ਪੰਜਾਬ ਮੰਡੀ ਬੋਰਡ ਨੇ ਸਿਰਜੇ ਵਿਕਾਸ ਦੇ ਨਵੇਂ ਕੀਰਤੀਮਾਨ : ਹਰਚੰਦ ਸਿੰਘ ਬਰਸਟ
--- ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਦੀ ਅਗਵਾਈ ਹੇਠ ਬੋਰਡ ਆਫ ਡਾਇਰੈਕਟਰਜ਼ ਦੀ ਹੋਈ ਅਹਿਮ ਮੀਟਿੰਗ
--- ਹਲਕਾ ਸਮਾਣਾ ਦੇ ਪਿੰਡ ਦਦਹੇੜਾ ਦੀ ਪੰਚਾਇਤ ਨੇ ਮੰਡੀ ਬਣਾਉਣ ਲਈ 18 ਕਿਲੇ ਜ਼ਮੀਨ ਦਾਨ ਦਿੱਤੀ
--- ਸੂਬੇ ਦੀਆਂ 664 ਮੰਡੀਆਂ ਵਿੱਚ 197 ਕਰੋੜ ਰੁਪਏ ਨਾਲ ਬਣੇ ਕਵਰ ਸ਼ੈੱਡ
ਚੰਡੀਗੜ੍ਹ, 16 ਜੂਨ 2026 ( ) – ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਅੱਜ ਕਿਸਾਨ ਭਵਨ, ਚੰਡੀਗੜ੍ਹ ਵਿਖੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਮੰਡੀ ਬੋਰਡ ਨਾਲ ਸੰਬੰਧਤ ਵੱਖ-ਵੱਖ ਏਜੰਡਿਆਂ ਉੱਤੇ ਵਿਸਥਾਰ ਨਾਲ ਗੱਲਬਾਤ ਹੋਈ। ਇਸ ਮੌਕੇ ਅਹਿਮ ਏਜੰਡਿਆਂ ਨੂੰ ਪਾਸ ਕੀਤਾ ਗਿਆ ਅਤੇ ਜਲਦ ਤੋਂ ਜਲਦ ਅਮਲੀ-ਜਾਮਾਂ ਪਹਿਨਾਉਣ ਦਾ ਫੈਸਲਾ ਲਿਆ ਗਿਆ। ਇਸ ਮਗਰੋਂ ਪੱਤਰਕਾਰਵਾਰਤਾ ਦੌਰਾਨ ਸ. ਹਰਚੰਦ ਸਿੰਘ ਬਰਸਟ ਨੇ ਪਿਛਲੇ ਚਾਰ ਸਾਲਾਂ ਵਿੱਚ ਮੰਡੀ ਬੋਰਡ ਵੱਲੋਂ ਵਿਕਾਸੀ ਕੰਮਾਂ ਅਤੇ ਬੁਨਿਆਦੀ ਢਾਂਚੇ ਦੇ ਸੁਧਾਰ ਵਿੱਚ ਪ੍ਰਾਪਤ ਕੀਤੀਆਂ ਇਤਿਹਾਸਕ ਉਪਲਬੱਧੀਆਂ ਦਾ ਵੇਰਵਾ ਸਾਂਝਾ ਕੀਤਾ। ਚੇਅਰਮੈਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਡੀ ਬੋਰਡ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਵਚਨਬੱਧਤਾ ਨਾਲ ਕੰਮ ਕਰ ਰਿਹਾ ਹੈ।
ਇਸ ਦੌਰਾਨ ਚੇਅਰਮੈਨ ਸ. ਬਰਸਟ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਨੂੰ ਵਿਧਾਨ ਸਭਾ ਹਲਕਾ ਸਮਾਣਾ ਦੇ ਪਿੰਡ ਦਦਹੇੜਾ ਦੀ ਪੰਚਾਇਤ ਵੱਲੋਂ 18 ਕਿੱਲੇ ਜਮੀਨ ਫ੍ਰੀ ਆਫ਼ ਕਾਸਟ ਦਿੱਤੀ ਗਈ ਹੈ ਤਾਂ ਜੋ ਉੱਥੇ ਮੰਡੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਮੰਡੀ ਇਸ ਖੇਤਰ ਦੇ ਆਰਥਿਕ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਵੇਗੀ ਅਤੇ ਇਲਾਕੇ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸ ਮੌਕੇ ਸ. ਬਰਸਟ ਵੱਲੋਂ ਪਿੰਡ ਦਦਹੇੜਾ ਦੇ ਸਰਪੰਚ ਗੁਰਜੀਤ ਸਿੰਘ, ਪੰਚ ਤੋਤੀ, ਗੁਰਪ੍ਰੀਤ ਸਿੰਘ, ਗਿਆਨ ਦਾਸ, ਗੋਬਿੰਦ ਸਿੰਘ, ਗੁਰਬਖਸ ਸਿੰਘ, ਸੁਸ਼ੀਲਾ ਰਾਣੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਹਲਕਾ ਸਮਾਣਾ ਦੇ ਪਿੰਡ ਮਹਿਮਦਪੁਰ (ਪਟਿਆਲਾ) ਵਿਖੇ ਗ੍ਰਾਮ ਪੰਚਾਇਤ ਵੱਲੋਂ ਫਰੀ ਆਫ਼ ਕਾਸਟ ਦਿੱਤੀ 19 ਏਕੜ 6 ਕਨਾਲ 13 ਮਰਲੇ ਜਮੀਨ 'ਤੇ ਸਬ-ਯਾਰਡ ਬਣਾਇਆ ਗਿਆ ਹੈ, ਜਿਸ ਨੂੰ ਆਲੂ ਮੰਡੀ ਹੱਬ ਵੱਜੋਂ ਵਿਕਸਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 44,597 ਕਿਲੋਮੀਟਰ ਲੰਬਾਈ ਦੀਆਂ ਲਿੰਕ ਸੜਕਾਂ ਨੂੰ ਕਰੀਬ 13,339.01 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ, ਮਾਡਰਨਾਈਜੇਸ਼ਨ ਅਤੇ ਅਪਗ੍ਰੇਡੇਸ਼ਨ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਕੀਮਤੀ ਜਾਨਾਂ ਬਚਾਉਣ ਲਈ 13,865 ਕਿਲੋਮੀਟਰ ਲੰਬਾਈ ਦੀਆਂ ਲਿੰਕ ਸੜਕਾਂ 'ਤੇ ਕਰੀਬ 132.65 ਕਰੋੜ ਦੀ ਲਾਗਤ ਨਾਲ ਰੋਡ ਸੇਫਟੀ ਪ੍ਰੋਵੀਜ਼ਨ ਲਗਾਈਆਂ ਗਈਆਂ ਹਨ। ਸੂਬੇ ਦੇ ਪਿੰਡਾਂ ਦੀਆਂ 280 ਕਿਲੋਮੀਟਰ ਲੰਬਾਈ ਦੀਆਂ ਫਿਰਨੀਆਂ ਨੂੰ 235 ਕਰੋੜ ਰੁਪਏ ਦੀ ਲਾਗਤ ਨਾਲ ਸੀ.ਸੀ. (ਸੀਮੈਂਟ ਅਤੇ ਕੰਕਰੀਟ) ਨਾਲ ਮਾਡਰਨਾਈਜੇਸ਼ਨ ਕਰਨ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਸੂਬੇ ਦੀਆਂ ਲਿੰਕ ਸੜਕਾਂ ਤੇ ਪੈਂਦੇ 46 ਤੰਗ ਅਤੇ ਡੈਮੇਜ ਪੁਲਾਂ ਨੂੰ 20 ਕਰੋੜ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਗਿਆ ਹੈ।
ਵਿੱਤੀ ਸਾਲ 2025-26 ਦੌਰਾਨ ਪੰਜਾਬ ਰਾਜ ਦੀਆਂ 664 ਮੰਡੀਆਂ ਵਿੱਚ 197 ਕਰੋੜ ਦੀ ਲਾਗਤ ਨਾਲ ਕਵਰ ਸ਼ੈੱਡ ਬਣਾਏ ਗਏ ਹਨ ਅਤੇ 36 ਮੰਡੀਆਂ ਵਿੱਚ ਲਗਭਗ 24.40 ਕਰੋੜ ਦੀ ਲਾਗਤ ਨਾਲ ਸੋਲਰ ਪੈਨਲ ਲਗਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ ਲਗਭਗ 455.84 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੀਆਂ ਵੱਖ-ਵੱਖ ਮੰਡੀਆਂ ਦੀਆਂ ਅੰਦਰੂਨੀ ਸੜਕਾਂ, ਫੜ੍ਹਾਂ ਅਤੇ ਸ਼ੈਡਾਂ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਕਿਸਾਨਾਂ ਦੀ ਸਹੂਲਤ ਲਈ ਬੁੱਢਲਾਡਾ ਵਿਖੇ ਲਗਭਗ 34 ਕਰੋੜ ਰੁਪਏ ਦੀ ਲਾਗਤ ਨਾਲ 51.01 ਏਕੜ ਵਿੱਚ ਅਤੇ ਅਰਨੀਵਾਲਾ ਵਿਖੇ 1.14 ਕਰੋੜ ਰੁਪਏ ਦੀ ਲਾਗਤ ਨਾਲ 12 ਏਕੜ ਜਮੀਨ ਤੇ ਨਵੀਆਂ ਅਨਾਜ ਮੰਡੀਆਂ ਸਥਾਪਿਤ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਆਧੁਨਿਕ ਤਕਨੀਕ ਨੂੰ ਅਪਣਾਉਂਦਿਆਂ ਹੋਇਆ 2022-23 ਤੋਂ 2025-26 ਤੱਕ ਕਿਸਾਨਾਂ ਨੂੰ ਲਗਭਗ 1 ਕਰੋੜ ਜੇ-ਫਾਰਮ ਵਟਸਐਪ ਅਤੇ ਡਿਜੀਲਾਕਰ ਰਾਹੀਂ ਭੇਜੇ ਜਾ ਚੁੱਕੇ ਹਨ, ਜਿਸ ਲਈ ਪੰਜਾਬ ਮੰਡੀ ਬੋਰਡ ਨੂੰ ਰਾਸ਼ਟਰੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ ਹੈ। ਇਸ ਤੋਂ ਇਲਾਵਾ ਤਰਸ ਦੇ ਆਧਾਰ 'ਤੇ 37 ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, ਜਦਕਿ ਸਿੱਧੀ ਭਰਤੀ ਰਾਹੀਂ 42 ਜੂਨੀਅਰ ਇੰਜੀਨੀਅਰਾਂ ਦੀ ਨਿਯੁਕਤ ਕੀਤੀ ਗਈ ਹੈ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਤੋਂ 39 ਕਲਰਕਾਂ ਨੂੰ ਮੰਡੀ ਬੋਰਡ ਵਿਖੇ ਮਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਲ 2025 ਵਿੱਚ ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ 10 ਪ੍ਰਤੀਸ਼ਤ ਦਾ ਇਤਿਹਾਸਕ ਵਾਧਾ ਕੀਤਾ ਗਿਆ।
ਸ. ਬਰਸਟ ਨੇ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਖਾਲੀ ਪਏ ਪਲਾਟਾਂ ਦੀ ਬੋਲੀ ਕਰਵਾਈ ਜਾ ਰਹੀ ਹੈ ਅਤੇ ਸਾਲ 2022 ਤੋਂ ਹੁਣ ਤੱਕ ਈ-ਆਕਸ਼ਨ ਰਾਹੀਂ ਵੱਖ-ਵੱਖ ਮੰਡੀਆਂ ਵਿੱਚ 630 ਕਰੋੜ ਰੁਪਏ ਦੇ 1,661 ਪਲਾਟ ਵੇਚੇ ਗਏ। ਉਨ੍ਹਾਂ ਦੱਸਿਆ ਕਿ ਸਾਲ 2022-23 ਦੌਰਾਨ ਮੂੰਗੀ ਦੀ ਐਮ.ਐਸ.ਪੀ. ਤੇ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ ਸੀ ਅਤੇ ਸਾਉਣੀ ਸੀਜਨ 2025 ਦੌਰਾਨ ਪਾਇਲਟ ਪ੍ਰੋਜੈਕਟ ਅਧੀਨ 6 ਜ਼ਿਲ੍ਹਿਆਂ ਵਿੱਚ ਮੱਕੀ ਦੀ ਖਰੀਦ ਵੀ ਐਮ.ਐਸ.ਪੀ. 'ਤੇ ਸ਼ੁਰੂ ਕੀਤੀ ਗਈ।
ਪੰਜਾਬ ਦੀਆਂ ਮੰਡੀਆਂ ਵਿੱਚ ਲੋਕਾਂ ਦੀਆਂ ਸਹੂਲਤਾਂ ਅਤੇ ਮੰਡੀ ਬੋਰਡ ਦੀ ਆਮਦਨ ਵਿੱਚ ਵਾਧਾ ਕਰਨ ਲਈ ਵਿਸ਼ੇਸ਼ ਪੱਧਰ ਤੇ ਕਾਰਜ ਕੀਤੇ ਜਾ ਰਹੇ ਹਨ। ਇਸਦੇ ਤਹਿਤ ਮਾਰਕਿਟ ਕਮੇਟੀ ਰਾਜਪੁਰਾ, ਪਟਿਆਲਾ, ਜਲੰਧਰ ਸਿਟੀ, ਮਹਿਤਪੁਰ, ਭਗਤਾਂਵਾਲਾ, ਮਾਨਸਾ, ਬੋਹਾ, ਭਿੱਖੀ ਅਤੇ ਤਪਾ ਵਿਖੇ ਏ.ਟੀ.ਐਮ. ਲਗਾਏ ਜਾ ਚੁੱਕੇ ਹਨ। ਇਸਦੇ ਨਾਲ ਹੀ ਲੁਧਿਆਣਾ ਅਤੇ ਸੰਗਰੂਰ ਵਿਖੇ ਵੱਖ-ਵੱਖ ਥਾਵਾਂ ਤੇ ਵਿਗਿਆਪਨਾਂ ਲਈ 12 ਯੂਨੀਪੋਲ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਤੇ ਫਗਵਾੜਾ (ਕਪੂਰਥਲਾ) ਵਿਖੇ ਫਲ/ਸਬਜੀ ਮੰਡੀਆਂ ਦੀ ਰਹਿੰਦ-ਖੁਹੰਦ ਨੂੰ ਡਿਸਪੋਜ਼ ਆਫ਼ ਕਰਨ ਲਈ ਵੇਸਟ ਮੈਨੇਜਮੈਂਟ ਪਲਾਂਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸਦੇ ਨਾਲ ਫੁਗਲਾਣਾ (ਹੁਸ਼ਿਆਰਪੁਰ) ਵਿਖੇ ਪਿਛਲੇ ਕੁਝ ਸਾਲਾਂ ਤੋਂ ਬੰਦ ਪਏ ਮੇਜ ਡਰਾਇਰ ਨੂੰ 5 ਸਾਲਾਂ ਲਈ ਲੀਜ਼ 'ਤੇ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਸੂਬੇ ਭਰ ਦੀਆਂ ਮੰਡੀਆਂ ਨੂੰ ਸਮਾਜਿਕ ਪ੍ਰੋਗਰਾਮਾਂ ਲਈ ਬਹੁਤ ਹੀ ਘੱਟ ਰੇਟ ਤੇ ਕਿਰਾਏ ਤੇ ਦਿੱਤਾ ਜਾਂਦਾ ਹੈ, ਜਦਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਆਫ਼ ਸੀਜਨ ਦੌਰਾਨ ਮੰਡੀਆਂ ਦੇ ਕਵਰ ਸ਼ੈੱਡਾਂ ਵਿੱਚ ਇਨਡੋਰ ਗੇਮਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪੰਜਾਬ ਮੰਡੀ ਬੋਰਡ ਵੱਲੋਂ ਸੂਬੇ ਦੇ ਵਾਤਾਵਰਨ ਦੀ ਸ਼ੁਧਤਾ ਲਈ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਪਿਛਲੇ ਚਾਰ ਸਾਲਾਂ ਦੌਰਾਨ ਹੁਣ ਤੱਕ ਲਗਭਗ 1,21,299 ਬੂਟੇ ਲਗਾਏ ਜਾ ਚੁੱਕੇ ਹਨ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਬੂਟੇ ਲਗਾਏ ਜਾਣਗੇ। ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਸੂਬੇ ਦੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵਿਕਾਸ ਦੇ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।
- Download Babushahi App
-
-