ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਅੱਜ ਅਮ੍ਰਿਤ ਵੇਲੇ ਨਗਰਕੀਰਤਨ ਆਰੰਭ ਕੀਤੇ ਗਏ
ਵੈਰਾਗਮਈ ਪੱਲਾਂ ਨੂੰ ਯਾਦ ਕਰਦੇ ਹੋਏ ਵੱਡੀ ਗਿਣਤੀ ਚ ਸੰਗਤਾਂ ਨੇ ਪੈਦਲ ਸਰਸਾ ਨਦੀ ਪਾਰ ਕਰ ਤਿੰਨ ਵੱਖੋ-ਵੱਖ ਪੜਾਵਾਂ ਵੱਲ ਪਾਏ ਚਾਲੇ ।
ਮਨਪ੍ਰੀਤ ਸਿੰਘ
ਰੂਪਨਗਰ 22 ਦਸੰਬਰ 2025
6 ਅਤੇ 7 ਪੋਹ ਦੀ ਰਾਤ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਤੇ ਸਿੰਘਾ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਕਿਲਾ ਅਨੰਦਗੜ੍ਹ ਸਾਹਿਬ ਛੱਡਣ ਉਪਰੰਤ ਚਾਲੇ ਪਾਏ। ਉਧਰ ਪਹਾੜੀ ਰਾਜਿਆਂ ਨੇ ਆਟੇ ਦੀਆਂ ਗਊਆਂ ਤੇ ਮੁਸਲਮਾਨਾ ਨੇ ਕੁਰਾਨ ਦੀਆਂ ਖਾਧੀਆਂ ਕਸਮਾਂ ਤੋੜ ਕੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਤੇ 7 ਪੋਹ ਦੀ ਰਾਤ ਨੂੰ ਵੱਖੋ-ਵੱਖ ਪੜਾਵਾਂ
ਤੇ ਗੁਰੂ ਗੋਬਿੰਦ ਸਿੰਘ ਜੀ ਉਹਨਾ ਪਹਾੜੀ ਰਾਜਿਆ ਤੇ ਮੁਸਲਮਾਨਾ ਨਾਲ ਯੁੱਧ ਕਰਦੇ ਹੋਏ ਆਖਰ ਸਰਸਾ ਨਦੀ ਦੇ ਕੰਢੇ ਤੇ ਪਹੁੰਚੇ ਜਿੱਥੇ ਘੁਮਸਾਣ ਦਾ ਯੁੱਧ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਵੀ ਕੀਤਾ ਤੇ ਆਖਰੀ 7 ਪੋਹ ਦੀ ਰਾਤ ਸਰਸਾ ਨਦੀ ਪਾਰ ਕਰਦੇ ਹੋਏ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆ ਚ ਵਿਛੜਨ ਉਪਰੰਤ ਵੱਖੋ-ਵੱਖ ਰਾਹਾਂ ਤੇ ਚਾਲੇ ਪਾ ਦਿੰਦੇ ਹਨ।
ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜਾਦਿਆਂ ਅਤੇ ਸਿੰਘਾਂ ਨਾਲੋਂ ਵਿਛੜ ਕੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਰਸਾ ਨਦੀ ਦੇ ਕਿਨਾਰੇ ਕੁੰਮਾਂ ਮਾਸ਼ਕੀ ਦੀ ਛੱਨ ਝੌਂਪੜੀ ਵਿੱਚ ਪਹੁੰਚਦੇ ਹਨ ਤੇ ਜਿਥੇ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਵਿਸ਼ਰਾਮ ਕਰਦੇ ਹਨ ਤੇ ਮਾਈ ਲੱਛਮੀ ਬਾਈ ਨੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਦਿਆਂ ਨੂੰ ਲੰਗਰ ਪ੍ਰਸ਼ਾਦਾ ਛਕਾਇਆ ਸੀ।
ਗੁਰੂ ਕੇ ਮਹਿਲ ਸਰਸਾ ਪਾਰ ਕਰ ਰੋਪੜ ਪਹੁੰਚਦੇ ਹਨ ਤੇ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਤੇ ਘੋੜ ਸਵਾਰ ਸਿੰਘ ਚਮਕੌਰ ਸਾਹਿਬ ਪਹੁੰਚਦੇ ਹਨ।
ਇਸ ਪਰਿਵਾਰ ਵਿਛੜਨ ਦੇ ਦੁੱਖਾਂ ਭਰੇ ਸਮੇ ਨੂੰ ਯਾਦ ਕਰਦਿਆਂ ਅਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਸੰਤ ਬਾਬਾ ਅਵਤਾਰ ਸਿੰਘ ਜੀ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਟਿੱਬੀ ਸਾਹਿਬ ਰੂਪਨਗਰ ਵਾਲਿਆਂ ਦੀ ਅਗਵਾਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਿਹੰਗ ਸਿੰਘ ਜਥੇਬੰਦੀਆ ਦੇ ਸਹਿਯੋਗ ਨਾਲ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ 6 ਅਤੇ 7 ਪੋਹ ਦੀ ਰਾਤ ਨੂੰ ਕੀਰਤਨ ਸਮਾਗਮ ਸਜਾਇਆ ਜਾਂਦਾ ਤੇ 7 ਪੋਹ ਅਮ੍ਰਿਤ ਵੇਲੇ ਆਸਾ ਦੀ ਵਾਰ ਕੀਰਤਨ ਉਪਰੰਤ ਤਿੰਨ ਸਫਰ - ਏ - ਸ਼ਹਾਦਤ ਪੈਦਲ ਨਗਰਕੀਰਤਨ ਜੁਗੋ ਜੁਗ ਅਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਅਰੰਭ ਹੋ ਕੇ ਸਰਸਾ ਨਦੀ ਪਾਰ ਕਰਨ ਉਪਰੰਤ ਆਪਣੇ ਵੱਖੋ-ਵੱਖ ਪੜਾਵਾਂ ਤੋਂ ਹੁੰਦੇ ਹੋਏ ਆਪਣੇ ਅਸਥਾਨਾ ਤੇ ਪਹੁੰਚਣਗੇ।
ਜਿਸ ਚ ਘੋੜ ਸਵਾਰ ਮਾਰਚ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਆਰੰਭ ਹੋ ਕੇ ਸਰਸਾ ਪਾਰ ਕਰਨ ਉਪਰੰਤ ਥਰਮਲ ਪਲਾਂਟ ਰੋਪੜ ਤੋਂ ਹੁੰਦੇ ਹੋਏ ਵੱਖੋ-ਵੱਖ ਪਿੰਡਾਂ ਰਾਹੀ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ( ਗੜੀ ਸਾਹਿਬ) ਚਮਕੌਰ ਸਾਹਿਬ ਪਹੁੰਚਣਗੇ।
ਇਸੇ ਤਰਾਂ ਬੀਬੀਆਂ ਦਾ ਪੈਦਲ ਮਾਰਚ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ।ਆਰੰਭ ਹੋ ਕੇ ਸਰਸਾ ਪਾਰ ਕਰਨ ਉਪਰੰਤ ਆਪਣੇ ਪੁਰਾਤਨ ਰਾਸਤੇ ਰਾਹੀਂ ਰੋਪੜ ਉਚਾ ਖੇੜਾ ਵਿੱਖੇ ਗੁਰੂ ਕੇ ਮਹਿਲ ਵਿਖੇ ਪਹੁੰਚਣਗੇ।
ਇਸੇ ਤਰਾਂ ਸਫਰ ਏ ਸ਼ਹਾਦਤ ਪੈਦਲ ਮਾਰਚ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਅਰੰਭ ਹੋ ਕੇ ਪਿੰਡ ਮਾਜਰੀ ਗੁੱਜਰਾਂ, ਕੋਟਬਾਲਾ, ਆਸਪੁਰ ਤੋਂ ਹੋ ਕੇ ਸਰਸਾ ਨਦੀ ਪਾਰ ਕਰਦਿਆਂ ਰਣਜੀਤਪੁਰਾ ਤੋ ਹੁੰਦੇ ਹੋਏ ਗੁਰਦੁਆਰਾ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ( ਛੰਨ ਬਾਬਾ ਕੁੰਮਾਂ ਮਾਸ਼ਕੀ ਜੀ) ਪਿੰਡ ਚੱਕ ਢੇਰਾ (ਪੱਤਣ ) ਵਿਖੇ ਪਹੁੰਚ ਕੇ ਸਮਾਪਤੀ ਹੋਈ। ਇਹਨਾਂ ਤਿੰਨ ਨਗਰਕੀਰਤਨਾਂ ਦਾ ਵੱਖ ਵੱਖ ਪਿੰਡਾਂ ਚ ਪਹੁੰਚਣ ਤੇ ਸਵਾਗਤ ਕੀਤਾ ਗਿਆ। ਜਿਹੜੇ ਜਿਹੜੇ ਪੜਾਵਾਂ ਤੋਂ ਇਹ ਨਗਰਕੀਰਤਨ ਗੁਜ਼ਰਦੇ ਗਏ ਨਗਰਕੀਰਤਨਾਂ ਦੀਆਂ ਸੰਗਤਾਂ ਦੇ ਸਵਾਗਤ ਲਈ ਪਿੰਡਾਂ ਵਾਲਿਆਂ ਨੇ ਉਚੇਚੇ ਪ੍ਰਬੰਧ ਕੀਤੇ ਗਏ ਸਨ ਤੇ ਬਹੁਤ ਸ਼ਰਧਾ ਦੇ ਨਾਲ ਨਗਰਕੀਰਤਨਾਂ ਦਾ ਸਵਾਗਤ ਕਰ ਰਹੇ ਸਨ। ਇਸ ਮੌਕੇ ਨਗਰਕੀਰਤਨ ਦੌਰਾਨ ਬੱਚਿਆਂ ਤੇ ਕੀਰਤਨੀ ਜੱਥਿਆਂ ਨੇ ਬਹੁਤ ਹੀ ਵੈਰਾਗਮਈ ਕੀਰਤਨ ਕਰ ਓਸ ਇਤਿਹਾਸਕ ਪਲਾਂ ਨੂੰ ਸੰਗਤਾਂ ਨੂੰ ਯਾਦ ਕਰਵਾਇਆ ਕਿ ਕਿਵੇਂ ਦਾਦੀ ਮਾਤਾ ਗੁਜਰ ਕੌਰ ਨੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਮੇਤ ਇਸ ਠਾਠਾ ਮਾਰਦੀ ਸਰਸਾ ਨਦੀ ਨੂੰ ਪਾਰ ਕਰ ਕੁੰਮੇ ਮਾਸ਼ਕੀ ਤੱਕ ਪਹੁੰਚ ਕੀਤੀ ਤੇ ਬਾਕੀ ਨਗਰਕੀਰਤਨ ਵੀ ਸਰਸਾ ਪਾਰ ਕਰਨ ਉਪਰੰਤ ਵੱਖੋ-ਵੱਖ ਪੜਾਵਾਂ ਰਾਹੀ ਆਪਣੇ ਸਥਾਨਾ ਤੇ ਜਾ ਕੇ ਸਮਾਪਤ ਹੋਏ।
ਇਸ ਮੌਕੇ ਸਾਰੀਆਂ ਸੰਗਤਾ ਦੇ ਮੂੰਹ ਤੇ ਵਾਹਿਗੁਰੂ ਸਿਮਰਨ ਤੇ ਉਹਨਾਂ ਵੈਰਾਗਮਈ ਪਲਾਂ ਨੂੰ ਯਾਦ ਕਰ ਸਾਰੀਆਂ ਸੰਗਤਾਂ ਦੀਆਂ ਅੱਖਾਂ ਅੱਥਰੂਆਂ ਦੇ ਨਾਲ ਭਰੀਆਂ ਹੋਈਆਂ ਸਨ । ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਚੇਚੇ ਤੌਰ ਤੇ ਇਸ ਸਫਰ-ਏ-ਸ਼ਹਾਦਤ ਨਗਰਕੀਰਤਨ ਚ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਪੈਦਲ ਚੱਲ ਕੇ ਸੰਗਤਾਂ ਦੇ ਨਾਲ ਗੁਰਬਾਣੀ ਦਾ ਜਾਪ ਕਰਦੇ ਹੋਏ ਸਰਸਾ ਨਦੀ ਪਾਰ ਕਰ ਕੇ ਗੁਰਦੁਆਰਾ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ( ਛੰਨ ਬਾਬਾ ਕੁੰਮਾਂ ਮਾਸ਼ਕੀ ਜੀ) ਪਿੰਡ ਚੱਕ ਢੇਰਾ (ਪੱਤਣ ) ਤੇ ਨਤਮਸਤਕ ਹੋਏ।
ਇਹਨਾ ਸਾਰੇ ਨਗਰਕੀਰਤਨਾਂ ਦਾ ਵਿਸ਼ੇਸ਼ ਤੋਰ ਤੇ ਜੀ ਸਟਾਰ ਟੀਵੀ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਘਰ ਬੈਠ ਕੇ ਲਾਈਵ ਵੇਖਣ ਲਈ ਸਾਰੇ ਨਗਰਕੀਰਤਨਾਂ ਦਾ ਲਾਈਵ ਟੈਲੀਕਾਸਟ ਕੀਤਾ ਗਿਆ।
ਇਸ ਮੌਕੇ ਪਿੰਡ ਅਵਾਨਕੋਟ, ਸਰਸਾ ਨੰਗਲ, ਆਲੋਵਾਲ, ਮਾਜਰੀ ਗੁੱਜਰਾਂ, ਰਣਜੀਤਪੁਰਾ ਦੀਆਂ ਸੰਗਤਾਂ ਤੋਂ ਇਲਾਵਾ ਗਿਆਨੀ ਸੁਖਵਿੰਦਰ ਸਿੰਘ ਕਥਾਵਾਚਕ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਸਮੂਹ ਸੇਵਾਦਾਰ,ਅਮਰਜੀਤ ਸਿੰਘ, ਜੁਝਾਰ ਸਿੰਘ ਆਸਪੁਰ, ਦਲਬਾਰਾ ਸਿੰਘ ਘਨੌਲੀ, ਜਰਨੈਲ ਸਿੰਘ ਕੋਟਾਂ , ਜਸਵੀਰ ਸਿੰਘ ਘਨੌਲੀ , ਜੀ ਸਟਾਰ ਟੀਵੀ ਜੀਤ ਵੀਡੀਓ ਦੀ ਟੀਮ, ਕਿਰਪਾਲ ਸਿੰਘ ਐਮ ਡੀ ਜੀ ਸਟਾਰ ਟੀਵੀ ,ਸੁਰਜੀਤ ਸਿੰਘ ਘਨੌਲੀ ਤੋਂ ਇਲਾਵਾ ਇਸ ਮੌਕੇ ਇਲਾਕੇ ਦੀਆਂ ਅਤੇ ਹੋਰ ਬਾਹਰ ਦੀਆਂ ਸੰਗਤਾ ਬਹੁਤ ਭਾਰੀ ਗਿਣਤੀ ਚ ਸ਼ਾਮਿਲ ਹੋਈਆਂ।