ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕੁਦਰਤੀ ਖੇਤੀ ਲਈ ਦਿੱਤੀ ਸਿਖਲਾਈ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 03 ਨਵੰਬਰ,2025
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਭਾਰਤੀ ਖੇਤੀ ਖੋਜ ਸੰਸਥਾ-ਅਟਾਰੀ, ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਨੇ 'ਕੁਦਰਤੀ ਖੇਤੀ ‘ਤੇ ਰਾਸ਼ਟਰੀ ਮਿਸ਼ਨ’ ਤਹਿਤ ਕੁਦਰਤੀ ਖੇਤੀ ਸੰਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਕਰਾਇਆ ।
ਸਿਖਲਾਈ ਕੋਰਸ ਵਿੱਚ 20 ਕ੍ਰਿਸ਼ੀ ਸਖੀਆਂ ਅਤੇ ਕਿਸਾਨ ਵੀਰਾਂ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਮੌਕੇ ‘ਤੇ ਕੁਦਰਤੀ ਖੇਤੀ ਨਾਲ ਸੰਬੰਧਤ ਵੱਖ-ਵੱਖ ਪ੍ਰਕਿਰਿਆਵਾਂ, ਤਕਨੀਕਾਂ ਅਤੇ ਆਧੁਨਿਕ ਢੰਗ ਬਾਰੇ ਵਿਸਥਾਰ ਵਿੱਚ ਜਾਣੂ ਕਰਵਾਇਆ ਗਿਆ। ਇਸ ਸਿਖਲਾਈ ਕੋਰਸ ਦੀ ਸ਼ੁਰੂਆਤ ਕਰਦਿਆ ਉਪ ਨਿਰਦੇਸ਼ਕ (ਸਿਖਲਾਈ) ਡਾ. ਪ੍ਰਦੀਪ ਕੁਮਾਰ ਨੇ ਕਿਸਾਨ ਵੀਰਾਂ ਅਤੇ ਬੀਬੀਆਂ ਨੂੰ ਜ਼ਿਲੇ ਵਿੱਚ ਕੁਦਰਤੀ ਖੇਤੀ ‘ਤੇ ਚਲ ਰਹੇ 'ਨੈਸ਼ਨਲ ਮਿਸ਼ਨ ਆਨ ਨੇਚੁਰਲ ਫਾਰਮਿੰਗ' ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਕੁਦਰਤੀ ਉਤਪਾਦਾਂ ਦੀ ਮੰਡੀਕਰਣ ਤੋਂ ਵਧੇਰੇ ਆਮਦਨ ਬਾਰੇ ਦੱਸਿਆ ਅਤੇ ਕੁਦਰਤੀ ਖੇਤੀ ਅਪਣਾਉਣ ਨੂੰ ਤਰਜੀਹ ਦੇਣ ਦੀ ਤਾਕੀਦ ਕੀਤੀ।
ਸਿਖਲਾਈ ਦੌਰਾਨ ਸਹਾਇਕ ਪ੍ਰੋਫੈਸਰ ਡਾ. ਬਲਜੀਤ ਸਿੰਘ ਨੇ ਫਸਲਾਂ ਦੀ ਕੁਦਰਤੀ ਤੌਰ ‘ਤੇ ਕਾਸ਼ਤ ਸੰਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਫਸਲਾਂ ਦੀ ਕੁਦਰਤੀ ਢੰਗ ਨਾਲ ਬਿਜਾਈ, ਬੀਜ ਦੀ ਬੀਜ ਅਮ੍ਰਿੰਤ ਨਾਲ ਸੋਧ, ਜੀਵ ਅਮ੍ਰਿੰਤ ਰਾਹੀਂ ਖਾਦ ਦੀ ਸਪਲਾਈ, ਅਛਾਧੰਨ ਨਾਲ ਨਦੀਨ ਅਤੇ ਪਾਣੀ ਪ੍ਰਬੰਧਨ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਕੇ. ਵੀ. ਕੇ. ਵਿਖੇ 'ਕੁਦਰਤੀ ਖੇਤੀ' ਸੰਬੰਧੀ ਹੋ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਕੋਰਸ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਸਹਾਇਕ ਪ੍ਰੋਫੈਸਰ ਡਾ. ਆਰਤੀ ਵਰਮਾ ਨੇ ਬੀਜ ਅੰਮ੍ਰਿਤ, ਜੀਵ ਅੰਮ੍ਰਿਤ, ਘਣਜੀਵ ਅੰਮ੍ਰਿਤ, ਨੀਮ ਅਸਤਰ, ਬ੍ਰਹਮ ਅਸਤਰ ਅਤੇ ਅਗਨੀ ਅਸਤਰ ਤਿਆਰ ਕਰਨ ਦੇ ਵੱਖ-ਵੱਖ ਢੰਗਾਂ ਬਾਰੇ ਅਭਿਆਸ ਕਰਕੇ ਦਿਖਾਇਆ। ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਕਿਸਾਨਾਂ ਲਈ ਉਪਲੱਬਧ ਤਕਨੀਕੀ ਗਿਆਨ ਦੀ ਵਰਤੋਂ ਲਈ ਅਪੀਲ ਕਰਦੇ ਹੋਏ ਸਾਰੇ ਕਿਸਾਨਾਂ ਨੂੰ ਕੁਦਰਤੀ ਖੇਤੀ ਵਾਲੇ ਪਾਸੇ ਨੂੰ ਮੁੜਨ ਲਈ ਪ੍ਰੇਰਿਤ ਕੀਤਾ।
ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ, ਪ੍ਰਗਤੀਸ਼ੀਲ ਕਿਸਾਨ ਸੁਖਜਿੰਦਰ ਸਿੰਘ, ਪਿੰਡ ਮਜਾਰੀ ਦੀ ਕੁਦਰਤੀ ਹਾੱਟ ਅਤੇ ਖੇਤਾਂ ਦਾ ਇੱਕ ਵਿਦਿਅਕ ਦੌਰਾ ਵੀ ਕਰਵਾਇਆ ਗਿਆ। ਅੰਤ ਵਿੱਚ ਸਿਖਿਆਰਥੀਆਂ ਨੇ ਆਪਣੇ ਸਿੱਖਣ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਕੁਦਰਤੀ ਖੇਤੀ ਅਪਣਾਉਣ ਦੀ ਆਪਣੀ ਦਿਲਚਸਪੀ ਪ੍ਰਗਟ ਕੀਤੀ।