਰਿਆਣਾ ਦੇ ਬਰਾਬਰ ਆੜਤ ਕਰੇ।
ਦੂਜਾ ਵੱਡਾ ਮੁੱਦਾ ਈਪੀਐਫ (ਕਰਮਚਾਰੀ ਭਵਿੱਖ ਨਿਧਿ) ਦੇ ਕਾਨੂੰਨ ਨੂੰ ਲੈ ਕੇ ਹੈ। ਆੜਤੀਆਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਵੱਲੋਂ ਇਹ ਕਾਨੂੰਨ ਜ਼ਬਰਦਸਤੀ ਉਹਨਾਂ ‘ਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਖੰਨਾ ਮੰਡੀ ਦੇ ਕਰੀਬ 100 ਆੜਤੀਆਂ ਨੂੰ ਈਪੀਐਫ ਵਿਭਾਗ ਵੱਲੋਂ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਉਹਨਾਂ ਨੂੰ ਸੁਣਵਾਈ ਲਈ ਤਰੀਕਾਂ ‘ਤੇ ਬੁਲਾਇਆ ਜਾ ਰਿਹਾ ਹੈ। ਆੜਤੀਆਂ ਨੇ ਇਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਹੈ।
ਆੜਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਆੜਤੀਆਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਸੁਣਿਆ ਗਿਆ ਤਾਂ ਆੜਤੀ ਵੱਡੇ ਪੱਧਰ ‘ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਹਨਾਂ ਨੇ ਕਿਹਾ ਕਿ ਇੱਕ ਅਪ੍ਰੈਲ ਤੋਂ ਕਣਕ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਜੇਕਰ ਇਸ ਤੋਂ ਪਹਿਲਾਂ ਸਰਕਾਰ ਨੇ ਕੋਈ ਹੱਲ ਨਾ ਕੱਢਿਆ ਤਾਂ
ਆੜਤੀ ਹੜਤਾਲ ‘ਤੇ ਜਾ ਸਕਦੇ ਹਨ, ਜਿਸ ਦਾ ਸਿੱਧਾ ਅਸਰ ਕਣਕ ਦੀ ਖਰੀਦ ‘ਤੇ ਪਵੇਗਾ।
ਇਸ ਮਾਮਲੇ ਨੂੰ ਹੋਰ ਗੰਭੀਰਤਾ ਨਾਲ ਵਿਚਾਰਨ ਲਈ 16 ਮਾਰਚ ਨੂੰ ਹਰੀਕੇ ਪੱਤਣ ਵਿਖੇ ਸੂਬਾ ਪੱਧਰੀ ਕਾਨਫਰੰਸ ਬੁਲਾਈ ਗਈ ਹੈ। ਇਸ ਕਾਨਫਰੰਸ ਵਿੱਚ ਪੰਜਾਬ ਭਰ ਤੋਂ ਆੜਤੀ ਇਕੱਠੇ ਹੋਣਗੇ ਅਤੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਆੜਤੀਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਢਾਈ ਫੀਸਦੀ ਆੜਤ ਮੁੜ ਬਹਾਲ ਨਾ ਕੀਤੀ ਗਈ ਅਤੇ ਈਪੀਐਫ ਦੇ ਮਸਲੇ ‘ਤੇ ਰਾਹਤ ਨਾ ਦਿੱਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
Click to Follow Babushahi Facebook page →