ਚੌਥੀ ਵਾਰ ਵੀ ਨਾ ਹੋ ਸਕੀ ਬਲਾਕ ਸੰਮਤੀ ਚੇਅਰਮੈਨ-ਉਪ ਚੇਅਰਮੈਨ ਦੀ ਚੋਣ!
ਬੰਦ ਮਿਲਿਆ ਬੀਡੀਪੀਓ ਦਫ਼ਤਰ, ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ
ਰਾਜਾ ਵੜਿੰਗ ਦਾ ਪ੍ਰਸ਼ਾਸਨ ‘ਤੇ ਤਿੱਖਾ ਹਮਲਾ
ਅਸੀਂ ਤੁਹਾਡੇ ਬੰਧਵਾ ਮਜ਼ਦੂਰ ਨਹੀਂ, ਜਦੋਂ ਮਰਜ਼ੀ ਸੱਦ ਲਓ ਤੇ ਜਦੋਂ ਮਰਜ਼ੀ ਮੋੜ ਦਿਓ”
ਤੁਹਾਨੂੰ ਹਾਈ ਕੋਰਟ ਦੀਆਂ ਪੌੜੀਆਂ ਚੜਾਵਾਂਗੇ ਫਿਰ ਪਤਾ ਲੱਗੂ-ਰਾਜਾ ਵੜਿੰਗ
ਦੀਪਕ ਜੈਨ
ਜਗਰਾਉਂ, 14 ਮਾਰਚ 2026- ਸਥਾਨਕ ਬੀਡੀਪੀਓ ਦਫ਼ਤਰ ਜਗਰਾਉਂ ਵਿਖੇ ਸ਼ਨੀਵਾਰ ਨੂੰ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉਪ-ਚੇਅਰਮੈਨ ਦੀ ਚੋਣ ਲਈ ਰੱਖੀ ਗਈ ਮੀਟਿੰਗ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ। ਚੌਥੀ ਵਾਰ ਰੱਖੀ ਗਈ ਇਹ ਚੋਣ ਪ੍ਰਕਿਰਿਆ ਵੀ ਮੁਲਤਵੀ ਹੋ ਗਈ, ਜਿਸ ਨਾਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਹੋ ਗਏ ਹਨ। ਹੈਰਾਨੀ ਦੀ ਗੱਲ ਇਹ ਰਹੀ ਕਿ ਮਿੱਥੇ ਸਮੇਂ ‘ਤੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਪੁੱਜੇ ਕਾਂਗਰਸੀ ਆਗੂਆਂ ਅਤੇ ਬਲਾਕ ਸੰਮਤੀ ਮੈਂਬਰਾਂ ਨੂੰ ਬੀਡੀਪੀਓ ਦਫ਼ਤਰ ਦੇ ਮੁੱਖ ਗੇਟ ‘ਤੇ ਜਿੰਦਰਾ ਲਟਕਦਾ ਮਿਲਿਆ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ 11 ਬਲਾਕ ਸੰਮਤੀ ਮੈਂਬਰਾਂ ਸਮੇਤ ਮੌਕੇ ‘ਤੇ ਪਹੁੰਚੇ ਹੋਏ ਸਨ। ਦਫ਼ਤਰ ਬੰਦ ਮਿਲਣ ‘ਤੇ ਉੱਥੇ ਤਣਾਅਪੂਰਨ ਮਾਹੌਲ ਬਣ ਗਿਆ ਅਤੇ ਕਾਂਗਰਸੀ ਆਗੂਆਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ ਗਿਆ।
ਬਿਨਾਂ ਨੋਟਿਸ ਮੀਟਿੰਗ ਰੱਦ ਕਰਨਾ ਲੋਕਤੰਤਰ ਦੀ ਤੌਹੀਨ: ਰਾਜਾ ਵੜਿੰਗ
ਬੰਦ ਦਫ਼ਤਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਪ੍ਰਸ਼ਾਸਨ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ 14 ਮਾਰਚ ਨੂੰ ਸਵੇਰੇ 10 ਵਜੇ ਮੀਟਿੰਗ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ ਪਰ ਬਿਨਾਂ ਕਿਸੇ ਅਗਾਊਂ ਸੂਚਨਾ ਜਾਂ ਨੋਟਿਸ ਦੇ ਦਫ਼ਤਰ ਬੰਦ ਮਿਲਣਾ ਲੋਕਤੰਤਰਕ ਪ੍ਰਣਾਲੀ ਦੀ ਖੁੱਲ੍ਹੀ ਤੌਹੀਨ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਿਵਲ ਪ੍ਰਸ਼ਾਸਨ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਜਾਣਬੁੱਝ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਰਾਜਾ ਵੜਿੰਗ ਨੇ ਕਿਹਾ, “ਜੇਕਰ ਐਸਡੀਐਮ ਦੀ ਡਿਊਟੀ ਕਿਸੇ ਹੋਰ ਥਾਂ ਲੱਗ ਗਈ ਸੀ ਤਾਂ ਇਸ ਬਾਰੇ ਪਹਿਲਾਂ ਸੂਚਨਾ ਦੇਣੀ ਬਣਦੀ ਸੀ। ਅੱਜ ਸਵੇਰੇ ਕਰੀਬ 8 ਵਜੇ ਮੇਰੀ ਐਸਡੀਐਮ ਮੈਡਮ ਨਾਲ ਗੱਲ ਹੋਈ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਚੋਣ ਨਿਰਧਾਰਿਤ ਸਮੇਂ ‘ਤੇ ਹੋਵੇਗੀ। ਪਰ ਹੁਣ ਅਚਾਨਕ ਡਿਊਟੀ ਦਾ ਹਵਾਲਾ ਦੇ ਕੇ ਚੋਣ ਮੁਲਤਵੀ ਕਰ ਦਿੱਤੀ ਗਈ।” ਉਨ੍ਹਾਂ ਗੁੱਸੇ ਭਰੇ ਲਹਿਜ਼ੇ ਵਿੱਚ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਨਾਲ ਇਹ ਸਲੂਕ ਬਿਲਕੁਲ ਕਬੂਲਯੋਗ ਨਹੀਂ ਹੈ। “ਅਸੀਂ ਤੁਹਾਡੇ ਬੰਧਵਾ ਮਜ਼ਦੂਰ ਨਹੀਂ ਕਿ ਜਦੋਂ ਮਰਜ਼ੀ ਸੱਦ ਲਓ ਤੇ ਜਦੋਂ ਮਰਜ਼ੀ ਮੋੜ ਦਿਓ,” ਉਨ੍ਹਾਂ ਨੇ ਕਿਹਾ।
ਹਾਈਕੋਰਟ ਜਾਣ ਦੀ ਚੇਤਾਵਨੀ
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਸ਼ਾਸਨ ਦੀ ਇਸ ਕਥਿਤ ਮਨਮਾਨੀ ਅਤੇ ਗੈਰ-ਪ੍ਰਕਿਰਿਆਵਾਨ ਕਾਰਵਾਈ ਖ਼ਿਲਾਫ਼ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਕਿਹਾ ਕਿ ਕਾਨੂੰਨ ਅਤੇ ਪ੍ਰਕਿਰਿਆ ਦੀ ਅਣਦੇਖੀ ਕਰਨ ਵਾਲੇ ਅਧਿਕਾਰੀਆਂ ਨੂੰ ਅਦਾਲਤ ਰਾਹੀਂ ਜਵਾਬਦੇਹ ਬਣਾਇਆ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਮਨਮਾਨੀ ਦੁਹਰਾਈ ਨਾ ਜਾ ਸਕੇ।
ਪੁਲਿਸ ‘ਤੇ ਵੀ ਧੱਕੇਸ਼ਾਹੀ ਦੇ ਦੋਸ਼
ਇਸ ਮੌਕੇ ਰਾਜਾ ਵੜਿੰਗ ਨੇ ਪੁਲਿਸ ਪ੍ਰਸ਼ਾਸਨ ‘ਤੇ ਵੀ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਬਲਾਕ ਸੰਮਤੀ ਮੈਂਬਰਾਂ ਨੂੰ ਤੰਗ-ਪਰੇਸ਼ਾਨ ਕਰਨ ਲਈ ਉਨ੍ਹਾਂ ਦੇ ਘਰਾਂ ‘ਤੇ ਪੁਲਿਸ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉੱਚ ਪੁਲਿਸ ਅਧਿਕਾਰੀਆਂ, ਖ਼ਾਸ ਕਰਕੇ ਡੀਆਈਜੀ ਦੇ ਧਿਆਨ ਵਿੱਚ ਵੀ ਮਾਮਲਾ ਲਿਆਂਦਾ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਚੁਣੇ ਹੋਏ ਨੁਮਾਇੰਦਿਆਂ ਨਾਲ ਧੱਕੇਸ਼ਾਹੀ ਕੀਤੀ ਗਈ ਤਾਂ ਕਾਂਗਰਸ ਪਾਰਟੀ ਤਿੱਖਾ ਸੰਘਰਸ਼ ਵਿੱਢੇਗੀ।
ਪ੍ਰਸ਼ਾਸਨ ਦਾ ਪੱਖ- ਅਚਾਨਕ ਡਿਊਟੀ ਕਾਰਨ ਚੋਣ ਮੁਲਤਵੀ
ਦੂਜੇ ਪਾਸੇ ਇਸ ਮਾਮਲੇ ਵਿੱਚ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਜਗਰਾਉਂ ਵੱਲੋਂ ਜਾਰੀ ਇੱਕ ਅਧਿਕਾਰਤ ਪੱਤਰ ਵੀ ਸਾਹਮਣੇ ਆਇਆ ਹੈ। ਐਸਡੀਐਮ ਦਫ਼ਤਰ ਵੱਲੋਂ ਬੀਡੀਪੀਓ ਜਗਰਾਉਂ ਨੂੰ ਜਾਰੀ ਕੀਤੇ ਪੱਤਰ ਨੰਬਰ 2544 (ਮਿਤੀ 14 ਮਾਰਚ 2026) ਅਨੁਸਾਰ 14 ਮਾਰਚ ਨੂੰ ਸਵੇਰੇ 10 ਵਜੇ ਪੰਚਾਇਤ ਸੰਮਤੀ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਦੀ ਚੋਣ ਲਈ ਸਮਾਂ ਤੈਅ ਕੀਤਾ ਗਿਆ ਸੀ, ਪਰ ਅਚਾਨਕ ਪ੍ਰਸ਼ਾਸਨਿਕ ਡਿਊਟੀ ਲੱਗ ਜਾਣ ਕਾਰਨ ਚੋਣ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਪੱਤਰ ਵਿੱਚ ਬੀਡੀਪੀਓ ਨੂੰ ਸਮੂਹ ਮੈਂਬਰਾਂ ਨੂੰ ਮੀਟਿੰਗ ਮੁਲਤਵੀ ਹੋਣ ਦੀ ਸੂਚਨਾ ਦੇਣ ਲਈ ਕਿਹਾ ਗਿਆ ਹੈ।
ਬੰਦ ਦਫ਼ਤਰ ਤੇ ਕਾਗਜ਼ੀ ਕਾਰਵਾਈ ‘ਚ ਵਿਰੋਧਾਭਾਸ- ਵੱਡੇ ਸਵਾਲ ਖੜੇ
ਇਸ ਪੂਰੇ ਮਾਮਲੇ ਵਿੱਚ ਹੁਣ ਇੱਕ ਹੋਰ ਵੱਡਾ ਸਵਾਲ ਖੜਾ ਹੋ ਗਿਆ ਹੈ। ਜਦੋਂ ਸਵੇਰੇ ਤੋਂ ਹੀ ਬੀਡੀਪੀਓ ਦਫ਼ਤਰ ਦਾ ਮੁੱਖ ਗੇਟ ਬੰਦ ਸੀ ਅਤੇ ਉੱਥੇ ਕੋਈ ਅਧਿਕਾਰੀ ਜਾਂ ਕਰਮਚਾਰੀ ਮੌਜੂਦ ਨਹੀਂ ਸੀ, ਤਾਂ ਐਸਡੀਐਮ ਦਫ਼ਤਰ ਵੱਲੋਂ ਭੇਜਿਆ ਗਿਆ ਇਹ ਅਧਿਕਾਰਤ ਪੱਤਰ ਆਖ਼ਿਰ ਬੀਡੀਪੀਓ ਦਫ਼ਤਰ ਵਿੱਚ ਕਿਸਨੇ ਰਿਸੀਵ ਕੀਤਾ? ਇਸ ਤੋਂ ਇਲਾਵਾ, ਜੇਕਰ ਦਫ਼ਤਰ ਬੰਦ ਸੀ ਤਾਂ ਬਲਾਕ ਸੰਮਤੀ ਮੈਂਬਰਾਂ ਨੂੰ ਚੋਣ ਮੁਲਤਵੀ ਹੋਣ ਦੀ ਸੂਚਨਾ ਕਿਸ ਅਧਿਕਾਰਤ ਵਿਅਕਤੀ ਨੇ ਦਿੱਤੀ? ਮੌਕੇ ਦੀ ਹਕੀਕਤ ਅਤੇ ਕਾਗਜ਼ੀ ਦਾਵਿਆਂ ਵਿਚਕਾਰ ਬਣਿਆ ਇਹ ਵੱਡਾ ਫਰਕ ਹੁਣ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਲੋਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕਰ ਰਹੇ ਹਨ।
ਜਦੋਂ ਇਸ ਸਬੰਧੀ ਐਸਡੀਐਮ ਜਗਰਾਉਂ ਉਪਿੰਦਰਜੀਤ ਕੌਰ ਬਰਾੜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਚੋਣ ਮੁਲਤਵੀ ਕਰਨ ਸਬੰਧੀ ਪੱਤਰ 14 ਮਾਰਚ ਦੀ ਸਵੇਰ ਕਰੀਬ 9:30 ਵਜੇ ਬੀਡੀਪੀਓ ਜਗਰਾਉਂ ਨੂੰ ਭੇਜ ਦਿੱਤਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸੰਭਵ ਹੈ ਕਿ ਮੈਂਬਰਾਂ ਤੱਕ ਸੂਚਨਾ ਪਹੁੰਚਾਉਣ ਵਿੱਚ ਦੇਰੀ ਹੋਈ ਹੋਵੇ। ਉਧਰ ਜਦੋਂ ਇਸ ਮਾਮਲੇ ‘ਚ ਬੀਡੀਪੀਓ ਸੁਰਜੀਤ ਚੰਦ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਈ ਵਾਰ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।
Click to Follow Babushahi Facebook page →