ਅੰਮ੍ਰਿਤਸਰ (ਗੋਲਡਨ ਗੇਟ) ਫਲਾਈਓਵਰ ਦਾ ਨਿਰਮਾਣ ਹੋਇਆ ਘਟੀਆ, MP ਗੁਰਜੀਤ ਸਿੰਘ ਔਜਲਾ ਵੱਲੋਂ ਵਿਜੀਲੈਂਸ ਜਾਂਚ ਦੀ ਮੰਗ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 7 ਅਪ੍ਰੈਲ : ਅੰਮ੍ਰਿਤਸਰ ਵਿੱਚ ਬਣ ਰਹੇ ਦਬੁਰਜੀ (ਗੋਲਡਨ ਗੇਟ) ਫਲਾਈਓਵਰ ਦੇ ਨਿਰਮਾਣ ਕੰਮ ਨੂੰ ਲੈ ਕੇ ਗੰਭੀਰ ਗੜਬੜੀਆਂ ਦੇ ਦੋਸ਼ ਸਾਹਮਣੇ ਆਏ ਹਨ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਪੂਰੇ ਪ੍ਰੋਜੈਕਟ ਦੀ ਵਿਜੀਲੈਂਸ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਆਪਣੇ ਪੱਤਰ ਵਿੱਚ ਔਜਲਾ ਨੇ ਕਿਹਾ ਕਿ ਫਲਾਈਓਵਰ ਦੇ ਨਿਰਮਾਣ ਵਿੱਚ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਇਸ ਦੀ ਗੁਣਵੱਤਾ ’ਤੇ ਗੰਭੀਰ ਸਵਾਲ ਖੜੇ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪਹਿਲਾਂ ਵੀ ਉਠਾਇਆ ਗਿਆ ਸੀ, ਪਰ ਇਸ ਦੇ ਬਾਵਜੂਦ ਪ੍ਰੋਜੈਕਟ ਡਾਇਰੈਕਟਰ ਅਤੇ ਸੰਬੰਧਿਤ ਅਧਿਕਾਰੀਆਂ ਨੇ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕੰਮ ਜਾਰੀ ਰੱਖਿਆ।
ਔਜਲਾ ਨੇ ਚਿੰਤਾ ਜਤਾਈ ਕਿ ਫਲਾਈਓਵਰ ਦੀ ਸੰਰਚਨਾ ਪਹਿਲਾਂ ਹੀ ਕਮਜ਼ੋਰ ਦਿਖ ਰਹੀ ਹੈ, ਜਿਸ ਨਾਲ ਭਵਿੱਖ ਵਿੱਚ ਇਸ ਦੇ ਡਿੱਗਣ ਦਾ ਖਤਰਾ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਰਗੇ ਸੰਵੇਦਨਸ਼ੀਲ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਲਾਪਰਵਾਹੀ ਹਜ਼ਾਰਾਂ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਸਕਦੀ ਹੈ।
ਸੰਸਦ ਮੈਂਬਰ ਨੇ ਇਹ ਵੀ ਦੋਸ਼ ਲਗਾਇਆ ਕਿ ਸੰਬੰਧਿਤ ਅਧਿਕਾਰੀਆਂ ਅਤੇ ਠੇਕੇਦਾਰ ਦੀ ਕਾਰਗੁਜ਼ਾਰੀ ਲਾਪਰਵਾਹੀ, ਫਰਜ਼ਾਂ ਦੀ ਉਲੰਘਣਾ ਅਤੇ ਭ੍ਰਿਸ਼ਟਾਚਾਰ ਦੀ ਸੰਭਾਵਨਾ ਵੱਲ ਇਸ਼ਾਰਾ ਕਰਦੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਖ਼ਰਾਬ ਨਿਰਮਾਣ ਜਾਰੀ ਰੱਖਣਾ ਬਿਲਕੁਲ ਵੀ ਮਨਜ਼ੂਰ ਨਹੀਂ ਹੈ।
ਆਪਣੇ ਪੱਤਰ ਵਿੱਚ ਔਜਲਾ ਨੇ ਕੇਂਦਰ ਸਰਕਾਰ ਕੋਲ ਤਿੰਨ ਮੁੱਖ ਮੰਗਾਂ ਰੱਖੀਆਂ ਹਨ ਜਿਸ ਵਿੱਚ ਪੂਰੇ ਪ੍ਰੋਜੈਕਟ ਦੀ ਤੁਰੰਤ ਵਿਜੀਲੈਂਸ ਜਾਂਚ ਦੋਸ਼ੀ ਅਧਿਕਾਰੀਆਂ ਅਤੇ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ । ਫਲਾਈਓਵਰ ਦੀ ਤੁਰੰਤ ਤਕਨੀਕੀ ਜਾਂਚ ਕਰਕੇ ਜ਼ਰੂਰੀ ਸੁਰੱਖਿਆ ਕਦਮ ਚੁੱਕੇ ਜਾਣ, ਲੋੜ ਪੈਣ ’ਤੇ ਇਸ ਨੂੰ ਬੰਦ ਵੀ ਕੀਤਾ ਜਾਵੇ ਜਿਹੀਆਂ ਅਹਿਮ ਗੱਲਾਂ ਸ਼ਾਮਿਲ ਹਨ ।ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਸਭ ਤੋਂ ਉੱਚੀ ਤਰਜੀਹ ਦੇ ਕੇ ਸਮੇਂਬੱਧ ਜਾਂਚ ਯਕੀਨੀ ਬਣਾਈ ਜਾਵੇ, ਤਾਂ ਜੋ ਕਿਸੇ ਵੀ ਸੰਭਾਵਿਤ ਹਾਦਸੇ ਨੂੰ ਟਾਲਿਆ ਜਾ ਸਕੇ।
Click to Follow Babushahi Facebook page →