ਜਰਮਨੀ ਦੇ ਡਿਊਸਬਰਗ ਗੁਰਦੁਆਰਾ ਸਾਹਿਬ 'ਚ ਝੜਪ ਦੀ IOC ਵੱਲੋਂ ਸਖ਼ਤ ਨਿਖੇਧੀ; ਬਲਵਿੰਦਰ ਸਿੰਘ ਗੁਰਦਾਸਪੁਰੀਆ ਨੇ ਸੰਗਤ ਨੂੰ ਸ਼ਾਂਤੀ ਦੀ ਕੀਤੀ ਅਪੀਲ
ਬਰਲਿਨ/ਜਰਮਨੀ 22 ਅਪ੍ਰੈਲ, 2026- ਜਰਮਨੀ ਦੇ ਸ਼ਹਿਰ ਡਿਊਸਬਰਗ (Duisburg) ਸਥਿਤ ਗੁਰਦੁਆਰਾ ਸਾਹਿਬ ਵਿਖੇ ਦੋ ਧੜਿਆਂ ਵਿਚਾਲੇ ਹੋਈ ਹਿੰਸਕ ਝੜਪ ਅਤੇ ਪੱਗਾਂ ਦੀ ਹੋਈ ਬੇਅਦਬੀ ਦੇ ਮਾਮਲੇ ਨੇ ਪੂਰੀ ਦੁਨੀਆ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਗਹਿਰੀ ਸੱਟ ਪਹੁੰਚਾਈ ਹੈ। ਇਸ ਦੁਖਦਾਈ ਘਟਨਾ ਦੀ ਇੰਡੀਅਨ ਓਵਰਸੀਜ਼ ਕਾਂਗਰਸ (IOC) ਜਰਮਨੀ ਦੇ ਪ੍ਰਧਾਨ ਬਲਵਿੰਦਰ ਸਿੰਘ ਗੁਰਦਾਸਪੁਰੀਆ ਨੇ ਕੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਬਲਵਿੰਦਰ ਸਿੰਘ ਗੁਰਦਾਸਪੁਰੀਆ ਨੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਗੁਰਦੁਆਰਾ ਸਾਹਿਬ ਵਰਗੇ ਪਵਿੱਤਰ ਸਥਾਨ 'ਤੇ ਝਗੜਾ ਕਰਨਾ, ਸੰਗਤ ਦੀਆਂ ਪੱਗਾਂ ਉਛਾਲਣਾ ਅਤੇ ਗੁਰੂ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾਉਣਾ ਬੇਹੱਦ ਨਿੰਦਣਯੋਗ ਅਤੇ ਅਸਵੀਕਾਰਯੋਗ ਹੈ। ਉਨ੍ਹਾਂ ਕਿਹਾ ਕਿ ਪੱਗ ਸਿੱਖ ਦੀ ਇੱਜ਼ਤ ਦਾ ਪ੍ਰਤੀਕ ਹੈ ਅਤੇ ਇਸ ਦੀ ਬੇਅਦਬੀ ਸਾਰੀ ਕੌਮ ਦੀ ਬੇਅਦਬੀ ਦੇ ਬਰਾਬਰ ਹੈ।
ਪ੍ਰਧਾਨ ਗੁਰਦਾਸਪੁਰੀਆ ਨੇ ਸੰਗਤ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ਦੀ ਯਾਦ ਦਿਵਾਉਂਦਿਆਂ ਕਿਹਾ, ਸਾਡੇ ਸਤਿਗੁਰੂਆਂ ਨੇ ਸਾਨੂੰ ਹਮੇਸ਼ਾ ਨਿਮਰਤਾ, ਸਹਿਨਸ਼ੀਲਤਾ ਅਤੇ ਪਿਆਰ ਦਾ ਪਾਠ ਪੜ੍ਹਾਇਆ ਹੈ। ਗੁਰਦੁਆਰਾ ਸਾਹਿਬ ਸ਼ਾਂਤੀ ਅਤੇ ਇਕਤਾ ਦੀ ਅਰਦਾਸ ਦਾ ਸਥਾਨ ਹੈ, ਨਾ ਕਿ ਆਪਸੀ ਲੜਾਈ-ਝਗੜੇ ਦਾ। ਗੁੱਸਾ ਅਤੇ ਅਹੰਕਾਰ ਸਾਨੂੰ ਸੱਚ ਦੇ ਰਸਤੇ ਤੋਂ ਦੂਰ ਕਰਦੇ ਹਨ, ਇਸ ਲਈ ਵਿਵਾਦਾਂ ਨੂੰ ਸ਼ਾਂਤੀਪੂਰਵਕ ਗੱਲਬਾਤ ਨਾਲ ਸੁਲਝਾਉਣਾ ਚਾਹੀਦਾ ਹੈ।
ਆਈ.ਓ.ਸੀ. ਜਰਮਨੀ ਦੇ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਇੱਕ ਸੈਕੂਲਰ ਪਾਰਟੀ ਹੈ ਜੋ ਹਰ ਧਰਮ ਦਾ ਸਤਿਕਾਰ ਕਰਦੀ ਹੈ, ਪਰ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਧਾਰਮਿਕ ਬੇਅਦਬੀ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸਮੁੱਚੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁੱਸੇ ਨੂੰ ਤਿਆਗ ਕੇ ਅਕਲਮੰਦੀ ਅਤੇ ਧੀਰਜ ਦਾ ਪ੍ਰਦਰਸ਼ਨ ਕਰਨ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਉਮੀਦ ਜਤਾਈ ਕਿ ਸਿੱਖ ਭਾਈਚਾਰਾ ਇਕਜੁੱਟ ਹੋ ਕੇ ਗੁਰੂ ਘਰਾਂ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਕਾਇਮ ਰੱਖਣ ਲਈ ਆਪਣੀ ਜ਼ਿੰਮੇਵਾਰੀ ਨਿਭਾਏਗਾ।
Click to Follow Babushahi Facebook page →