ਨਿਊਜ਼ੀਲੈਂਡ ਖਾਲਸਾ ਸਾਜਨਾ ਦਿਵਸ ਮੌਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ ਵਿਖੇ ਸੰਗਤ ਦਾ ਭਾਰੀ ਇਕੱਠ
- ਭਾਈ ਜਗਦੇਵ ਸਿੰਘ (ਮੁੱਖ ਪ੍ਰਚਾਰਕ ਸ੍ਰੀ ਦਰਬਾਰ ਸਾਹਿਬ) ਵੱਲੋਂ ਗੁਰਮਿਤ ਵਿਚਾਰਾਂ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 14 ਅਪ੍ਰੈਲ 2024:-ਖਾਲਸਾ ਪੰਥ ਦਾ 325ਵਾਂ ਸਾਜਨਾ ਦਿਵਸ ਅੱਜ ਨਿਊਜ਼ੀਲੈਂਡ ਦੇ ਵੱਖ-ਵੱਖ ਗੁਰਅਸਥਾਨਾਂ ਉਤੇ ਮਨਾਇਆ ਗਿਆ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ ਵਿਖੇ ਇਸ ਮੌਕੇ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਗਈ। ਕੀਰਤਨ ਦੀਵਾਨ ਸਜਿਆ ਜਿਸ ਦੇ ਵਿਚ ਹਜ਼ੂਰੀ ਰਾਗੀ ਭਾਈ ਗੁਰਵਿੰਦਰ ਸਿੰਘ ਦੱਦੇਹਰ ਦੇ ਰਾਗੀ ਜੱਥੇ ਨੇ ਰਸਭਿੰਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਕਥਾਵਾਚਕ ਭਾਈ ਜਗਦੇਵ ਸਿੰਘ (ਮੁੱਖ ਪ੍ਰਚਾਰਕ ਸ੍ਰੀ ਦਰਬਾਰ ਸਾਹਿਬ) ਵਿਸ਼ੇਸ਼ ਤੌਰ ਉਤੇ ਇਸ ਅਸਥਾਨ ਉਤੇ ਪਹੁੰਚੇ ਅਤੇ ਸਿੱਖ ਸਰਦਾਰਾਂ ਦੀ ਰਾਜਾਦਿੱਖ ਸੂਰਤ ਉਤੇ ਆਪਣਾ ਵਿਸ਼ਾ ਕੇਂਦਰਿਤ ਕਰਦਿਆਂ ਨੱਥੂ ਰਾਮ (ਪ੍ਰੋ. ਸਾਹਿਬ ਸਿੰਘ) ਅਤੇ ਰਾਜਾ ਰਾਮ (ਭਗਤ ਪੂਰਨ ਸਿੰਘ) ਦੀ ਉਦਾਹਰਣ ਦਿੰਦਿਆ ਸਿੱਖੀ ਜੀਵਨ ਧਾਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਪੰਜਾਂ ਕਕਾਰਾਂ ਦੀ ਮਹਾਨਤਾ ਉਤੇ ਬਹੁਤ ਹੀ ਪ੍ਰਭਾਵਸ਼ਾਲੀ ਉਪਦੇਸ਼ ਦਿੱਤਾ। ਸ੍ਰੀ ਦਰਬਾਰ ਸਾਹਿਬ ਦੀ ਤਰਜ਼ ਉਤੇ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਵਾਇਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਤੇ ਬੋਲੇ ਸੋ ਨਿਹਾਲ ਦੀ ਮਹੱਤਤਾ ਅਤੇ ਵਰਤੋਂ ਕਰਨ ਉਤੇ ਜ਼ੋਰ ਦਿੱਤਾ। ਸਕੱਤਰ ਭਾਈ ਗੁਰਿੰਦਰ ਸਿੰਘ ਹੋਰਾਂ ਨੇ ਹਜ਼ੂਰੀ ਰਾਗੀ ਜੱਥੇ ਅਤੇ ਭਾਈ ਜਗਦੇਵ ਸਿੰਘ ਦਾ ਮੈਨੇਜਮੈਂਟ ਅਤੇ ਸੰਗਤ ਦਾ ਧੰਨਵਾਦ ਕੀਤਾ। ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਨੂੰ ਸਿਰੋਪਾਏ ਪਾ ਕੇ ਸਨਮਾਨ ਦਿੱਤਾ ਗਿਆ। ਗੁਰਦੁਆਰਾ ਸਾਹਿਬ ਦੀ ਛੇਵੀਂ ਵਰ੍ਹੇਗੰਢ ਹੋਣ ਕਰਕੇ ਗੁਰਦੁਆਰਾ ਸਾਹਿਬ ਵਿਖੇ ਨਿਸ਼ਕਾਮ ਸੇਵਾ ਨਿਭਾਅ ਰਹੇ ਸਾਰੇ ਸੇਵਾਦਾਰਾਂ, ਲੰਗਰ ਪਕਾਉਣ ਅਤੇ ਬਰਤਨਾਂ ਦੀ ਸੇਵਾ ਕਰਨ ਵਾਲੀਆਂ ਬੀਬੀਆਂ ਦਾ ਵੀ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ।