ਪੰਜਾਬ ਤੋਂ ਉੱਤਰਾਖੰਡ ਵੱਲ ਗਏ ਨਿਹੰਗਾਂ ਨੂੰ ਕੁਲਹਾਲ ਸਰਹੱਦ 'ਤੇ ਰੋਕਿਆ; ਪੁਲਿਸ ਛਾਉਣੀ 'ਚ ਤਬਦੀਲ ਹੋਇਆ ਇਲਾਕਾ
ਹੇਮਕੁੰਟ ਸਾਹਿਬ ਯਾਤਰਾ ਦੌਰਾਨ ਹੋਏ ਝਗੜੇ ਅਤੇ ਨਿਹੰਗ ਸਿੰਘਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਪੰਜਾਬ ਤੋਂ ਉੱਤਰਾਖੰਡ ਵੱਲ ਵਧਿਆ ਜਥਾ
ਪੁਲਿਸ ਅਤੇ ITBP ਦੇ ਜਵਾਨਾਂ ਨੇ ਬਾਰਡਰ 'ਤੇ ਹੀ ਰੋਕਿਆ - "ਗ੍ਰਿਫ਼ਤਾਰ ਕੀਤੇ ਨਿਹੰਗ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ 'ਤੇ ਹੋਵੇ ਕਾਰਵਾਈ"- ਜਸਦੀਪ ਸਿੰਘ.
Babushahi Network
ਦੇਹਰਾਦੂਨ, 25 ਜੂਨ 2026- ਉੱਤਰਾਖੰਡ ਦੇ ਕਰਨਪ੍ਰਯਾਗ ਅਤੇ ਨਗਰਾਸੂ ਵਿਖੇ ਪਿਛਲੇ ਦਿਨੀਂ ਹੋਏ ਵਿਵਾਦ ਦੇ ਵਿਰੋਧ ਵਿੱਚ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਉੱਤਰਾਖੰਡ (ਕਰਨਪ੍ਰਯਾਗ) ਵੱਲ ਕੂਚ ਕਰ ਰਹੇ ਨਿਹੰਗ ਸਿੰਘਾਂ ਨੂੰ ਉੱਤਰਾਖੰਡ ਪੁਲਿਸ ਨੇ ਕੁਲਹਾਲ ਸਰਹੱਦ 'ਤੇ ਹੀ ਰੋਕ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਹਾਲ ਬਾਰਡਰ ਰਾਹੀਂ ਉੱਤਰਾਖੰਡ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ 300 ਤੋਂ ਵੱਧ ਨਿਹੰਗ ਸਿੰਘਾਂ ਦੇ ਜਥੇ ਨੂੰ ਪੁਲਿਸ ਨੇ ਅੱਗੇ ਵਧਣ ਨਹੀਂ ਦਿੱਤਾ। ਫਿਲਹਾਲ, ਸਾਰੇ ਨਿਹੰਗ ਸਿੰਘਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਭੇਜਿਆ ਗਿਆ ਹੈ, ਜਿੱਥੇ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਉਨ੍ਹਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ।
ਈਟੀਵੀ ਦੀ ਰਾਤ ਕਰੀਬ ਸਾਢੇ 8 ਵਜੇ ਛਪੀ ਰਿਪੋਰਟ ਦੇ ਮੁਤਾਬਿਕ, ਵਿਕਾਸਨਗਰ ਦੇ ਸੀਓ (CO) ਵਿਵੇਕ ਸਿੰਘ ਕੁਟੀਆਲ ਨੇ ਦੱਸਿਆ ਕਿ ਕੁਲਹਾਲ ਵਿਖੇ ਸਰਹੱਦ 'ਤੇ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨਿਹੰਗ ਸਿੰਘਾਂ ਵੱਲੋਂ 25 ਜੂਨ ਨੂੰ ਉੱਤਰਾਖੰਡ ਕੂਚ ਕਰਨ ਦੇ ਐਲਾਨ ਤੋਂ ਬਾਅਦ ਪੁਲਿਸ 24 ਜੂਨ ਦੀ ਸ਼ਾਮ ਤੋਂ ਹੀ ਪੂਰੀ ਤਰ੍ਹਾਂ ਅਲਰਟ 'ਤੇ ਸੀ। ਸਰਹੱਦ ਨੂੰ ਪੂਰੀ ਤਰ੍ਹਾਂ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਉੱਥੇ ਭਾਰੀ ਪੁਲਿਸ ਫੋਰਸ ਦੇ ਨਾਲ-ਨਾਲ ਆਈ.ਟੀ.ਬੀ.ਪੀ. (ITBP) ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ। ਪੁਲਿਸ ਮੁਤਾਬਕ ਨਿਹੰਗ ਸਿੰਘਾਂ ਦਾ ਇਹ ਜਥਾ ਮੋਹਾਲੀ ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਦੇਹਰਾਦੂਨ ਵੱਲ ਜਾ ਰਿਹਾ ਸੀ।
ਇਹ ਸਾਰਾ ਵਿਵਾਦ 16 ਜੂਨ ਨੂੰ ਚਮੋਲੀ ਜ਼ਿਲ੍ਹੇ ਦੇ ਕਰਨਪ੍ਰਯਾਗ ਵਿਖੇ ਵਾਪਰੀ ਇੱਕ ਘਟਨਾ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਕੇ ਪਰਤ ਰਹੇ ਕੁਝ ਨਿਹੰਗ ਸ਼ਰਧਾਲੂਆਂ ਦਾ ਉੱਥੋਂ ਦੇ ਸਥਾਨਕ ਲੋਕਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਹ ਬਹਿਸ ਕੁੱਟਮਾਰ ਵਿੱਚ ਬਦਲ ਗਈ, ਜਿਸ ਦੌਰਾਨ ਕਥਿਤ ਤੌਰ 'ਤੇ ਤਲਵਾਰਾਂ ਚੱਲਣ ਕਾਰਨ ਕੁਝ ਸਥਾਨਕ ਲੋਕ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਕਰਨਪ੍ਰਯਾਗ ਪੁਲਿਸ ਨੇ 4 ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਨਿਹੰਗ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਨਿਹੰਗ ਸਿੰਘਾਂ ਨੇ ਰੱਖੀਆਂ 3 ਮੁੱਖ ਮੰਗਾਂ
ਗੱਲਬਾਤ ਦੌਰਾਨ ਨਿਹੰਗ ਜਸਦੀਪ ਸਿੰਘ ਨੇ ਨਿਹੰਗ ਸਿੰਘਾਂ ਵੱਲੋਂ ਪ੍ਰਸ਼ਾਸਨ ਅੱਗੇ ਤਿੰਨ ਮੁੱਖ ਮੰਗਾਂ ਰੱਖੀਆਂ ਹਨ। ਉਨ੍ਹਾਂ ਕਿਹਾ, ਪਹਿਲੀ ਮੰਗ- ਜਿਸ ਪੁਲਿਸ ਅਧਿਕਾਰੀ ਨੇ ਨਿਹੰਗ ਸਿੰਘਾਂ ਖ਼ਿਲਾਫ਼ ਗਲਤ ਤਰੀਕੇ ਨਾਲ ਕੇਸ ਦਰਜ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ, ਉਸ ਜਾਂਚ ਅਧਿਕਾਰੀ (IO) ਨੂੰ ਤੁਰੰਤ ਬਰਖ਼ਾਸਤ (Terminate) ਕੀਤਾ ਜਾਵੇ। ਦੂਜੀ ਮੰਗ- ਇਸ ਪੂਰੀ ਘਟਨਾ ਲਈ ਜ਼ਿੰਮੇਵਾਰ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤੀਜੀ ਮੰਗ- ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਨਿਹੰਗ ਸਿੰਘਾਂ ਨੂੰ ਬਿਨਾਂ ਕਿਸੇ ਠੋਸ ਕੇਸ ਦੇ ਥਾਣੇ ਰੱਖਿਆ ਅਤੇ ਕੋਰਟ ਵਿੱਚ ਪੇਸ਼ ਕੀਤਾ, ਉਨ੍ਹਾਂ ਨੂੰ ਸਸਪੈਂਡ ਕੀਤਾ ਜਾਵੇ।
ਜਸਦੀਪ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, "ਅਸੀਂ ਇੱਥੋਂ ਉਦੋਂ ਹੀ ਵਾਪਸ ਜਾਵਾਂਗੇ, ਜਦੋਂ ਸਾਡੇ ਗ੍ਰਿਫ਼ਤਾਰ ਕੀਤੇ ਗਏ 4 ਨਿਹੰਗ ਸਿੰਘਾਂ ਨੂੰ ਰਿਹਾਅ ਕਰਕੇ ਸਾਡੇ ਨਾਲ ਤੋਰਿਆ ਜਾਵੇਗਾ। ਸਾਨੂੰ ਰੋਕਿਆ ਨਾ ਜਾਵੇ, ਸਾਨੂੰ ਰੁਦਰਪ੍ਰਯਾਗ ਜਾਣ ਦਿੱਤਾ ਜਾਵੇ।" ਫਿਲਹਾਲ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਅਤੇ ਪੁਲਿਸ ਅਧਿਕਾਰੀ ਗੱਲਬਾਤ ਰਾਹੀਂ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
- Download Babushahi App
-
-