ਅਧਿਆਪਕਾਂ ਨੇ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਵਿੱਚ ਗੱਡੇ ਝੰਡੇ
ਪ੍ਰਮੋਦ ਭਾਰਤੀ
ਨਵਾਂਸ਼ਹਿਰ 6 ਜੁਲਾਈ 2025 : ਜ਼ਿਲ੍ਹੇ ਦੇ ਅਧਿਆਪਕਾਂ ਨੇ ਸੂਬੇ ਭਰ ਵਿੱਚ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਲਈ ਪੜ੍ਹਨ ਸਮੱਗਰੀ ਦੀ ਤਿਆਰੀ ਵਿੱਚ ਯੋਗਦਾਨ ਪਾ ਕੇ ਜ਼ਿਲ੍ਹੇ ਦਾ ਨਾਂ ਰੁਸ਼ਨਾਇਆ ਹੈ। ਮਿਤੀ 4 ਜੁਲਾਈ 2025 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ ਵਿੱਚ ਹਿੱਸਾ ਲੈਣ ਵਾਲ਼ੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ।ਇਸ ਸਨਮਾਨ ਸਮਾਰੋਹ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 3 ਅਧਿਆਪਕਾਂ ਦਾ ਅੰਤਰਰਾਸ਼ਟਰੀ ਪੰਜਾਬੀ ਓਲੰਪਿਆਡ ਲਈ ਪੜ੍ਹਨ ਸਮੱਗਰੀ ਦੀ ਤਿਆਰੀ ਕਰਨ 'ਤੇ ਸਨਮਾਨ ਕੀਤਾ ਗਿਆ।
ਇਸ ਵਿੱਚ ਸਤਨਾਮ ਸਿੰਘ (ਸਟੇਟ ਅਵਾਰਡੀ) ਹੈੱਡ ਟੀਚਰ ਬੱਬਰ ਦਲੀਪ ਸਿੰਘ ਸਪਸਸ ਗੋਸਲ,ਅਜੈ ਖਟਕੜ (ਸਟੇਟ ਅਵਾਰਡੀ) ਸਸਸਸ ਕਾਹਮਾ ਅਤੇ ਗਗਨਦੀਪ ਸਿੰਘ ਸਪਸ ਗੜ੍ਹੀ ਅਜੀਤ ਸਿੰਘ ਸ਼ਾਮਲ ਹਨ।ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਮੂਲੀਅਤ ਕੀਤੀ।ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੁਆਰਾ ਇਹਨਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਅਨੀਤਾ ਸ਼ਰਮਾ ਨੇ ਇਹਨਾਂ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਆਖਿਆ ਕਿ ਮਾਂ-ਬੋਲੀ ਦੀ ਸੇਵਾ ਕਰ ਕੇ ਇਸ ਦਾ ਪਰਚਮ ਅੰਤਰਰਾਸ਼ਟਰੀ ਪੱਧਰ 'ਤੇ ਚਮਕਾਉਣ ਵਿੱਚ ਹਿੱਸਾ ਪਾਉਣਾ ਆਪਣੇ ਆਪ ਵਿੱਚ ਇੱਕ ਮਾਣ ਵਾਲ਼ੀ ਗੱਲ ਹੈ।ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸਾਬਕਾ ਆਈ ਏ ਐੱਸ ਅਧਿਕਾਰੀ ਅਮਰਪਾਲ ਸਿੰਘ, ਡਾਇਰੈਕਟਰ ਪ੍ਰਾਇਮਰੀ ਸਿੱਖਿਆ ਹਰਕੀਰਤ ਕੌਰ ਚਾਨੀ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਗੁਰਿੰਦਰ ਸਿੰਘ ਸੋਢੀ, ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜਫ਼ਰ ਅਤੇ ਪੰਜਾਬੀ ਭਾਸ਼ਾ ਸੈੱਲ ਦੇ ਮੁਖੀ ਪਰਮਿੰਦਰ ਕੌਰ ਸਮੇਤ ਹੋਰ ਵੀ ਪ੍ਰਭਾਵੀ ਸ਼ਖ਼ਸ਼ੀਅਤਾਂ ਹਾਜ਼ਰ ਸਨ।
ਮਾਂ ਬੋਲੀ ਦੀ ਸੇਵਾ ਕਰਨਾ ਹਰ ਪੰਜਾਬੀ ਦਾ ਫ਼ਰਜ਼
ਸਨਮਾਨ ਹਾਸਲ ਕਰਨ ਵਾਲ਼ੇ ਅਧਿਆਪਕਾਂ ਸਤਨਾਮ ਸਿੰਘ, ਅਜੈ ਖਟਕੜ ਅਤੇ ਗਗਨਦੀਪ ਸਿੰਘ ਨੇ ਕਿਹਾ ਕਿ ਆਪਣੀ ਮਾਂ ਬੋਲੀ ਦੀ ਸੇਵਾ ਕਰਨਾ ਅਤੇ ਇਸ ਨੂੰ ਪ੍ਰਫ਼ੁੱਲਤ ਕਰਨਾ ਹਰ ਪੰਜਾਬੀ ਦਾ ਮੁੱਢਲਾ ਫ਼ਰਜ਼ ਹੈ।ਇਸ ਤਰ੍ਹਾਂ ਦੇ ਸਨਮਾਨ ਨਾਲ਼ ਜਿੱਥੇ ਅਧਿਆਪਕਾਂ ਦਾ ਹੌਂਸਲਾ ਵਧਦਾ ਹੈ ਉੱਥੇ ਹੀ ਹੋਰ ਵਧੀਆ ਕੰਮ ਕਰਨ ਦੀ ਚਿਣਗ ਵੀ ਲਗਦੀ ਹੈ।ਉਹਨਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਸੁਹਿਰਦ ਕਾਰਜ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਪ੍ਰਿੰਸੀਪਲ ਡਾਈਟ ਅਤੇ ਬੀ.ਪੀ.ਈ.ਓ. ਨੇ ਵਧਾਈ ਦਿੱਤੀ
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 3 ਅਧਿਆਪਕਾਂ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਲਖਵੀਰ ਸਿੰਘ ,ਪ੍ਰਿੰਸੀਪਲ ਡਾਈਟ ਨੋਰਾ ਵਰਿੰਦਰ ਕੁਮਾਰ ਅਤੇ ਬੀ.ਪੀ.ਈ.ਓ. ਮੁਕੰਦਪੁਰ ਗੁਰਪਾਲ ਸਿੰਘ ਨੇ ਇਹਨਾਂ ਅਧਿਆਪਕਾਂ ਨੂੰ ਵਧਾਈ ਦਿੱਤੀ।ਉਹਨਾਂ ਕਿਹਾ ਕਿ ਇਹਨਾਂ ਅਧਿਆਪਕਾਂ ਦੀ ਕੰਮ ਪ੍ਰਤੀ ਸਮਰਪਣ ਦੀ ਭਾਵਨਾ ਵੇਖ ਕੇ ਹੋਰ ਅਧਿਆਪਕਾਂ ਨੂੰ ਵੀ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ।