ਦਿਨ ਦਿਹਾੜੇ ਲੱਖਾਂ ਡਾਲਰ ਦਾ ਡਾਕਾ
ਗਲਿਟਰ ਜਿਊਲਰਜ਼ ਮੈਨੁਰੇਵਾ ਵਾਲਿਆਂ ਦਾ ਹੋਇਆ ਲੱਖਾਂ ਡਾਲਰ ਦਾ ਨੁਕਸਾਨ
-ਆਸਟਰੇਲੀਆ ਜਾਣ ਦਾ ਸੋਚਣ ਲੱਗੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 29 ਅਪ੍ਰੈਲ 2024:- ਬੀਤੇ ਵੀਰਵਾਰ ਸ਼ਾਮ ਨੂੰ ਸਵਾ ਕੁ 5 ਵਜੇ ਮੈਨੁਰੇਵਾ ਵਿਖੇ ਗਲਿਟਰ ਜਿਊਲਰਜ਼ ਮੋਗੇ ਵਾਲਿਆਂ ਦੇ ਸ਼ੋਅ ਰੂਮ ਉਤੇ 6 ਨਕਾਬਪੋਸ਼ ਲੁਟੇਰਿਆਂ ਨੇ ਦਿਨ ਦਿਹਾੜੇ ਹਮਲਾ ਕਰਕੇ ਲੱਖਾਂ ਡਾਲਰ ਦੇ ਗਹਿਣੇ, ਹੀਰੇ ਅਤੇ ਹੋਰ ਸਾਮਾਨ ਲੁੱਟ ਲਿਆ। ਇਕ ਅੰਦਾਜ਼ੇ ਮੁਤਾਬਿਕ ਉਹ ਲੱਖਾਂ ਨਿਊਜ਼ੀਲੈਂਡ ਡਾਲਰ ਦਾ ਸੋਨਾ ਅਤੇ ਹੀਰੇ ਆਦਿ ਲੈ ਗਏ। ਭਾਰਤੀ ਕਰੰਸੀ ਦੇ ਵਿਚ ਇਹ ਰਕਮ 5 ਕਰੋੜ ਦੇ ਕਰੀਬ ਬਣਦੀ ਹੈ।
ਸਕਿਉਰਿਟੀ ਦਰਵਾਜ਼ਾ ਹੋਣ ਦੇ ਬਾਵਜੂਦ ਉਹ ਸਕੀਮ ਲਾ ਕੇ ਅੰਦਰ ਆਉਣ ਵਿਚ ਕਾਮਯਾਬ ਹੋ ਗਏ। ਚੁੰਬਕੀ ਸਿਸਟਮ ਵਾਲਾ ਦਰਵਾਜ਼ਾ ਹੋਣ ਦੇ ਬਾਵਜੂਦ ਉਹ ਕਿਸੀ ਤਰ੍ਹਾਂ ਜਬਰਦਸਤੀ ਖੋਲ੍ਹਣ ਵਿਚ ਕਾਮਯਾਬ ਹੋ ਗਏ।
ਜਾਰੀ ਵੀਡੀਓ ਦੇ ਵਿਚ ਵੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਆਉਂਦਿਆਂ ਹੀ ਗਹਿਣਿਆ ਵਾਲੇ ਸ਼ੀਸ਼ੇ ਦੇ ਖਾਨਿਆਂ ਨੂੰ ਉਪਰੋਂ ਭੰਨ ਦਿੱਤਾ ਅਤੇ ਪੂਰੀਆਂ ਦੀਆਂ ਪੂਰੀਆਂ ਟ੍ਰੇਆਂ ਲੈ ਕੇ ਬਾਹਰ ਨਿਕਲ ਗਏ। 45 ਸੈਕਿੰਡ ਦੇ ਵਿਚ ਇਹ ਕਾਰਾ ਕਰ ਗਏ ਅਤੇ ਇਕ ਮਿਲੀਅਨ ਡਾਲਰ ਤੱਕ ਦਾ ਨੁਕਸਾਨ ਕਰ ਗਏ। 16 ਕੁ ਸੈਕਿੰਡ ਬਾਅਦ ਧੂੰਏ ਵਾਲੀ ਮਸ਼ੀਨ ਤਾਂ ਚੱਲ ਪੈਂਦੀ ਹੈ, ਪਰ ਉਹ ਧੂੰਆ ਹੋਣ ਦੇ ਬਾਵਜੂਦ ਵੀ ਲੁੱਟ ਨੂੰ ਅੰਜ਼ਾਮ ਦਿੰਦੇ ਰਹੇ। ਸਟਾਫ ਮੈਂਬਰ ਅਤੇ ਮਾਲਕ ਕਿਸੀ ਤਰ੍ਹਾਂ ਆਪਣਾ ਬਚਾਅ ਕਰ ਗਏ। ਇਕ ਗਾਹਕ ਜੋੜਾ ਲੁੱਟ ਦੌਰਾਨ ਹੀ ਬਚ ਕੇ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਿਆ ਪਰ ਅਜੇ ਤੱਕ ਸਹਿਮਿਆ ਹੋਇਆ ਹੈ। ਮੋਗੇ ਜ਼ਿਲ੍ਹੇ ਨਾਲ ਸਬੰਧਿਤ ਇਹ ਪਰਿਵਾਰ ਸੋਨੇ ਦੇ ਕਾਰੋਬਾਰ ਵਿਚ ਪਿਛਲੇ 20 ਸਾਲਾਂ ਵਿਚ ਹੈ, ਪਰ ਅਜਿਹਾ ਵੱਡਾ ਵਾਕਿਆ ਪਹਿਲੀ ਵਾਰ ਹੋਇਆ। ਨਿਊਜ਼ੀਲੈਂਡ ਦੇ ਵਿਚ ਸੁਰੱਖਿਅਤ ਰੀਟੇਲ ਕਾਰੋਬਾਰ ਕਰਨ ਦੇ ਵਿਚ ਹੁਣ ਇਸ ਪਰਿਵਾਰ ਦੀ ਦਿਲਚਸਪੀ ਬਦਲ ਗਈ ਹੈ ਅਤੇ ਪਰਿਵਾਰ ਆਸਟਰੇਲੀਆ ਚਲੇ ਜਾਣ ਦਾ ਸੋਚ ਰਿਹਾ ਹੈ।
ਪੁਲਿਸ ਦੀ ਕਾਰਵਾਈ ਪਹਿਲਾਂ ਤੇਜ਼....ਫਿਰ ਢਿੱਲੀ: ਘਟਨਾ ਉਪਰੰਤ ਪੁਲਿਸ ਤਾਂ ਜਲਦੀ ਆ ਗਈ ਸੀ, ਪਰ ਉਸ ਤੋਂ ਬਾਅਦ ਕੋਈ ਪੁੱਛ-ਗਿੱਛ ਨਹੀਂ ਕੀਤੀ। ਰੋਸ ਵਜੋਂ ਜਦੋਂ ਮਾਲਕਾ ਰਾਜਨੀਤਕ ਸਪੰਰਕ ਸ਼ੁਰੂ ਕੀਤੇ ਅਤੇ ਸਰਕਾਰ ਤੱਕ ਪਹੁੰਚ ਕੀਤੀ ਤਾਂ ਪੁਲਿਸ ਜਰੂਰ ਇਹ ਦੱਸਣ ਆਈ ਕਿ ਅਜੇ ਕੋਈ ਨਹੀਂ ਫੜਿਆ ਗਿਆ। ਜੇਕਰ ਕਿਸੇ ਅਪਰਾਧੀ ਦੇ ਫਿੰਗਰ (ਉਂਗਲਾਂ ਦੇ ਨਿਸ਼ਾਨ) ਮਿਲ ਗਏ ਤਾਂ ਦੱਸਾਂਗੇ। ਉਂਝ ਘਟਨਾ ਤੋਂ ਬਾਅਦ ਪੁਲਿਸ ਨੇ ਉਹ ਵਾਹਨ ਲੱਭ ਲਿਆ ਸੀ ਜਿਸ ਦੇ ਵਿਚ ਉਹ ਚੋਰੀ ਕਰਕੇ ਭੱਜੇ ਸਨ। ਉਹ ਵੀ ਚੋਰੀ ਦਾ ਵਾਹਨ ਸੀ।