ਔਰਤਾਂ ਖਿਲਾਫ ਭੱਦੀ ਸ਼ਬਦਾਵਲੀ ਅਤੇ ਗਾਲੀ ਗਲੋਚ ਬੰਦ ਕਰਵਾਉਣ ਲਈ ਕੇਂਦਰੀ ਮੰਤਰੀ ਨੂੰ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 10 ਜੂਨ 2026 : ਭਾਰਤੀ ਜੰਤਾ ਪਾਰਟੀ ਮਹਿਲਾ ਮੋਰਚਾ ਦੀ ਕੌਮੀ ਕਾਰਜਕਾਰਨੀ ਮੈਂਬਰ ਅਤੇ ਸਮਾਜ ਸੇਵਿਕਾ ਵੀਨੂੰ ਗੋਇਲ ਨੇ ਵਫਦ ਨਾਲ ਔਰਤਾਂ ਖਿਲਾਫ ਪੁਰਸ਼ਾਂ ਵੱਲੋਂ ਵਰਤੀ ਜਾਂਦੀ ਭੱਦੀ ਸ਼ਬਦਾਵਲੀ ਅਤੇ ਗਾਲ੍ਹਾਂ ਦੇ ਰੂਪ ’ਚ ਅਪਾਨਜਨਕ ਵਰਤਾਰੇ ’ਤੇ ਮੁਕੰਮਲ ਰੋਕ ਲਾਉਣ ਲਈ ਸਖਤ ਕਾਨੂੰਨ ਬਨਾਉਣ ਵਾਸਤੇ ਕੇਂਦਰੀ ਮੰਤਰੀ ਕਮਲੇਸ਼ ਪਾਸਵਾਨ ਨੂੰ ਮੰਗ ਪੱਤਰ ਦਿੱਤਾ ਹੈ। ਇਸ ਮੰਗ ਪੱਤਰ ’ਤੇ ਸ਼ਹਿਰ ਸਮੇਤ ਵੱਖ ਵੱਖ ਇਲਾਕਿਆਂ ਦੀ ਸੈਂਕੜੇ ਔਰਤਾਂ ਵੱਲੋਂ ਦਸਤਖਤ ਕੀਤੇ ਗਏ ਹਨ ਜਿੰਨ੍ਹਾਂ ਨੇ ਵੀਨੂੰ ਗੋਇਲ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਇਸ ਮੁਹਿੰਮ ਨੂੰ ਲਹਿਰ ਬਨਾਉਣ ਲਈ ਪੂਰਾ ਪੂਰਾ ਸਹਿਯੋਗ ਦੇਣਗੀਆਂ। ਸ਼੍ਰੀਮਤੀ ਗੋਇਲ ਨੇ ਕਿਹਾ ਕਿ ਜਦੋਂ ਦਲਿਤ ਭਾਈਚਾਰੇ ਖਿਲਾਫ ਵਰਤੀ ਜਾਂਦੀ ਅਪਮਾਨਜਨਕ ਭਾਸ਼ਾ ਅਤੇ ਭੱਦੀਆਂ ਟਿੱਪਣੀਆਂ ਖਿਲਾਫ ਐਸਸੀ ਐਸਟੀ ਐਕਟ ਵਰਗਾ ਸਖਤ ਕਾਨੂੰਨ ਬਣਾਇਆ ਜਾ ਸਕਦਾ ਹੈ ਤਾਂ ਔਰਤਾਂ ਲਈ ਅਜਿਹੇ ਪ੍ਰਬੰਧ ਵੀ ਕੀਤੇ ਜਾਣੇ ਚਾਹੀਦੇ ਹਨ।
ਸ਼੍ਰੀਮਤੀ ਗੋਇਲ ਨੇ ਕਿਹਾ ਕਿ ਲੜਕੀਆਂ ਦਾ ਕੰਮ ਇਕੱਲਾ ਘਰ ਵਸਾਉਣਾ ਨਹੀਂ ਹੁੰਦਾ ਹੈ ਬਲਕਿ ਉਨ੍ਹਾਂ ਦੀ ਲੜਾਈ ਸਮਾਜੀ ਵਿਤਕਰਾ ਖਤਮ ਕਰਨ ਦੀ ਹੈ ਜਿਥੇ ਔਰਤ ਹੋਣਾ ਗੁਨਾਹ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜ ’ਚ ਅਕਸਰ ਦੇਖਿਆ ਜਾਂਦਾ ਹੈ ਕਿ ਪੁਰਸ਼ਾਂ ਵੱਲੋਂ ਲੜਾਈ ਝਗੜੇ ਦੌਰਾਨ ਗੁੱਸੇ ਵਿੱਚ ਆਕੇ ਕੀਤੇ ਜਾਣ ਵਾਲੇ ਗਾਲੀ ਗਲੋਚ ਦੌਰਾਨ ਮਾਂ ਅਤੇ ਭੈਣ ਦੇ ਰੂਪ ’ਚ ਔਰਤ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਦੀ ਮੋਦੀ ਸਰਕਾਰ ਮਹਿਲਾ ਸਸ਼ਕਤੀਕਰਨ ਦੀਆਂ ਗੱਲਾਂ ਕਰਦੀ ਹੈ ਤਾਂ ਇਸ ਨੂੰ ਅਮਲੀ ਰੂਪ ’ਚ ਲਿਆਉਣ ਲਈ ਔਰਤਾਂ ਖਿਲਾਫ ਹੁੰਦੀਆਂ ਬੇਹੂਦਾ ਟਿੱਪਣੀਆਂ ਅਤੇ ਗਾਲ੍ਹਾਂ ਵਰਗੀ ਮੰਦੀ ਭਾਸ਼ਾ ’ਤੇ ਮੁਕੰਮਲ ਰੋਕ ਲਾਉਣ ਲਈ ਸਖਤ ਕਾਨੂੰਨ ਬਣਾਇਆ ਜਾਣਾ ਵਕਤ ਦੀ ਅਣਸਰਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਜਦੋਂ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਾਂਤੀਕਾਰੀ ਮੰਨੇ ਜਾਂਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵੀ ਜੀ ਮਹਾਰਜ ਨੇ ਔਰਤ ਜਾਤੀ ਨੂੰ ਉੱਚਾ ਦਰਜਾ ਦਿੱਤਾ ਹੈ ਤਾਂ ਔਰਤਾਂ ਖਿਲਾਫ ਅਪਮਾਨ ਭਰਿਆ ਵਤੀਰਾ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਔਰਤਾਂ ਖਿਲਾਫ ਅਜਿਹਾ ਨਫਰਤੀ ਵਤੀਰਾ ਰੋਕਣ ਲਈ ਅੱਗੇ ਆਉਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਅਜਿਹਾ ਸਖਤ ਕਾਨੂੰਨ ਬਨਾਉਣ ਲਈ ਜੋਰ ਪਾਉਣ। ਸਮਾਜਿਕ ਕਾਰਕੁੰਨ ਵੀਨੂੰ ਗੋਇਲ ਨੇ ਕਿਹਾ ਕਿ ਉਹ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਯਤਨ ਕਰਨਗੇ ਅਤੇ ਇਸ ਨੂੰ ਲਹਿਰ ਬਣਾਇਆ ਜਾਏਗਾ।
- Download Babushahi App
-
-