ਚੰਡੀਗੜ੍ਹ: ਪ੍ਰਾਪਰਟੀ ਡੀਲਰ ਦੇ ਕਤਲ ਦੀ ਗੈਂਗਸਟਰ ਲੱਕੀ ਪਟਿਆਲ ਨੇ ਲਈ ਜ਼ਿੰਮੇਵਾਰੀ
ਚੰਡੀਗੜ੍ਹ, 19 ਮਾਰਚ 2026: ਸਿਟੀ ਬਿਊਟੀਫੁੱਲ ਚੰਡੀਗੜ੍ਹ ਦਾ ਸਭ ਤੋਂ ਪੌਸ਼ ਇਲਾਕਾ ਸੈਕਟਰ 9 ਬੁੱਧਵਾਰ ਨੂੰ ਉਸ ਵੇਲੇ ਗੋਲੀਆਂ ਦੀ ਆਵਾਜ਼ ਨਾਲ ਕੰਬ ਗਿਆ, ਜਦੋਂ ਮਸ਼ਹੂਰ ਪ੍ਰਾਪਰਟੀ ਡੀਲਰ ਅਤੇ ਸੋਸ਼ਲ ਮੀਡੀਆ ਇੰਫਲੁਇੰਸਰ ਚਰਨਪ੍ਰੀਤ ਸਿੰਘ ਨਾਗਰਾ ਉਰਫ਼ ਚੀਨੀ ਕੁਬਾਹੇੜੀ (31) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ, ਮੁੱਲਾਂਪੁਰ ਦੇ ਪਿੰਡ ਕੁਬਾਹੇੜੀ ਦਾ ਰਹਿਣ ਵਾਲਾ ਚਰਨਪ੍ਰੀਤ ਸਿੰਘ ਜਿੰਮ ਤੋਂ ਬਾਹਰ ਨਿਕਲ ਕੇ ਆਪਣੀ ਫਾਰਚੂਨਰ ਗੱਡੀ ਵਿੱਚ ਘਰ ਜਾਣ ਲਈ ਬੈਠਾ ਹੀ ਸੀ ਕਿ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ। ਹਮਲਾਵਰਾਂ ਨੇ ਉਸ 'ਤੇ ਅੰਨ੍ਹੇਵਾਹ 12 ਰਾਉਂਡ ਫਾਇਰ ਕੀਤੇ। ਗੋਲੀਆਂ ਲੱਗਣ ਕਾਰਨ ਚਰਨਪ੍ਰੀਤ ਡਰਾਈਵਰ ਸੀਟ 'ਤੇ ਹੀ ਢੇਰ ਹੋ ਗਿਆ। ਉਸ ਦੇ ਸਾਥੀ ਤੁਰੰਤ ਉਸ ਨੂੰ ਪੀ.ਜੀ.ਆਈ. (PGI) ਲੈ ਕੇ ਗਏ, ਪਰ ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦੀ ਸੀਸੀਟੀਵੀ ਫੁਟੇਜ ਪੁਲਿਸ ਦੇ ਹੱਥ ਲੱਗੀ ਹੈ, ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਹਮਲਾਵਰ ਪਹਿਲਾਂ ਕੰਡਕਟਰ ਸਾਈਡ ਤੋਂ ਅਤੇ ਫਿਰ ਡਰਾਈਵਰ ਵਾਲੇ ਪਾਸੇ ਤੋਂ ਗੋਲੀਆਂ ਚਲਾਉਂਦਾ ਹੈ। ਵਾਰਦਾਤ ਤੋਂ ਬਾਅਦ ਹਮਲਾਵਰ ਮੋਟਰਸਾਈਕਲ 'ਤੇ ਫ਼ਰਾਰ ਹੁੰਦੇ ਵੀ ਕੈਮਰੇ ਵਿੱਚ ਕੈਦ ਹੋਏ ਹਨ। ਪੁਲਿਸ ਨੇ ਮੌਕੇ ਤੋਂ 12 ਖ਼ਾਲੀ ਖ਼ੋਲ ਬਰਾਮਦ ਕੀਤੇ ਹਨ।
ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਵਿਦੇਸ਼ ਬੈਠੇ ਗੈਂਗਸਟਰ ਲੱਕੀ ਪਟਿਆਲ ਨੇ ਲਈ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਦਾਅਵਾ ਕੀਤਾ ਕਿ ਚਰਨਪ੍ਰੀਤ ਉਨ੍ਹਾਂ ਦੀ ਜਾਣਕਾਰੀ ਵਿਰੋਧੀ ਗੈਂਗ ਨੂੰ ਲੀਕ ਕਰ ਰਿਹਾ ਸੀ, ਜਿਸ ਕਾਰਨ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਚਰਨਪ੍ਰੀਤ ਸਿੰਘ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਚੰਡੀਗੜ੍ਹ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਹਾਈ-ਪ੍ਰੋਫਾਈਲ ਕਤਲ ਤੋਂ ਬਾਅਦ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ।
Click to Follow Babushahi Facebook page →