ਐਨ. ਕੇ. ਜੀਤ ਦੇ ਸ਼ਰਧਾਂਜਲੀ ਸਮਾਗਮ ਮੌਕੇ ਇਨਕਲਾਬੀ ਲੋਕ ਲਹਿਰ ਦੀ ਉਸਾਰੀ ਲਈ ਹੋਰ ਦ੍ਰਿੜਤਾ ਨਾਲ ਡਟਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 29 ਅਪ੍ਰੈਲ 2026:ਇਨਕਲਾਬੀ ਲੋਕ ਆਗੂ ਮਰਹੂਮ ਐਨ ਕੇ ਜੀਤ ਨੂੰ ਲੋਕ ਲਹਿਰ ਦੇ ਕਾਫਲੇ ਵੱਲੋਂ ਅੱਜ ਬਠਿੰਡਾ ਵਿਖੇ ਵਿਸ਼ਾਲ ਜਨਤਕ ਇਕੱਠ ਵਿੱਚ ਸਿਜਦਾ ਕੀਤਾ ਗਿਆ। ਵਿਛੜੇ ਮਰਹੂਮ ਆਗੂ ਨੂੰ ਸ਼ਰਧਾਂਜਲੀਆਂ ਦੇਣ ਲਈ ਅੱਜ ਪੰਜਾਬ ਦੇ ਕੋਨੇ ਕੋਨੇ 'ਚੋਂ ਇਨਕਲਾਬੀ ਜਮਹੂਰੀ ਲਹਿਰ ਦੀਆਂ ਜਥੇਬੰਦੀਆਂ ਦੇ ਆਗੂ ਤੇ ਕਾਰਕੁੰਨ ਨੂੰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਹ ਸਮਾਗਮ ਸਾਥੀ ਜੀਤ ਵੱਲੋਂ ਲੋਕ ਲਹਿਰ ਨਾਲ ਨਿਭਾਈ ਵਫ਼ਾ ਦਾ ਤੇ ਉਸਦੇ ਵਿਛੋੜੇ ਨਾਲ ਪਏ ਘਾਟੇ ਨੂੰ ਪੂਰਨ ਦੀ ਸਮੂਹਿਕ ਤਾਂਘ ਦਾ ਪ੍ਰਗਟਾਵਾ ਬਣਿਆ।
ਲਾਰਡ ਰਾਮਾ ਹਾਲ ਦੇ ਵਿਹੜੇ ਵਿੱਚ ਸਜੇ ਵਿਸ਼ਾਲ ਪੰਡਾਲ ਚ ਹੋਏ ਸਮਾਗਮ ਦੀ ਸ਼ੁਰੂਆਤ ਸਮੁੱਚੇ ਪੰਡਾਲ ਦੀ ਤਰਫੋਂ ਸਾਥੀ ਜੀਤ ਦੀ ਤਸਵੀਰ ਨੂੰ ਸ਼੍ਰੀ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਫੁੱਲਾਂ ਦੀ ਮਾਲਾ ਪਹਿਨਾਉਣ ਨਾਲ ਹੋਈ। ਉਹਨਾਂ ਨਾਲ ਸ਼ਰਧਾਂਜਲੀ ਸਮਾਗਮ ਕਮੇਟੀ ਦੇ ਮੈਂਬਰ ਤੇ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂ ਤੇ ਸ਼ਖ਼ਸ਼ੀਅਤਾਂ ਹਾਜ਼ਰ ਸਨ। ਇਸ ਮੌਕੇ ਕੌਮਾਂਤਰੀ ਗੀਤ ਦੀ ਧੁਨ ਵਜਾਈ ਗਈ ਤੇ ਸਮੁੱਚੇ ਪੰਡਾਲ ਨੇ ਖੜੇ ਹੋ ਕੇ ਵਿਛੜੇ ਸਾਥੀ ਨੂੰ ਰਸਮੀ ਸ਼ਰਧਾਂਜਲੀ ਭੇਂਟ ਕੀਤੀ।
ਇਸ ਇਕੱਤਰਤਾ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਜਗਮੋਹਨ ਸਿੰਘ , ਅਮੋਲਕ ਸਿੰਘ, ਡਾ.ਨਵਸ਼ਰਨ , ਜੋਗਿੰਦਰ ਸਿੰਘ ਉਗਰਾਹਾਂ, ਜਸਪਾਲ ਜੱਸੀ, ਨਰਾਇਣ ਦੱਤ ,ਲਛਮਣ ਸਿੰਘ ਸੇਵੇਵਾਲਾ ਸ਼ਾਮਿਲ ਸਨ ਜਿਨਾਂ ਨੇ ਸਾਥੀ ਐਨ ਕੇ ਜੀਤ ਵੱਲੋਂ ਇਨਕਲਾਬੀ ਜਮਹੂਰੀ ਲਹਿਰ ਦੇ ਵੱਖ-ਵੱਖ ਦੌਰਾਂ ਅੰਦਰ ਨਿਭਾਈ ਭੂਮਿਕਾ ਦੀ ਚਰਚਾ ਕੀਤੀ। ਇਨਕਲਾਬੀ ਜਮਹੂਰੀ ਲਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਤੇ ਮੁਹਾਜ਼ਾਂ ਉੱਤੇ ਉਹਨਾਂ ਵੱਲੋਂ ਪਾਏ ਯੋਗਦਾਨ ਨੂੰ ਸਿਜਦਾ ਕੀਤਾ ਤੇ ਲਹਿਰ ਅੰਦਰ ਉਨਾਂ ਦੇ ਇਸ ਅਣਥੱਕ ਲੰਮੇ ਸਫ਼ਰ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ। ਜਮਹੂਰੀ ਹੱਕਾਂ ਦੀ ਲਹਿਰ ਨੂੰ ਤੇ ਸਮੁੱਚੀ ਇਨਕਲਾਬੀ ਲਹਿਰ ਨੂੰ ਦਰਪੇਸ਼ ਚੁਣੌਤੀਆਂ ਸੰਗ ਮੱਥਾ ਲਾਉਣ ਲਈ ਸਾਥੀ ਐਨ ਕੇ ਜੀਤ ਵਾਲੀ ਵਿਚਾਰਧਾਰਕ ਪ੍ਰਤੀਬੱਧਤਾ, ਬੁਨਿਆਦੀ ਇਨਕਲਾਬੀ ਤਬਦੀਲੀ ਦੇ ਮਿਸ਼ਨ ਵਿੱਚ ਦ੍ਰਿੜ ਨਿਹਚਾ, ਲੋਕਾਂ ਚ ਅਥਾਹ ਵਿਸ਼ਵਾਸ ਤੇ ਵਿਗਿਆਨਿਕ ਦ੍ਰਿਸ਼ਟੀ ਵਰਗੇ ਗੁਣਾਂ ਨੂੰ ਗ੍ਰਹਿਣ ਕਰਨ 'ਤੇ ਜ਼ੋਰ ਦਿੱਤਾ।
ਬੁਲਾਰਿਆਂ ਨੇ ਉਹਨਾਂ ਵੱਲੋਂ ਹਕੂਮਤੀ ਜਬਰ ਦੇ ਵੱਖ-ਵੱਖ ਦੌਰਾਂ ਤੇ ਫਿਰਕਾਪ੍ਰਸਤੀ ਖਿਲਾਫ ਸੰਘਰਸ਼ ਅੰਦਰ ਬੇਖੌਫ ਡਟਣ ਦੇ ਇਰਾਦਿਆਂ ਨੂੰ ਸਲਾਮ ਕੀਤੀ। ਸ਼ਰਧਾਂਜਲੀ ਸਮਾਗਮ ਕਮੇਟੀ ਦੇ ਕਨਵੀਨਰ ਪਾਵੇਲ ਕੁੱਸਾ ਦੀ ਮੰਚ ਸੰਚਾਲਣਾ ਵਿੱਚ ਹੋਏ ਇਸ ਸਮਾਗਮ ਦੌਰਾਨ ਕਿਸਾਨ, ਖੇਤ ਮਜ਼ਦੂਰ, ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰਨਾਂ ਵਰਗਾਂ ਦੀਆਂ ਜਨਤਕ ਜਥੇਬੰਦੀਆਂ ਦੇ ਨਾਲ ਨਾਲ ਤਰਕਸ਼ੀਲ ਸੁਸਾਇਟੀ, ਜਮਹੂਰੀ ਅਧਿਕਾਰ ਸਭਾ, ਇਨਕਲਾਬੀ ਜਮਹੂਰੀ ਫਰੰਟ ਵਰਗੀਆਂ ਲੋਕ ਪੱਖੀ ਜਮਹੂਰੀ ਸੰਸਥਾਵਾਂ ਤੇ ਪਲੇਟਫਾਰਮ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਮੌਕੇ ਮਹਾਨ ਅਕੀਦਿਆਂ ਨੂੰ ਪ੍ਰਣਾਏ ਜੀਵਨ ਦੀ ਸਾਰਥਿਕਤਾ ਬਾਰੇ ਮਕਬੂਲ ਗੀਤਾਂ ਨਾਲ ਸਾਥੀ ਜੀਤ ਨੂੰ ਸਿਜਦਾ ਕੀਤਾ ਗਿਆ। ਲੋਕ ਸੰਗੀਤ ਮੰਡਲੀ ਭਦੌੜ ਵੱਲੋਂ ਮਾਸਟਰ ਰਾਮ ਕੁਮਾਰ ਦੀ ਨਿਰਦੇਸ਼ਨਾ ਚ ਪੇਸ਼ ਇਹਨਾਂ ਗੀਤਾਂ ਨੂੰ ਲੋਕਾਂ ਨੇ ਬਹੁਤ ਸਹਿਜਤਾ ਨਾਲ ਸੁਣਿਆ। ਲਗਭਗ ਢਾਈ ਦਰਜਨ ਲੋਕ ਜਥੇਬੰਦੀਆਂ ਤੇ ਸਮਾਜਿਕ ਜਮਹੂਰੀ ਸੰਸਥਾਵਾਂ ਵੱਲੋਂ ਭੇਜੇ ਸ਼ੋਕ ਸੁਨੇਹੇ ਮੰਚ ਤੋਂ ਲੋਕਾਂ ਨਾਲ ਸਾਂਝੇ ਕੀਤੇ ਗਏ।
ਇਸ ਇਕੱਤਰਤਾ ਨੂੰ ਸਾਥੀ ਬੂਟਾ ਸਿੰਘ ਮਹਿਮੂਦਪੁਰ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਸੁਖਮੰਦਰ ਸਿੰਘ, ਜਸਪਾਲ ਮਾਨ ਖੇੜਾ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਮੁੰਬਈ ਤੋਂ ਪੱਤਰਕਾਰ ਹਰਸ਼ ਠਾਕੁਰ ਵੀ ਹਾਜ਼ਰ ਸਨ। ਸਮਾਗਮ ਦੇ ਅੱਧ ਦੌਰਾਨ ਸਾਥੀ ਐਨ ਕੇ ਜੀਤ ਵੱਲੋਂ ਸੇਵੇਵਾਲਾ ਕਾਂਢ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਲਿਖਿਆ ਗੀਤ ਹਰਮੀਤ ਕੋਟਗੁਰੂ ਨੇ ਤਰੰਨਮ ਨਾਲ ਪੇਸ਼ ਕੀਤਾ। ਸਾਥੀ ਐਨ ਕੇ ਜੀਤ ਦੀ ਦੋਹਤੀ ਅਵਿਨੀਤਾ ਸਿੰਘ ਨੇ ਵੀ ਮੰਚ ਤੋਂ ਆਪਣੇ ਨਾਨੇ ਨਾਲ ਸਨੇਹ ਪ੍ਰਗਟਾਉਂਦੇ ਕੁਝ ਸ਼ਬਦ ਕਹੇ। ਸਾਥੀ ਜੀਤ ਦੇ ਬੇਟੇ ਰਜਨੀਸ਼ ਰਾਣਾ ਨੇ ਪਰਿਵਾਰ ਵੱਲੋਂ ਦੁੱਖ ਵਿੱਚ ਸ਼ਰੀਕ ਸਭਨਾਂ ਲੋਕਾਂ ਦਾ ਧੰਨਵਾਦ ਕੀਤਾ ਤੇ ਸਾਥੀ ਜੀਤ ਦੀ ਸ਼ਖਸ਼ੀਅਤ ਦੇ ਉਹਨਾਂ ਪਹਿਲੂਆਂ 'ਤੇ ਝਾਤ ਪਵਾਈ ਜਿਹੜੇ ਉਹਨਾਂ ਨੇ ਪਰਿਵਾਰਕ ਜ਼ਿੰਦਗੀ ਦੌਰਾਨ ਦੇਖੇ ਤੇ ਹੰਢਾਏ। ਉਹਨਾਂ ਨੇ ਸਾਥੀ ਜੀਤ ਦੇ ਪਰਿਵਾਰਕ ਨਿਭਾਅ ਅੰਦਰ ਵੀ ਜਮਹੂਰੀ ਲਹਿਰ ਪ੍ਰਤੀ ਸਮਰਪਣ ਦੀ ਭਾਵਨਾ ਦੇ ਪ੍ਰਗਟਾਵਿਆਂ ਬਾਰੇ ਗੱਲ ਕੀਤੀ। ਕਮੇਟੀ ਵੱਲੋਂ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਵਿਸ਼ਾਲ ਲੰਗਰ ਦਾ ਇੰਤਜਾਮ ਕੀਤਾ ਗਿਆ ਸੀ।
Click to Follow Babushahi Facebook page →