ਤਰਕਸ਼ੀਲ ਸੁਸਾਇਟੀ ਵੱਲੋਂ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' 'ਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ
-ਅਗਸਤ ਮਹੀਨੇ ਬਰਨਾਲਾ ਵਿਖੇ ਤਿੰਨ ਰੋਜ਼ਾ ਪੁਸਤਕ ਮੇਲਾ ਲਾਉਣ ਦਾ ਲਿਆ ਫ਼ੈਸਲਾ
ਅਸ਼ੋਕ ਵਰਮਾ
ਬਰਨਾਲਾ,15 ਜੂਨ 2026 : ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਇੱਥੇ ਤਰਕਸ਼ੀਲ ਭਵਨ ਵਿਖੇ ਸੂਬਾਈ ਜੱਥੇਬੰਦਕ ਮੁਖੀ ਮਾ. ਰਾਜਿੰਦਰ ਭਦੌੜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਹੇਠ ਵੱਖ ਵੱਖ ਧਾਰਮਿਕ ਸਥਾਨਾਂ ਦੀ ਕਰਵਾਈ ਜਾ ਰਹੀ ਮੁਫ਼ਤ ਯਾਤਰਾ ਨੂੰ ਸਰਾਸਰ ਗੈਰ ਸੰਵਿਧਾਨਕ ਅਤੇ ਜਨਤਕ ਸਰਮਾਏ ਦੀ ਬਰਬਾਦੀ ਕਰਾਰ ਦਿੰਦਿਆਂ ਇਸ 'ਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਤਰਕਸ਼ੀਲ ਚਿੰਤਕ ਡਾ. ਨਰਿੰਦਰ ਦਾਭੋਲਕਰ ਨੂੰ ਸਮਰਪਿਤ ਤਿੰਨ ਦਿਨਾਂ ਪੁਸਤਕ ਮੇਲਾ ਅਗਸਤ ਮਹੀਨੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਲਾਏ ਜਾਣ ਦਾ ਫੈਸਲਾ ਵੀ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ, ਰਾਜੇਸ਼ ਅਕਲੀਆ ,ਰਾਜਪਾਲ ਸਿੰਘ ਅਤੇ ਸੁਮੀਤ ਅੰਮ੍ਰਿਤਸਰ ਨੇ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਭਾਰਤੀ ਸਟੇਟ ਦਾ ਇਕ ਧਰਮ ਨਿਰਲੇਪ ਆਧਾਰ ਹੈ ਅਤੇ ਪੰਜਾਬ ਸਰਕਾਰ ਸਮੇਤ ਕਿਸੇ ਵੀ ਹਕੂਮਤ ਨੂੰ ਲੋਕਾਂ ਤੋਂ ਟੈਕਸਾਂ ਦੇ ਰੂਪ ਵਿੱਚ ਇਕੱਠੇ ਕੀਤੇ ਜਨਤਕ ਸਰਮਾਏ ਨੂੰ ਧਾਰਮਿਕ ਕਾਰਜਾਂ ਉਤੇ ਫਜ਼ੂਲ ਖਰਚ ਕਰਨ ਦਾ ਕੋਈ ਕਾਨੂੰਨੀ ਤੇ ਨੈਤਿਕ ਅਧਿਕਾਰ ਨਹੀ ਹੈ ਉਹ ਵੀ ਉਦੋਂ ਜਦੋਂ ਕਰੋੜਾਂ ਆਮ ਲੋਕ ਸਿੱਖਿਆ,ਸਿਹਤ ਅਤੇ ਰੁਜ਼ਗਾਰ ਦੀਆਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ।
ਰਾਮ ਸਵਰਨ ਲੱਖੇਵਾਲੀ, ਜੋਗਿੰਦਰ ਕੁੱਲੇਵਾਲ,ਸੁਖਵਿੰਦਰ ਬਾਗਪੁਰ ਅਤੇ ਜਸਵਿੰਦਰ ਫਗਵਾੜਾ ਨੇ ਕਿਹਾ ਕਿ ਤੀਰਥ ਯਾਤਰਾ ਯੋਜਨਾ ਦਾ ਆਮ ਲੋਕਾਂ ਦੇ ਬੁਨਿਆਦੀ ਵਿਕਾਸ ਜਾਂ ਬੁਨਿਆਦੀ ਲੋੜਾਂ ਦੀ ਪੂਰਤੀ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅਕਾਲੀ ਭਾਜਪਾ ਸਰਕਾਰ ਵੇਲੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਵਾਪਸ ਲੈਣ ਦੇ ਹੁਕਮ ਦਿੱਤੇ ਗਏ ਸਨ ਤਾਂ ਫਿਰ ਆਪ ਸਰਕਾਰ ਵਲੋਂ ਇਹ ਯੋਜਨਾ ਕਿਸ ਅਧਾਰ ਤੇ ਦੋਬਾਰਾ ਲਾਗੂ ਕੀਤੀ ਗਈ ਹੈ?
ਸੂਬਾ ਕਮੇਟੀ ਆਗੂਆਂ ਸੁਰਜੀਤ ਟਿੱਬਾ,ਕੁਲਜੀਤ ਫਾਜ਼ਿਲਕਾ ਅਤੇ ਗੁਰਪ੍ਰੀਤ ਸ਼ਹਿਣਾ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਫੰਡਾਂ ਦੀ ਕਥਿਤ ਘਾਟ ਕਰਕੇ ਜਨਤਕ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ, ਦੂਜੇ ਪਾਸੇ ਇਸਦੇ ਬਿੱਲਕੁਲ ਉਲਟ ਲੋਕਾਂ ਦੀ ਧਾਰਮਿਕ ਆਸਥਾ ਹੇਠ ਵੋਟਾਂ ਬਟੋਰਨ ਦੀ ਫ਼ਿਰਕੂ ਸਿਆਸਤ ਕਰਕੇ ਕਰੋੜਾਂ ਰੁਪਏ ਦੀ ਬਰਬਾਦੀ ਕੀਤੀ ਜਾ ਰਹੀ ਹੈ। ਮੀਟਿੰਗ ਵਿੱਚ ਜੋਨ ਆਗੂ ਮਾ. ਪਰਮ ਵੇਦ , ਸੁਖਦੇਵ ਫਗਵਾੜਾ,ਅਜੀਤ ਪ੍ਰਦੇਸੀ, ਜਸਵੰਤ ਜੀਰਖ, ਮੈਡਮ ਕੁਲਵੰਤ ਕੌਰ,ਸੁਖਵਿੰਦਰ ਗੋਗਾ, ਬਲਰਾਜ ਮੌੜ,ਪ੍ਰਵੀਨ ਜੰਡਵਾਲਾ, ਅੰਮ੍ਰਿਤ ਰਿਸ਼ੀ ਅਤੇ ਜਸਵੀਰ ਸੋਨੀ ਵੱਲੋਂ ਪੰਜਾਬ ਵਿੱਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਬਣਾਉਣ ਲਈ ਜਨਤਕ ਸੰਘਰਸ਼ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ।
- Download Babushahi App
-
-