ਅਮਿਤ ਸ਼ਾਹ ਦੀ ਪੰਜਾਬ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ; ਸਾਬਕਾ ਮੰਤਰੀ ਦਾ ਪੋਤਾ ਅਕਾਲੀ ਦਲ 'ਚ ਸ਼ਾਮਲ
ਸੁਖਬੀਰ ਸਿੰਘ ਬਾਦਲ ਨੇ ਅਮਿਤ ਗੋਸਾਈਂ ਨੂੰ ਲੁਧਿਆਣਾ ਕੇਂਦਰੀ ਦਾ ਹਲਕਾ ਇੰਚਾਰਜ ਕੀਤਾ ਨਿਯੁਕਤ; ਜਾਖੜ ਨਾਲ ਨਾਰਾਜ਼ਗੀ ਬਣੀ ਪਾਰਟੀ ਛੱਡਣ ਦਾ ਕਾਰਨ
ਚੰਡੀਗੜ੍ਹ/ਲੁਧਿਆਣਾ: 10 ਮਾਰਚ 2026-
ਪੰਜਾਬ ਅੰਦਰ 14 ਮਾਰਚ ਨੂੰ ਹੋਣ ਜਾ ਰਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਹੀ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਸਾਬਕਾ ਮੰਤਰੀ ਸਤਪਾਲ ਗੋਸਾਈਂ ਦਾ ਪੋਤਾ ਅਮਿਤ ਗੋਸਾਈਂ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਹੈ। ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਮਿਤ ਗੋਸਾਈਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਪਾਰਟੀ ਪ੍ਰਧਾਨ ਨੇ ਸੋਸ਼ਲ ਮੀਡੀਆ (X) 'ਤੇ ਫੋਟੋ ਸਾਂਝੀ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ। ਸ਼ਾਮਲ ਹੁੰਦਿਆਂ ਹੀ ਸੁਖਬੀਰ ਬਾਦਲ ਨੇ ਵੱਡਾ ਸਿਆਸੀ ਦਾਅ ਖੇਡਦੇ ਹੋਏ ਅਮਿਤ ਗੋਸਾਈਂ ਨੂੰ ਲੁਧਿਆਣਾ ਕੇਂਦਰੀ (Ludhiana Central) ਵਿਧਾਨ ਸਭਾ ਹਲਕੇ ਦਾ 'ਹਲਕਾ ਇੰਚਾਰਜ' ਨਿਯੁਕਤ ਕਰ ਦਿੱਤਾ ਹੈ।
ਭਾਜਪਾ ਲਈ ਵੱਡਾ ਨੁਕਸਾਨ ਕਿਉਂ?
ਅਮਿਤ ਗੋਸਾਈਂ ਦਾ ਪਾਰਟੀ ਛੱਡਣਾ ਲੁਧਿਆਣਾ ਵਿੱਚ ਭਾਜਪਾ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੇ ਦਾਦਾ ਸਤਪਾਲ ਗੋਸਾਈਂ ਲੁਧਿਆਣਾ ਕੇਂਦਰੀ ਤੋਂ ਕਈ ਵਾਰ ਵਿਧਾਇਕ ਰਹੇ ਅਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ। ਗੋਸਾਈਂ ਪਰਿਵਾਰ ਦੀ ਇਸ ਇਲਾਕੇ ਵਿੱਚ ਪੁਰਾਣੀ ਅਤੇ ਮਜ਼ਬੂਤ ਸਿਆਸੀ ਪਕੜ ਹੈ। ਸੂਤਰਾਂ ਅਨੁਸਾਰ ਅਮਿਤ ਗੋਸਾਈਂ ਪੰਜਾਬ ਭਾਜਪਾ ਪ੍ਰਧਾਨ ਦੀ ਕਾਰਜਸ਼ੈਲੀ ਤੋਂ ਕਾਫ਼ੀ ਸਮੇਂ ਤੋਂ ਨਾਰਾਜ਼ ਚੱਲ ਰਹੇ ਸਨ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਮਿਤ ਗੋਸਾਈਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੁਧਿਆਣਾ ਕੇਂਦਰੀ ਤੋਂ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹਨ। ਇਸ ਕਦਮ ਨਾਲ ਅਕਾਲੀ ਦਲ ਨੇ ਸ਼ਹਿਰੀ ਖੇਤਰ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਭਾਜਪਾ ਨੂੰ ਆਪਣੇ ਇੱਕ ਪੁਰਾਣੇ ਅਤੇ ਵਫ਼ਾਦਾਰ ਪਰਿਵਾਰ ਦੇ ਜਾਣ ਨਾਲ ਵੱਡਾ ਘਾਟਾ ਪਿਆ ਹੈ।
Click to Follow Babushahi Facebook page →