ਰਜਿੰਦਰ ਗੁਪਤਾ ਨੇ ਗੌਤਮ ਅਡਾਨੀ ਨਾਲ ਕੀਤੀ ਮੁਲਾਕਾਤ; ਪੰਜਾਬ ਵਿੱਚ ਨਿਵੇਸ਼ ਦੇ ਮੌਕਿਆਂ 'ਤੇ ਕੀਤੀ ਚਰਚਾ
ਭਾਰਤ ਦੇ ਵਿਕਾਸ ਵਿੱਚ ਅਡਾਨੀ ਗਰੁੱਪ ਦੀ ਭੂਮਿਕਾ ਦੀ ਗੁਪਤਾ ਨੇ ਕੀਤੀ ਸ਼ਲਾਘਾ
ਚੰਡੀਗੜ੍ਹ / ਪੰਜਾਬ : 2 ਨਵੰਬਰ, 2025:
ਪੰਜਾਬ ਤੋਂ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਅਤੇ ਉਦਯੋਗਪਤੀ ਰਜਿੰਦਰ ਗੁਪਤਾ ਨੇ ਸ਼ੁੱਕਰਵਾਰ ਨੂੰ ਅਹਿਮਦਾਬਾਦ ਵਿੱਚ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਭਾਰਤ ਦੇ ਉਦਯੋਗਿਕ ਵਿਕਾਸ, ਨਵੀਨਤਾ ਅਤੇ ਦੇਸ਼ ਦੇ ਵਿਕਾਸ ਵਿੱਚ ਨਿੱਜੀ ਖੇਤਰ ਦੀ ਵਧਦੀ ਭੂਮਿਕਾ 'ਤੇ ਕੇਂਦ੍ਰਿਤ ਸੀ। ਗੁਪਤਾ ਨੇ ਪੰਜਾਬ ਵਿੱਚ ਨਿਵੇਸ਼ ਦੇ ਮੌਕਿਆਂ ਅਤੇ ਪੰਜਾਬੀ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੀ ਜ਼ਰੂਰਤ ਨੂੰ ਅਡਾਨੀ ਨਾਲ ਵੀ ਸਾਂਝਾ ਕੀਤਾ।
ਮੀਟਿੰਗ ਤੋਂ ਬਾਅਦ, ਰਜਿੰਦਰ ਗੁਪਤਾ ਨੇ ਸੋਸ਼ਲ ਮੀਡੀਆ 'ਤੇ ਅਡਾਨੀ ਦੀ ਅਗਵਾਈ ਅਤੇ ਅਡਾਨੀ ਗਰੁੱਪ ਦੇ ਉੱਦਮਾਂ ਦੇ ਪਰਿਵਰਤਨਸ਼ੀਲ ਪੈਮਾਨੇ ਲਈ ਪ੍ਰਸ਼ੰਸਾ ਕੀਤੀ ਅਤੇ ਲਿਖਿਆ ਕਿ “ਅੱਜ ਅਹਿਮਦਾਬਾਦ ਵਿੱਚ ਸ਼੍ਰੀ ਗੌਤਮ ਅਡਾਨੀ ਜੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਮੈਂ ਸੱਚਮੁੱਚ ਉਸ ਪੈਮਾਨੇ, ਗਤੀ ਅਤੇ ਮਹੱਤਵਾਕਾਂਖਾ ਤੋਂ ਪ੍ਰਭਾਵਿਤ ਹੋਇਆ ਜਿਸ ਨਾਲ ਅਡਾਨੀ ਗਰੁੱਪ ਭਾਰਤ ਦੀ ਵਿਕਾਸ ਕਹਾਣੀ ਅਤੇ ਰਾਸ਼ਟਰ ਨਿਰਮਾਣ ਦੇ ਯਤਨਾਂ ਵਿੱਚ ਯੋਗਦਾਨ ਪਾ ਰਿਹਾ ਹੈ”।
ਉਨ੍ਹਾਂ ਅੱਗੇ ਕਿਹਾ ਕਿ ਦੂਰਦਰਸ਼ੀ ਆਗੂਆਂ ਨਾਲ ਗੱਲਬਾਤ ਕਰਨਾ ਜੋ ਨਾ ਸਿਰਫ਼ ਇੱਕ ਮਜ਼ਬੂਤ ਭਾਰਤ ਦਾ ਸੁਪਨਾ ਦੇਖਦੇ ਹਨ, ਸਗੋਂ ਇੱਕ ਸਵੈ-ਨਿਰਭਰ ਅਤੇ ਖੁਸ਼ਹਾਲ ਭਾਰਤ ਬਣਾਉਣ ਲਈ ਠੋਸ ਕਦਮ ਵੀ ਚੁੱਕਦੇ ਹਨ, ਬਹੁਤ ਪ੍ਰੇਰਨਾਦਾਇਕ ਹੈ।
ਰਜਿੰਦਰ ਗੁਪਤਾ ਅਤੇ ਗੌਤਮ ਅਡਾਨੀ ਦੀ ਇਹ ਮੁਲਾਕਾਤ ਭਾਰਤ ਦੇ ਦੋ ਦੂਰ-ਦਰਸ਼ੀ ਉਦਯੋਗਪਤੀਆਂ ਦੇ ਵਿਚਾਰਾਂ ਦਾ ਮਿਲਾਪ ਸੀ ਜੋ ਸਿਰਫ਼ ਆਰਥਿਕ ਤਰੱਕੀ ਹੀ ਨਹੀਂ, ਸਗੋਂ ਪੰਜਾਬ ਅਤੇ ਦੇਸ਼ ਦੇ ਇਨਕਲੂਸਿਵ ਟਿਕਾਊ ਵਿਕਾਸ ਲਈ ਵੀ ਵਚਨਬੱਧ ਹਨ।
ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਪਦਮਸ਼੍ਰੀ ਰਜਿੰਦਰ ਗੁਪਤਾ ਭਾਰਤ ਦੇ ਪ੍ਰਮੁੱਖ ਉਦਯੋਗਪਤੀਆਂ ਵਿੱਚੋਂ ਇੱਕ ਹਨ ਅਤੇ ਹਾਲ ਹੀ ਵਿੱਚ ਪੰਜਾਬ ਤੋਂ ਬਿਨਾਂ ਮੁਕਾਬਲੇ ਰਾਜ ਸਭਾ ਲਈ ਚੁਣੇ ਗਏ ਹਨ। ਉਨ੍ਹਾਂ ਦੀ ਅਗਵਾਈ ਹੇਠ ਟ੍ਰਾਈਡੈਂਟ ਗਰੁੱਪ ਨੇ ਟੈਕਸਟਾਈਲ, ਪੇਪਰ, ਊਰਜਾ ਅਤੇ ਕੈਮੀਕਲ ਖੇਤਰਾਂ ਵਿੱਚ ਵਿਸ਼ਵ ਪੱਧਰ ‘ਤੇ ਆਪਣਾ ਨਾਮ ਬਣਾਇਆ ਹੈ।
ਰਜਿੰਦਰ ਗੁਪਤਾ ਨਾ ਸਿਰਫ਼ ਸਫਲ ਉਦਯੋਗਪਤੀ ਹਨ, ਸਗੋਂ ਇੱਕ ਸਮਾਜਸੇਵੀ ਅਤੇ ਦਾਨੀ ਪੁਰਸ਼ ਵੀ ਹਨ। ਉਹ ਸਿਹਤ, ਸਿੱਖਿਆ, ਤਕਨੀਕੀ ਤਾਲੀਮ ਅਤੇ ਰੋਜ਼ਗਾਰ ਸਿਰਜਣਾ ਦੇ ਖੇਤਰਾਂ ਵਿੱਚ ਖ਼ਾਸ ਕਰਕੇ ਪਿੰਡਾਂ ਦੀਆਂ ਮਹਿਲਾਵਾਂ ਅਤੇ ਨੌਜਵਾਨਾਂ ਲਈ ਉਪਰਾਲੇ ਕਰ ਰਹੇ ਹਨ। ਉਨ੍ਹਾਂ ਦੇ ਉਪਰਾਲੇ ਸਮਾਜ ਦੇ ਪਿਛੜੇ ਵਰਗਾਂ ਨੂੰ ਤਕਨੀਕ ਤੇ ਸਿਖਲਾਈ ਰਾਹੀਂ ਖ਼ੁਦਮੁਖ਼ਤਿਆਰ ਬਣਾਉਣ ਵੱਲ ਇਕ ਵੱਡਾ ਕਦਮ ਹਨ।
ਗੌਤਮ ਅਡਾਨੀ,ਅਡਾਨੀ ਗਰੁੱਪ ਦੇ ਬਾਨੀ ਤੇ ਚੇਅਰਮੈਨ ਹਨ, ਜੋ ਭਾਰਤ ਦੇ ਸਭ ਤੋਂ ਵੱਡੇ ਉਦਯੋਗਿਕ ਗਰੁੱਪਾਂ ਵਿੱਚੋਂ ਇੱਕ ਹੈ। ਇਹ ਗਰੁੱਪ ਬੰਦਰਗਾਹ, ਊਰਜਾ, ਹਵਾਈ ਅੱਡੇ, ਬੁਨਿਆਦੀ ਢਾਂਚਾ, ਲੌਜਿਸਟਿਕਸ ਅਤੇ ਨਵੀਨੀਕਰਨ ਯੋਗ ਊਰਜਾ ਦੇ ਖੇਤਰਾਂ ਵਿੱਚ ਸਰਗਰਮ ਹੈ। ਅਡਾਨੀ ਗਰੁੱਪ ਨੇ ਭਾਰਤ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਹਕੀਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।