ਅੰਮ੍ਰਿਤਸਰ : ਦਿੱਲੀ ਪਬਲਿਕ ਸਕੂਲ ਨੂੰ ਮਿਲੀ ਧਮਕੀ, ਪੁਲਿਸ ਵੱਲੋਂ ਜਾਂਚ ਸ਼ੁਰੂ
ਪਹਿਲਾਂ ਵੀ ਦਿੱਲੀ ਪਬਲਿਕ ਸਕੂਲ ਨੂੰ ਮਿਲ ਚੁੱਕੀ ਹੈ ਧਮਕੀ, ਪੁਸ ਨੇ ਦਰਜ ਕੀਤੀ ਸੀ ਐਫ.ਆਈ.ਆਰ.
ਕੁਲਵਿੰਦਰ ਸਿੰਘ
ਅੰਮ੍ਰਿਤਸਰ 30 ਸਤੰਬਰ
ਅੱਜ ਸਵੇਰੇ ਅੰਮ੍ਰਿਤਸਰ ਵਿਖੇ ਜਿੱਥੇ ਪਹਿਲਾਂ ਦੀਪ ਖਾਲਸਾ ਦੀਵਾਨ ਮੇਨ ਬ੍ਰਾਂਚ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸਕੂਲ ਵਿੱਚ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਅਤੇ ਬੱਚਿਆਂ ਨੂੰ ਤੁਰੰਤ ਘਰਾਂ ਵਿੱਚ ਵਾਪਸ ਭੇਜਿਆ ਗਿਆ ਉਥੇ ਹੀ ਮਾਨਾਂਵਾਲਾ ਸਥਿਤ ਦਿੱਲੀ ਪਬਲਿਕ ਸਕੂਲ ਨੂੰ ਇੱਕ ਵਾਰ ਫਿਰ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਧਮਕੀ ਮਿਲਣ ਦੀ ਸੂਚਨਾ ਮਿਲਦੇ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਹਰਕਤ ਵਿੱਚ ਆ ਗਈ ਅਤੇ ਪੁਲਿਸ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਇਸ ਤੋਂ ਇਲਾਵਾ ਐਂਟੀ-ਸੈਬੋਟੇਜ ਟੀਮਾਂ ਨੂੰ ਵੀ ਮੌਕੇ 'ਤੇ ਬੁਲਾ ਕੇ ਸਕੂਲ ਅੰਦਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦਿਹਾਤੀ ਦੇ ਐਸਪੀ ਗੁਰਜੀਤ ਪਾਲ ਸਿੰਘ ਨੇ ਦੱਸਿਆ ਕਿ ਸਕੂਲ ਨੂੰ ਫੋਨ ਰਾਹੀਂ ਧਮਕੀ ਮਿਲੀ ਹੈ, ਜਿਸ ਦੀ ਪੁਲਿਸ ਵੱਲੋਂ ਵੇਰੀਫਿਕੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀਆਂ ਮੌਕੇ 'ਤੇ ਪਹੁੰਚ ਚੁੱਕੀਆਂ ਹਨ ਅਤੇ ਐਂਟੀ-ਸੈਬੋਟੇਜ ਟੀਮਾਂ ਵੱਲੋਂ ਵੀ ਸਕੂਲ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਐਸਪੀ ਗੁਰਜੀਤ ਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸਕੂਲ ਨੂੰ ਧਮਕੀ ਭਰੀ ਕਾਲ ਕਿੱਥੋਂ ਆਈ ਅਤੇ ਕਿਸ ਵਿਅਕਤੀ ਵੱਲੋਂ ਕੀਤੀ ਗਈ। ਪੁਲਿਸ ਵੱਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਹੋਰ ਜਾਣਕਾਰੀ ਸਾਹਮਣੇ ਆ ਸਕੇਗੀ। ਉਨ੍ਹਾਂ ਦੱਸਿਆ ਕਿ ਜਿਸ ਸਕੂਲ ਨੂੰ ਧਮਕੀ ਮਿਲੀ ਹੈ, ਉਹ ਮਾਨਾਂਵਾਲਾ ਸਥਿਤ ਦਿੱਲੀ ਪਬਲਿਕ ਸਕੂਲ ਹੈ। ਐਸਪੀ ਨੇ ਇਹ ਵੀ ਕਿਹਾ ਕਿ ਇਸ ਸਕੂਲ ਨੂੰ ਪਹਿਲਾਂ ਵੀ ਧਮਕੀ ਮਿਲ ਚੁੱਕੀ ਹੈ ਅਤੇ ਉਸ ਮਾਮਲੇ ਵਿੱਚ ਐਫ.ਆਈ.ਆਰ. ਵੀ ਦਰਜ ਕੀਤੀ ਗਈ ਸੀ। ਉਸ ਸਮੇਂ ਵੀ ਜਾਂਚ ਦੌਰਾਨ ਕੋਈ ਸ਼ੱਕੀ ਗੱਲ ਸਾਹਮਣੇ ਨਹੀਂ ਆਈ ਸੀ। ਪੁਲਿਸ ਅਧਿਕਾਰੀ ਮੁਤਾਬਕ ਇਸ ਵਾਰ ਵੀ ਧਮਕੀ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਟੀਮਾਂ ਸਕੂਲ ਵਿੱਚ ਪਹੁੰਚ ਗਈਆਂ ਅਤੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਗਿਆ। ਐਂਟੀ-ਸੈਬੋਟੇਜ ਟੀਮਾਂ ਵੀ ਮੌਕੇ 'ਤੇ ਮੌਜੂਦ ਹਨ ਅਤੇ ਸਕੂਲ ਦੀ ਜਾਂਚ ਕੀਤੀ ਜਾ ਰਹੀ ਹੈ। ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਦੀ ਛੁੱਟੀ ਕੀਤੇ ਜਾਣ ਸਬੰਧੀ ਪੁੱਛੇ ਜਾਣ 'ਤੇ ਐਸਪੀ ਗੁਰਜੀਤ ਪਾਲ ਸਿੰਘ ਨੇ ਕਿਹਾ ਕਿ ਫਿਲਹਾਲ ਸਕੂਲ ਦੀ ਛੁੱਟੀ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕੋਈ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਸਥਿਤੀ ਦੇ ਮੁਤਾਬਕ ਅਗਲਾ ਐਕਸ਼ਨ ਲਿਆ ਜਾਵੇਗਾ। ਐਸਪੀ ਨੇ ਦੱਸਿਆ ਕਿ ਧਮਕੀ ਵਾਲੀ ਕਾਲ ਕਰੀਬ ਅੱਧਾ ਘੰਟਾ ਪਹਿਲਾਂ ਆਈ ਸੀ ਅਤੇ ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਸਨ। ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਨਤੀਜੇ 'ਤੇ ਪਹੁੰਚਣ ਤੋਂ ਪਹਿਲਾਂ ਸਕੂਲ ਦੀ ਸੁਰੱਖਿਆ ਜਾਂਚ ਅਤੇ ਕਾਲ ਦੀ ਵੇਰੀਫਿਕੇਸ਼ਨ ਕੀਤੀ ਜਾ ਰਹੀ ਹੈ।
- Download Babushahi App
-
-