ਐਨਸੀਈਆਰਟੀ ਸਿਲੇਬਸ 'ਚ ਮੰਨੂ ਸਮ੍ਰਿਤੀ ਸ਼ਾਮਲ ਕਰਨ ਦਾ ਤਰਕਸ਼ੀਲਾਂ ਵੱਲੋਂ ਵਿਰੋਧ
-'ਮਨੂੰ ਸਮ੍ਰਿਤੀ' ਔਰਤ ਵਿਰੋਧੀ ਅਤੇ ਸਮਾਜਿਕ ਵੰਡੀਆਂ ਪਾਉਣ ਵਾਲਾ ਗ੍ਰੰਥ : ਤਰਕਸ਼ੀਲ ਸੁਸਾਇਟੀ
ਅਸ਼ੋਕ ਵਰਮਾ
ਬਰਨਾਲਾ, 27 ਜੂਨ2026: ਤਰਕਸ਼ੀਲ਼ ਸੁਸਾਇਟੀ ਪੰਜਾਬ ਨੇ ਐਨ ਸੀ ਈ ਆਰ ਟੀ ਵੱਲੋਂ ਸਮਾਜਿਕ ਵਿਗਿਆਨ ਦੀ ਨਵੀਂ ਪੁਸਤਕ ਵਿੱਚ ਮੰਨੂ ਸਮ੍ਰਿਤੀ ਦੇ ਸ਼ਲੋਕ ਨੂੰ ਸ਼ਾਮਲ ਕਰਨ ਅਤੇ ਇਸਦੀ ਸਰਾਸਰ ਗ਼ਲਤ ਅਤੇ ਝੂਠੀ ਵਿਆਖਿਆ ਕਰਨ ਦੇ ਫ਼ਿਰਕੂ ਫੈਸਲੇ ਦਾ ਡਟਵਾਂ ਵਿਰੋਧ ਕਰਦਿਆਂ ਇਸਨੂੰ ਸਿਲੇਬਸ ’ਚੋਂ ਤੁਰੰਤ ਬਾਹਰ ਕੱਢਣ ਦੀ ਜ਼ੋਰਦਾਰ ਮੰਗ ਕੀਤੀ ਹੈ। ਸੁਸਾਇਟੀ ਆਗੂਆਂ ਸਮੂਹ ਲੋਕ ਪੱਖੀ, ਪ੍ਰਗਤੀਸ਼ੀਲ ਜਮਹੂਰੀ ਸਮਾਜਿਕ ਸੰਸਥਾਵਾਂ ਨੂੰ ਸਿੱਖਿਆ ਦੇ ਇਸ ਭਗਵਾਕਰਨ ਦਾ ਵਿਰੋਧ ਲਾਮਬੰਦ ਕਰਨ ਦੀ ਅਪੀਲ ਵੀ ਕੀਤੀ।
ਇਸ ਸਬੰਧੀ ਸਥਾਨਕ ਤਰਕਸ਼ੀਲ਼ ਭਵਨ ਵਿਖੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ,ਰਾਜਪਾਲ ਸਿੰਘ,ਰਾਮ ਸਵਰਨ ਲੱਖੇਵਾਲੀ ਅਤੇ ਸੁਮੀਤ ਅੰਮ੍ਰਿਤਸਰ ਨੇ ਕਿਹਾ ਕਿ ਮੰਨੂ ਸਮ੍ਰਿਤੀ ਇਕ ਅਜਿਹਾ ਗ੍ਰੰਥ ਹੈ ਜਿਸ ਵਿੱਚ ਵਰੁਣ ਵੰਡ ਤਹਿਤ ਸਮਾਜ ਅੰਦਰ ਜਾਤ ਪਾਤੀ ਭੇਦ ਭਾਵ ਦੇ ਨਾਲ ਨਾਲ ਔਰਤ ਵਿਰੋਧੀ ਮਾਨਸਿਕਤਾ ਦਾ ਪ੍ਰਚਾਰ ਕੀਤਾ ਗਿਆ ਹੈ,ਜਿਸ ਦੇ ਅਧਿਆਏ ਪੰਜ ਹੇਠ ਔਰਤਾਂ ਦੀ ਆਜ਼ਾਦ ਮਨੁੱਖੀ ਹਸਤੀ ਨੂੰ ਨਕਾਰ ਕੇ ਉਸਨੂੰ ਘਰ ਦੀ ਚਾਰਦੀਵਾਰੀ ਵਿੱਚ ਗੁਲਾਮ ਬਣ ਕੇ ਰਹਿਣ ਦੀਆਂ ਨਸੀਹਤਾਂ ਦਿੱਤੀਆਂ ਗਈਆਂ ਹਨ।
ਤਰਕਸ਼ੀਲ ਆਗੂਆਂ ਐੱਨਸੀਈਆਰਟੀ ਪ੍ਰਬੰਧਕਾਂ ਉਤੇ ਭਾਜਪਾ-ਆਰ ਐੱਸ ਐੱਸ ਦੇ ਹਿੰਦੂਤਵ ਦੇ ਫ਼ਿਰਕੂ ਏਜੰਡੇ ਨੂੰ ਲਾਗੂ ਕਰਨ ਤੇ ਝੂਠ ਬੋਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਵੈਦਿਕ ਕਾਲ ਦੌਰਾਨ ਔਰਤਾਂ ਨੂੰ ਸਤਿਕਾਰ ਦੇਣਾ ਤਾਂ ਬਹੁਤ ਦੂਰ ਦੀ ਗੱਲ ਸੀ ਜਦਕਿ ਇਸਦੇ ਉਲਟ ਔਰਤਾਂ ਨੂੰ ਪੜ੍ਹਾਈ ਲਿਖਾਈ ਅਤੇ ਵੇਦ ਮੰਤਰਾਂ ਉਚਾਰਨ ਤੱਕ ਦੀ ਮਨਾਹੀ ਸੀ। ਬਲਕਿ ਔਰਤ ਨੂੰ ਮਰਦਾਂ, ਰਾਜਿਆਂ, ਜਗੀਰਦਾਰਾਂ ਦੀ ਦਾਸੀ, ਨਿੱਜੀ ਜਾਇਦਾਦ ਅਤੇ ਪੈਰ ਦੀ ਜੁੱਤੀ ਕਹਿਕੇ ਤ੍ਰਿਸਕਾਰਿਆ ਜਾਂਦਾ ਸੀ।
ਤਰਕਸ਼ੀਲ਼ ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਵੱਲੋਂ ਸੰਨ 2018 ਵਿੱਚ ਸੁਪਰੀਮ ਕੋਰਟ ਵੱਲੋਂ ਦਿੱਤੇ ਫੈਸਲੇ ਦੇ ਬਿੱਲਕੁਲ ਉਲਟ ਸਾਬਰੀਮਾਲਾ ਮੰਦਿਰ ਵਿੱਚ 10 ਤੋਂ 50 ਸਾਲ ਦੇ ਵਰਗ ਦੀਆਂ ਔਰਤਾਂ ਦੇ ਦਾਖਲੇ ਉਤੇ ਪਾਬੰਦੀ ਲਾਉਣ ਲਈ ਸੁਪਰੀਮ ਕੋਰਟ ਵਿੱਚ ਦਿੱਤੇ ਹਲਫ਼ੀਆ ਦਸਤਾਵੇਜ਼ ਇਸ ਤੱਥ ਦਾ ਸਬੂਤ ਹਨ ਕਿ ਭਾਜਪਾ-ਆਰ ਐੱਸ ਐੱਸ ਦੀ ਰੂੜੀਵਾਦੀ ਅਤੇ ਫ਼ਿਰਕੂ ਮਾਨਸਿਕਤਾ ਸਦੀਆਂ ਬਾਅਦ ਵੀ ਔਰਤ ਵਿਰੋਧੀ ਹੈ ਅਤੇ ਉਹ ਔਰਤਾਂ ਨੂੰ ਸਮਾਜ,ਪਰਿਵਾਰ ਅਤੇ ਦੇਸ਼ ਵਿੱਚ ਬਰਾਬਰੀ ਦਾ ਦਰਜਾ, ਸਨਮਾਨ ਅਤੇ ਵਿਕਾਸ ਦੇ ਮੌਕੇ ਦੇਣ ਤੋਂ ਬਿੱਲਕੁਲ ਇਨਕਾਰੀ ਹੈ।
- Download Babushahi App
-
-