ਗੁਰਦਾਸਪੁਰ: ਪੁਲਿਸ ਮੁਲਾਜ਼ਮ ਦੇ ਕੁੱਤੇ ਨੇ ਪਿਓ-ਪੁੱਤ 'ਤੇ ਕੀਤਾ ਹਮਲਾ- ਬੱਚਾ ਗੰਭੀਰ ਜ਼ਖ਼ਮੀ
ਰੋਹਿਤ ਗੁਪਤਾ
ਗੁਰਦਾਸਪੁਰ, 18 ਅਪ੍ਰੈਲ 2026- ਗੁਰਦਾਸਪੁਰ ਦੇ ਬਹਿਰਾਮਪੁਰ ਰੋਡ 'ਤੇ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਪਾਲੇ ਗਏ ਖ਼ਤਰਨਾਕ ਪਿੱਟਬੁੱਲ ਕੁੱਤੇ ਨੇ ਖਰੀਦਦਾਰੀ ਕਰਨ ਆਏ ਇੱਕ ਪਰਿਵਾਰ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਮਾਸੂਮ ਬੱਚਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ, ਨਜ਼ਦੀਕੀ ਪਿੰਡ ਸਾਧੂਚੱਕ ਦਾ ਰਹਿਣ ਵਾਲਾ ਸੋਹਨ ਮਸੀਹ ਆਪਣੇ ਪਰਿਵਾਰ ਸਮੇਤ ਸ਼ਹਿਰ ਵਿੱਚ ਖਰੀਦਦਾਰੀ ਕਰਨ ਆਇਆ ਸੀ। ਜਦੋਂ ਉਹ ਬਹਿਰਾਮਪੁਰ ਰੋਡ 'ਤੇ ਪਹੁੰਚੇ ਤਾਂ ਇੱਕ ਪੁਲਿਸ ਮੁਲਾਜ਼ਮ ਦੇ ਪਿੱਟਬੁੱਲ ਕੁੱਤੇ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਪਹਿਲਾਂ ਸੋਹਨ ਮਸੀਹ ਨੂੰ ਵੱਢਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਿਸੇ ਤਰ੍ਹਾਂ ਬਚ ਗਿਆ। ਪਿਤਾ ਦੇ ਬਚਣ ਤੋਂ ਬਾਅਦ ਪਿੱਟਬੁੱਲ ਬੱਚੇ ਦੇ ਦੁਆਲੇ ਹੋ ਗਿਆ। ਪਿਤਾ ਨੇ ਬੱਚੇ ਨੂੰ ਬਚਾਉਣ ਲਈ ਬਹੁਤ ਜੱਦੋ-ਜਹਿਦ ਕੀਤੀ, ਪਰ ਕੁੱਤੇ ਨੇ ਬੱਚੇ ਦੇ ਲੱਕ ਦੇ ਹੇਠਲੇ ਹਿੱਸੇ, ਲੱਤਾਂ ਅਤੇ ਚੂਲੇ 'ਤੇ ਬੁਰੀ ਤਰ੍ਹਾਂ ਦੰਦ ਮਾਰ ਕੇ ਉਸ ਨੂੰ ਨੋਚ ਸੁੱਟਿਆ।
ਆਲੇ-ਦੁਆਲੇ ਦੇ ਲੋਕਾਂ ਨੇ ਜਦੋਂ ਬੱਚੇ ਦੀਆਂ ਚੀਕਾਂ ਸੁਣੀਆਂ ਤਾਂ ਉਨ੍ਹਾਂ ਨੇ ਡੰਡਿਆਂ ਅਤੇ ਝਾੜੂਆਂ ਨਾਲ ਕੁੱਤੇ ਨੂੰ ਕੁੱਟਿਆ, ਜਿਸ ਤੋਂ ਬਾਅਦ ਕੁੱਤੇ ਨੇ ਬੱਚੇ ਨੂੰ ਛੱਡਿਆ। ਜੇਕਰ ਲੋਕ ਸਮੇਂ ਸਿਰ ਨਾ ਪਹੁੰਚਦੇ ਤਾਂ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਸਰਕਾਰੀ ਹਸਪਤਾਲ ਵਿੱਚ ਤਾਇਨਾਤ ਐਮਰਜੰਸੀ ਮੈਡੀਕਲ ਅਫ਼ਸਰ ਡਾਕਟਰ ਰਾਹੁਲ ਸਸੋਤਾ ਨੇ ਦੱਸਿਆ ਕਿ ਬੱਚੇ ਦੇ ਸਰੀਰ 'ਤੇ ਕਈ ਡੂੰਘੇ ਜ਼ਖ਼ਮ ਹਨ। ਫਿਲਹਾਲ ਬੱਚੇ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ।
ਬੱਚੇ ਦੇ ਪਿਤਾ ਪਾਸਟਰ ਸੋਹਨ ਮਸੀਹ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਅਜਿਹੇ ਖ਼ਤਰਨਾਕ ਕੁੱਤਿਆਂ ਨੂੰ ਰਿਹਾਇਸ਼ੀ ਇਲਾਕਿਆਂ ਵਿੱਚ ਪਾਲਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੁਲਿਸ ਮੁਲਾਜ਼ਮ ਦੇ ਕੁੱਤੇ ਵੱਲੋਂ ਕੀਤੇ ਗਏ ਇਸ ਹਮਲੇ ਕਾਰਨ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
Click to Follow Babushahi Facebook page →