ਚੂਹਾਗਿਰਾ: ਸੱਤਿਆਨਾਸ਼ ਕੀਵੀਫੂਰਟ ਦਾ: ਬੈਲਜ਼ੀਅਮ ਨੂੰ ਭੇਜਿਆ ਕੀਵੀਫਰੂਟ ਚੂਹਿਆਂ ਦੀ ਗੇੜ ’ਚ-10 ਲੱਖ ਟ੍ਰੇਆਂ ਨਸ਼ਟ ਹੋਣਗੀਆਂ
-12 ਮਿਲੀਅਨ ਡਾਲਰ ਦਾ ਕੀਵੀਫਰੂਟ ਅਤੇ ਹੁਣ ਕਾਂਟੀ-ਛਾਂਟੀ ਕਰਨ ਸਮੇਤ ਕੁੱਲ ਖਰਚਾ 34 ਮਿਲੀਅਨ ਡਾਲਰ ਤੱਕ ਪੁੱਜਿਆ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 16 ਮਈ 2024:-ਚੂਹਿਆਂ ਦੀ ਚੂਹਾਗਿਰੀ ਦਾ ਅਸਰ ਆਮ ਘਰਾਂ ਦੇ ਵਿਚ ਹੀ ਨਹੀਂ ਸਗੋਂ ਸਮੁੰਦਰੀ ਜਹਾਜਾਂ ਦੇ ਵਿਚ ਵੀ ਹੋ ਸਕਦਾ ਹੈ। ਇਸਦੀ ਉਦਾਹਰਣ ਇਹ ਹੈ ਕਿ ਨਿਊਜ਼ੀਲੈਂਡ ਤੋਂ ਯੂਰਪ ਨੂੰ ਸਮੁੰਦਰੀ ਜਹਾਜ਼ ਦੇ ਵਿਚ ਭੇਜੀਆਂ ਗਈਆਂ 10 ਲੱਖ ਕੀਵੀਫਰੂਟ ਦੀਆਂ ਟਰੇਆਂ ਦੇ ਵਿਚ ਚੂਹਿਆਂ ਦੇ ਹੋਣ ਦਾ ਪਤਾ ਲੱਗਾ ਹੈ। ਚੂਹੇ ਦੀ ਲਾਗ ਅਤੇ ਉਸਦੇ ਮਲਮੂਤਰ ਦੇ ਨਾਲ ਵੱਡੀ ਸਿਹਤ ਸਮੱਸਿਆ ਪੈਦਾ ਹੋ ਸਕਦੀ ਹੈ, ਦੇ ਡਰੋਂ ਹੁਣ ਲਗਪਗ 12 ਮਿਲੀਅਨ ਮੁੱਲ ਦੇ ਕੀਵੀ ਨਸ਼ਟ ਕਰਨੇ ਪੈ ਸਕਦੇ ਹਨ। ਸਾਰਾ ਅਮਲਾ ਇਸ ਜਾਂਚ ਵਿਚ ਲੱਗਾ ਹੈ ਕਿ ਜੇਕਰ ਕੁਝ ਟ੍ਰੇਆਂ ਸਾਫ ਸੁਥਰੀਆਂ ਨਿਕਲ ਸਕਣ। ਇਸ ਸਾਰੇ ਕਾਂਟੀ-ਛਾਂਟੀ ਕਰਨ ਦੇ ਕਾਰਜ ਦੇ ਵਿਚ ਅਨੁਮਾਨਤ 34 ਮਿਲੀਅਨ ਡਾਲਰ ਲੱਗ ਜਾਣੇ ਹਨ। ਜੈਸਪਰੀ ਕੰਪਨੀ ਦੀ ਪਹਿਲੀ ਸ਼ਿਪਮਿੰਟ ਦੇ ਵਿਚ ਜੋ ਕਿ ਪਿਛਲੇ ਮਹੀਨੇ ਸੀ, ਦੇ ਵਿਚ ਚੂਹਿਆਂ ਦੀ ਮੌਜੂਦਗੀ ਪਾਈ ਗਈ ਸੀ। ਕੁੱਲ 4800 ਪੈਲੇਟ ਭੇਜੇ ਗਏ, 2600 ਪੈਲੇਟ (54%) ਹੁਣ ਤੱਕ ਚੈਕ ਕੀਤੇ ਜਾ ਚੁੱਕੇ ਹਨ। ਜੈਸਪਰੀ ਨੇ ਆਪਣਾ ਸਟਾਫ ਬੈਲਜ਼ੀਅਮ ਵੀ ਭੇਜਿਆ ਹੈ। ਜੈਸਪਰੀ ਕੰਪਨੀ ਨੇ ਕਿਹਾ ਹੈ ਕਿ ਫਲ ਦੀ ਸੁਰੱਖਿਆ ਲਈ ਦੁਬਾਰਾ ਕੰਮ ਕਰਨਾ ਇੱਕ ਮਹੱਤਵਪੂਰਨ ਅਤੇ ਗੁੰਝਲਦਾਰ ਕਾਰਜਕਾਰੀ ਕੰਮ ਹੋਵੇਗਾ ਜਿਸ ਲਈ ਕਾਫ਼ੀ ਸਰੋਤ ਅਤੇ ਸਮੇਂ ਦੀ ਲੋੜ ਹੁੰਦੀ ਹੈ। ਫਿਰ ਵੀ, ਅਸੀਂ ਇਸ ਗੱਲ ’ਤੇ ਪੂਰਾ ਭਰੋਸਾ ਨਹੀਂ ਕਰ ਸਕਦੇ ਕਿ ਅਸੀਂ ਚੂਹਿਆਂ ਦੀ ਮੌਜੂਦਗੀ ਨਾਲ ਜੁੜੇ ਜੋਖਮ ਨੂੰ ਦੂਰ ਕਰ ਸਕਦੇ ਹਾਂ।