ਜ਼ਿਲ੍ਹਾ ਲਿਖਾਰੀ ਸਭਾ ਵੱਲੋਂ ਪਰਮਜੀਤ ਸਿੰਘ ਚੀਮਾਂ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
ਗੁਰਪ੍ਰੀਤ ਸਿੰਘ ਜਖਵਾਲੀ।
ਫ਼ਤਹਿਗੜ੍ਹ ਸਾਹਿਬ 26 ਅਪ੍ਰੈਲ 2026:- ਜ਼ਿਲ੍ਹਾ ਲਿਖਾਰੀ ਸਭਾ ਦੀ ਹੰਗਾਮੀ ਇਕੱਤਰਤਾ ਸਭਾ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਸਭਾ ਦੇ ਪ੍ਰੈਸ ਸਕੱਤਰ ਅਮਰਬੀਰ ਸਿੰਘ ਚੀਮਾਂ ਦੇ ਪਿਤਾ ਪਰਮਜੀਤ ਸਿੰਘ ਚੀਮਾਂ ਦੇ ਹੋਏ ਦੇਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ੋਕ ਮਤਾ ਪਾਇਆ ਗਿਆ। ਇਸ ਤੋਂ ਪਹਿਲਾਂ ਸਭਾ ਦੇ ਅਹੁਦੇਦਾਰ ਅਤੇ ਮੈਂਬਰ ਪਰਮਜੀਤ ਕੌਰ ਸਰਹਿੰਦ, ਬਲਤੇਜ ਸਿੰਘ ਬਠਿੰਡਾ, ਹਰਜਿੰਦਰ ਸਿੰਘ ਗੋਪਾਲੋਂ, ਅਜਮੇਰ ਸਿੰਘ ਮਾਨ, ਸਿਮਰਨ ਜੀਤ ਸਿੰਘ, ਅਵਤਾਰ ਸਿੰਘ ਪੁਆਰ ਤੇ ਹੋਰ ਪਰਮਜੀਤ ਸਿੰਘ ਚੀਮਾਂ ਦੇ ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੇ ਘਰ ਸਰਹਿੰਦ ਸ਼ਹਿਰ ਤੋਂ ਉਨ੍ਹਾਂ ਦੀ ਮਜ਼ਲ ਵਿੱਚ ਸ਼ਾਮਲ ਹੋ ਕੇ ਸ਼ਮਸ਼ਾਨ ਘਾਟ ਤੱਕ ਨਾਲ ਗਏ। ਸਥਾਨਕ ਲੋਕਾਂ, ਰਿਸ਼ਤੇਦਾਰਾਂ ਤੇ ਮਿੱਤਰ ਪਿਆਰਿਆਂ ਤੋਂ ਇਲਾਵਾ ਉਨ੍ਹਾਂ ਦੇ ਜੱਦੀ ਪਿੰਡ ਛਲੇੜੀ ਤੋਂ ਪੰਚ - ਸਰਪੰਚ, ਲੰਬਰਦਾਰ ਤੇ ਪਿੰਡ ਦੇ ਬਹੁਤ ਸਾਰੇ ਹਮਦਰਦ ਇਸ ਦੁਖਦੀ ਘੜੀ ਵਿੱਚ ਸ਼ਾਮਲ ਹੋਏ।ਇਹ ਚੀਮਾਂ ਪਰਿਵਾਰ ਦੇ ਮੁਹੱਬਤੀ ਸੁਭਾਅ ਤੇ ਮਿਲਵਰਤਣ ਦਾ ਪ੍ਰਤੱਖ ਪ੍ਰਮਾਣ ਸੀ। ਉਹ 76 ਸਾਲਾਂ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉੱਘੇ ਪੱਤਰਕਾਰ ਅਤੇ ਜ਼ਿਲ੍ਹਾ ਲਿਖਾਰੀ ਸਭਾ ਦੇ ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾਂ ਦੇ ਪਿਤਾ ਜੀ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਮਰਹੂਮ ਪਰਮਜੀਤ ਸਿੰਘ ਚੀਮਾਂ ਮਾਰਕਫੈੱਡ ਵਿੱਚੋਂ ਇੰਸਪੈਕਟਰ ਦੀ ਮਾਣਮੱਤੀ ਸੇਵਾ ਤੋਂ ਮੁਕਤ ਹੋਣ ਉਪਰੰਤ ਘਰੇਲੂ ਜ਼ਿੰਮੇਵਾਰੀਆਂ ਦੇ ਨਾਲ ਸਾਹਿਤ ਨਾਲ ਵੀ ਬਹੁਤ ਨੇੜਿਓਂ ਜੁੜੇ ਹੋਏ ਸਨ। ਉਨ੍ਹਾਂ ਨੂੰ ਮੁੱਢੋਂ ਹੀ ਚੰਗਾ ਸਾਹਿਤ ਪੜ੍ਹਨ ਦਾ ਸ਼ੌਕ ਸੀ। ਮਰਹੂਮ ਪਰਮਜੀਤ ਸਿੰਘ ਚੀਮਾਂ ਦੀ ਪਤਨੀ ਪਰਮਿੰਦਰ ਕੌਰ ਸੇਵਾ ਮੁਕਤ ਮੁੱਖ ਅਧਿਆਪਕਾ ਹਨ, ਉਹ ਵੀ ਸਾਹਿਤ ਰਸੀਏ ਹਨ। ਮਾਪਿਆਂ ਦੀ ਰਹਿਨੁਮਾਈ ਸਦਕਾ ਉਨ੍ਹਾਂ ਦਾ ਪੁੱਤਰ ਅਮਰਬੀਰ ਸਿੰਘ ਚੀਮਾਂ ਟੈਕਨੀਕਲ ਵਿਸੇ਼ ਦੀ ਉੱਚ ਵਿੱਦਿਆ ਪ੍ਰਾਪਤ ਕਰਕੇ ਵੀ ਪੱਤਰਕਾਰੀ ਤੇ ਸਾਹਿਤ ਨਾਲ ਜੁੜ ਗਿਆ ਜੋ ਅੱਜ ਬਹੁਤ ਵਧੀਆ ਵਾਰਤਾਕਾਰ ਤੇ ਸ਼ਾਇਰ ਹੈ। ਪਰਮਜੀਤ ਸਿੰਘ ਚੀਮਾਂ ਦਾ ਜੱਦੀ ਪਿੰਡ ਛਲੇੜੀ ਖੁਰਦ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਹੈ ਪਰ ਉਹ ਰੁਜ਼ਗਾਰ ਨਾਲ ਜੁੜੇ ਸਰਹਿੰਦ ਆ ਵਸੇ ਸਨ। ਉਹ ਆਪਣੇ ਪਿੱਛੇ ਪਰਿਵਾਰ ਵਿੱਚ ਆਪਣੀ ਪਤਨੀ ਪਰਮਿੰਦਰ ਕੌਰ ਚੀਮਾਂ, ਪੁੱਤਰ ਅਮਰਬੀਰ ਸਿੰਘ ਚੀਮਾਂ ਤੇ ਨੂੰਹ ਹਰਜੀਤ ਕੌਰ, ਪੁਤਰ ਰਾਜਦੀਪ ਸਿੰਘ ਚੀਮਾਂ ਤੇ ਨੂੰਹ ਕੁਲਦੀਪ ਕੌਰ, ਪੁੱਤਰੀ ਕਿਰਨਦੀਪ ਕੌਰ ਤੇ ਜਵਾਈ ਸਤਵੀਰ ਸਿੰਘ ਸੰਧੂ (ਸਪੇਨ) ਤੋਂ ਇਲਾਵਾ ਪੋਤਰੀ ਰਸ਼ਮੀਤ ਕੌਰ ਚੀਮਾਂ (ਕੈਨੇਡਾ), ਪੋਤਰਾ ਦੀਪਕੰਵਲ ਸਿੰਘ ਚੀਮਾਂ ਤੇ ਦੋਹਤੀ ਜਪਮਨ ਕੌਰ ਸੰਧੂ (ਸਪੇਨ) ਛੱਡ ਗਏ ਹਨ। ਪਰਮਜੀਤ ਸਿੰਘ ਚੀਮਾਂ ਬਹੁਤ ਨਿਮਰ ਸੁਭਾਅ ਦੇ ਮਾਲਕ ਸਨ ਪਰ ਹੱਕ ਤੇ ਸੱਚ ਲਈ ਪੂਰੇ ਦ੍ਰਿੜ ਇਰਾਦੇ ਦੇ ਧਾਰਨੀ ਸਨ।
ਸਮੂਹ ਲਿਖਾਰੀ ਸਭਾ ਵੱਲੋਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਵਿੱਛੜੀ ਰੂਹ ਨੂੰ ਸ਼ਾਂਤੀ ਤੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣ। ਪਰਿਵਾਰ ਨੂੰ ਇਹ ਵਿਛੋੜਾ ਸਹਿਣ ਦੀ ਸਮਰੱਥਾ ਤੇ ਭਾਣਾ ਮੰਨਣ ਦਾ ਬਲ ਬਖਸ਼ਣ। ਪਰਮਜੀਤ ਸਿੰਘ ਚੀਮਾਂ ਦੀ ਅੰਤਮ ਅਰਦਾਸ ਸਬੰਧੀ ਗੁਰਬਾਣੀ ਪਾਠ ਦੇ ਭੋਗ 3 ਮਈ, 2026 ਦਿਨ ਐਤਵਾਰ ਨੂੰ ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਸ਼ਹੀਦਾਂ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਪਾਏ ਜਾਣਗੇ। ਕਿਰਪਾ ਕਰਕੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣਾ ਜੀ।
ਉਹ ਆਪਣੇ ਪਿੱਛੇ ਪਤਨੀ ਪਰਮਿੰਦਰ ਕੌਰ ਤੇ ਪੁੱਤਰ ਅਮਰਬੀਰ ਸਿੰਘ ਚੀਮਾਂ ਤੋਂ ਇਲਾਵਾ ਨੂੰਹ ਹਰਜੀਤ ਕੌਰ, ਪੁੱਤਰ ਰਾਜਦੀਪ ਸਿੰਘ ਚੀਮਾਂ ਤੇ ਨੂੰਹ ਕੁਲਦੀਪ ਕੌਰ, ਧੀ ਕਿਰਨਦੀਪ ਕੌਰ ਤੇ ਜਵਾਈ ਸਤਬੀਰ ਸਿੰਘ ਸੰਧੂ (ਸਪੇਨ), ਪੋਤਰੀ ਰਸ਼ਮੀਤ ਕੌਰ ਚੀਮਾਂ, ਪੋਤਾ ਦੀਪਕੰਵਲ ਸਿੰਘ ਚੀਮਾਂ ਤੇ ਦੋਹਤੀ ਜਪਮਨ ਕੌਰ ਸੰਧੂ ਛੱਡ ਗਏ ਹਨ।
Click to Follow Babushahi Facebook page →