'ਲਾਰੈਂਸ ਆਫ਼ ਪੰਜਾਬ' ਸੀਰੀਜ਼ ਦਾ ਮਾਮਲਾ ਹਾਈਕੋਰਟ ਪਹੁੰਚਿਆ! ਰਾਜਾ ਵੜਿੰਗ ਨੇ ਦਾਇਰ ਕੀਤੀ ਜਨਹਿਤ ਪਟੀਸ਼ਨ
ਚੰਡੀਗੜ੍ਹ, 22 ਅਪ੍ਰੈਲ 2026- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਕਥਿਤ ਸਾਜ਼ਿਸ਼ਕਰਤਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ 'ਤੇ ਆਧਾਰਿਤ ਡਾਕੂਮੈਂਟਰੀ ਸੀਰੀਜ਼ “ਲਾਰੈਂਸ ਆਫ਼ ਪੰਜਾਬ” (Lawrence of Punjab) ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਸੀਰੀਜ਼ ਦੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ (PIL) ਦਾਇਰ ਕੀਤੀ ਗਈ ਹੈ।
ਇਹ ਪਟੀਸ਼ਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਾਇਰ ਕੀਤੀ ਗਈ ਹੈ। ਵੜਿੰਗ ਨੇ ਡਾਕੂਮੈਂਟਰੀ ਦੇ ਨਾਮ ਅਤੇ ਇਸ ਦੇ ਵਿਸ਼ੇ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੈਂਗਸਟਰਵਾਦ ਨੂੰ ਇਸ ਤਰ੍ਹਾਂ ਗਲੋਰੀਫਾਈ (ਵਡਿਆਉਣਾ) ਕਰਨਾ ਸਮਾਜ ਅਤੇ ਨੌਜਵਾਨ ਪੀੜ੍ਹੀ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸੀਰੀਜ਼ ਦਾ ਨਾਮ ‘ਲਾਰੈਂਸ ਆਫ਼ ਪੰਜਾਬ’ ਰੱਖਣਾ ਪੰਜਾਬ ਦੀ ਅਮੀਰ ਵਿਰਾਸਤ ਅਤੇ ਸ਼ਾਨਦਾਰ ਇਤਿਹਾਸ ਦਾ ਅਪਮਾਨ ਹੈ। ਪੰਜਾਬ ਗੁਰੂਆਂ-ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ, ਨਾ ਕਿ ਗੈਂਗਸਟਰਾਂ ਦੀ। ਦੋਸ਼ ਲਗਾਇਆ ਗਿਆ ਹੈ ਕਿ ਡਾਕੂਮੈਂਟਰੀ ਦੇ ਨਾਮ 'ਤੇ ਇੱਕ ਅਪਰਾਧੀ ਦੇ ਜੀਵਨ ਨੂੰ ਦਿਖਾਉਣਾ ਅਪਰਾਧਿਕ ਪ੍ਰਵਿਰਤੀ ਨੂੰ ਵਧਾਵਾ ਦੇ ਸਕਦਾ ਹੈ। ਪਟੀਸ਼ਨ ਰਾਹੀਂ ਅਜਿਹੀਆਂ ਸੀਰੀਜ਼ 'ਤੇ ਰੋਕ ਲਗਾਉਣ ਜਾਂ ਇਨ੍ਹਾਂ ਦੇ ਕੰਟੈਂਟ ਦੀ ਸਖ਼ਤ ਨਿਗਰਾਨੀ ਕਰਨ ਦੀ ਮੰਗ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਪੰਜਾਬ ਵਿੱਚ ਗੈਂਗਸਟਰ ਕਲਚਰ ਨੂੰ ਲੈ ਕੇ ਪਹਿਲਾਂ ਹੀ ਕਾਫ਼ੀ ਗੁੱਸਾ ਪਾਇਆ ਜਾ ਰਿਹਾ ਹੈ। ਅਜਿਹੇ ਵਿੱਚ ਲਾਰੈਂਸ ਬਿਸ਼ਨੋਈ 'ਤੇ ਬਣੀ ਸੀਰੀਜ਼ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਹਾਈਕੋਰਟ ਇਸ ਮਾਮਲੇ 'ਤੇ ਕੀ ਫੈਸਲਾ ਸੁਣਾਉਂਦੀ ਹੈ, ਇਸ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
Click to Follow Babushahi Facebook page →