ਜਗਰਾਉਂ ਦੇ ਸਹਾਇਕ ਰਜਿਸਟਰਾਰ ਨੂੰ ਇੱਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰਨ ਦਾ ਵਿਜੀਲੈਂਸ ਦਾ ਦਾਅਵਾ
ਵਿਜੀਲੈਂਸ ਬਿਊਰੋ ਅਨੁਸਾਰ ਬਦਲੀ ਦੀ ਸਿਫ਼ਾਰਸ਼ ਕਰਨ ਦੇ ਬਦਲੇ ਮੰਗੇ ਗਏ ਸਨ 5 ਲੱਖ ਰੁਪਏ, ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ
ਚੰਡੀਗੜ੍ਹ, 26 ਜੂਨ (ਦੀਪਕ ਜੈਨ):
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਜਗਰਾਉਂ ਦੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਨਿਖਿਲ ਗਰਗ, ਜਿਸ ਕੋਲ ਦੋਰਾਹਾ ਦਫ਼ਤਰ ਦਾ ਵਾਧੂ ਚਾਰਜ ਵੀ ਹੈ, ਨੂੰ ਪਟਿਆਲਾ ਸਥਿਤ ਉਸ ਦੀ ਰਿਹਾਇਸ਼ 'ਤੇ 1,00,000 ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਇਹ ਕਾਰਵਾਈ ਇੱਕ ਸਹਿਕਾਰੀ ਸਭਾ ਦੇ ਮੈਨੇਜਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ।
ਵਿਜੀਲੈਂਸ ਮੁਤਾਬਕ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸ ਦੀ ਦੋਰਾਹਾ ਵਿਖੇ ਬਦਲੀ ਦੀ ਅਰਜ਼ੀ ਦੀ ਸਿਫ਼ਾਰਸ਼ ਕਰਨ ਦੇ ਬਦਲੇ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਬਿਊਰੋ ਨੇ ਦਾਅਵਾ ਕੀਤਾ ਕਿ ਮੁਲਜ਼ਮ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 1 ਲੱਖ ਰੁਪਏ ਪ੍ਰਾਪਤ ਕਰਨ ਤੋਂ ਬਾਅਦ ਬਦਲੀ ਸਬੰਧੀ ਪ੍ਰੋਸੀਡਿੰਗ ਬੁੱਕ ਵਿੱਚ ਐਂਟਰੀ ਕਰਕੇ ਪਿਛਲੀ ਤਰੀਕ ਦੇ ਦਸਤਖ਼ਤ ਕੀਤੇ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਨਾਲ ਸਬੰਧਤ ਗੱਲਬਾਤ ਰਿਕਾਰਡ ਕਰਕੇ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ (ਈ.ਓ.ਡਬਲਯੂ.), ਲੁਧਿਆਣਾ ਨਾਲ ਸੰਪਰਕ ਕੀਤਾ।
ਸ਼ਿਕਾਇਤ ਦੀ ਤਸਦੀਕ ਉਪਰੰਤ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਨਿਖਿਲ ਗਰਗ ਨੂੰ 1,00,000 ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਕਾਬੂ ਕਰਨ ਦਾ ਦਾਅਵਾ ਕੀਤਾ। ਵਿਜੀਲੈਂਸ ਅਨੁਸਾਰ ਮੌਕੇ ਤੋਂ ਰਿਸ਼ਵਤ ਦੀ ਰਕਮ ਵੀ ਬਰਾਮਦ ਕੀਤੀ ਗਈ।
ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਦੇ ਈ.ਓ.ਡਬਲਯੂ. ਥਾਣਾ, ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਿਊਰੋ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
- Download Babushahi App
-
-