ਸ਼੍ਰੀ ਸਨਾਤਨ ਜਾਗਰਨ ਮੰਚ ਵਲੋਂ ਸਜਾਈ ਗਈ ਸ਼ੋਭਾ ਯਾਤਰਾ ਵਿੱਚ ਉਮੜਿਆ ਜਨ ਸੈਲਾਬ
- ਸ਼ਹਿਰ ਵਿੱਚ ਗੂੰਜੇ ਜੈ ਸ਼੍ਰੀ ਰਾਮ, ਜੈ ਹਨੁਮਾਨ ਦੇ ਨਾਰੇ
ਰੋਹਿਤ ਗੁਪਤਾ
ਗੁਰਦਾਸਪੁਰ 22 ਅਪ੍ਰੈਲ 2024 - ਸ਼੍ਰੀ ਸਨਾਤਨ ਜਾਗਰਨ ਮੰਚ (ਰਜਿਸਟਰਡ)ਵਲੋਂ ਮੰਦਰ ਦੇ ਭਗਵਾਨ ਹਨੂੰਮਾਨ ਦੇ ਜਨਮ ਉਤਸਵ ਮੌਕੇ ਸਜਾਈ ਗਈ ਸ਼ੋਭਾ ਯਾਤਰਾ ਵਿੱਚ ਸ਼ਰਧਾਲੂਆਂ ਦਾ ਸੈਲਾਬ ਵੇਖਣ ਨੂੰ ਮਿਲਿਆ। ਯਾਤਰਾ ਕ੍ਰਿਸ਼ਨਾ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਵਾਪਸ ਕੱਦਾਂ ਵਾਲੀ ਮੰਡੀ ਵਿਖੇ ਸਮਾਪਤ ਹੋਈ। ਜਿੱਥੇ ਸ਼ਰਧਾਲੂਆਂ ਲਈ ਸ੍ਰੀ ਸਾਈ ਪਰਿਵਾਰ ਵੱਲੋਂ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਸੀ। ਭਾਜਪਾ ਆਗੂ ਦਿਨੇਸ਼ ਬੱਬੂ, ਭਾਜਪਾ ਜ਼ਿਲ੍ਹਾ ਪ੍ਰਧਾਨ ਸ਼ਿਵ ਬੀਰ ਸਿੰਘ ਰਾਜਨ, ਆਮ ਆਦਮੀ ਪਾਰਟੀ ਦੇ ਉਮੀਦਵਾਰ ਸੈ਼ਰੀ ਕਲਸੀ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਕਾਂਗਰਸ ਪਾਰਟੀ ਵੱਲੋਂ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਅਤੇ ਲੇਬਰ ਸੈਲ ਪੰਜਾਬ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਅਤੇ ਕੇ.ਪੀ. ਪਾਹੜਾ, ਫੁੱਲਾਂ ਵਾਲੀ ਮਾਤਾ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਵੀ ਸ਼ਮੂਲੀਅਤ ਕੀਤੀ। ਸ਼ੋਭਾ ਯਾਤਰਾ ਵਿੱਚ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
ਸਾਰੀ ਸ਼ੋਭਾ ਯਾਤਰਾ ਵਿੱਚ ਭਗਵੇਂ ਝੰਡੇ ਚੁੱਕੇ ਨੌਜਵਾਨ ਲੜਕੇ ਅਤੇ ਲੜਕੀਆਂ ਖਿੱਚ ਦਾ ਕੇਂਦਰ ਰਹੇ। ਭਗਵਾ ਪਗੜੀਆਂ ਧਾਰੀ ਬੁਲਟ ਚਲਾ ਰਹੀਆਂ ਲੜਕੀਆਂ ਵੀ ਸ਼ੋਭਾ ਯਾਤਰਾ ਦਾ ਆਕਰਸ਼ਣ ਰਹੀਆਂ ਜਦਕਿ ਸ਼ੋਭਾ ਯਾਤਰਾ ਦੇ ਨਾਲ ਚੱਲ ਰਹੀ ਪਾਲਕੀ ਜਿਸ ਵਿੱਚ ਸ੍ਰੀ ਹਨੂੰਮਾਨ ਬਿਰਾਜਮਾਨ ਸਨ ਅਤੇ ਸ੍ਰੀ ਹਨੁੰਮਾਨ ਦੀ ਵੱਡੀ ਮੂਰਤੀ ਨੇ ਵੀ ਸ਼ਰਧਾਲੂਆਂ ਵਿੱਚ ਸ਼ਰੱਧਾ ਭਾਵ ਜਗਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਕੋਈ।ਯਾਤਰਾ ਦੌਰਾਨ ਸ਼ਹਿਰ ਦਾ ਮਾਹੌਲ ਪੂਰੀ ਤਰ੍ਹਾਂ ਧਾਰਮਿਕ ਅਤੇ ਭਗਵੇਂ ਰੰਗ ਵਿੱਚ ਰੰਗਿਆ ਗਿਆ ਅਤੇ ਹਰ ਪਾਸੇ ਜੈ ਸ਼੍ਰੀ ਰਾਮ,ਵੀਰ ਬਜਰੰਗੀ, ਹਰ ਹਰ ਮਹਾਦੇਵ ਦੇ ਜੈਕਾਰੇ ਗੂੰਜਦੇ ਰਹੇ। ਸ਼ਰਧਾਲੂਆਂ ਵੱਲੋਂ ਖੂਬ ਆਤਿਸ਼ਬਾਜ਼ੀ ਕੀਤੀ ਗਈ ਅਤੇ ਜਿੱਧਰੋਂ ਵੀ ਸ਼ੋਭਾ ਯਾਤਰਾ ਗੁਜਰੀ ਇਸ ਦੀ ਉਡੀਕ ਕਰ ਰਹੇ ਸ਼ਹਿਰ ਵਾਸੀਆਂ ਵੱਲੋਂ ਸ਼ਰਧਾਲੂਆਂ ਅਤੇ ਸ਼੍ਰੀ ਹਨੁਮਾਨ ਦੇ ਰੱਥ ਤੇ ਫੁੱਲਾਂ ਦੀ ਵਰਖਾ ਕੀਤੀ ਗਈ । ਸ਼ਰਧਾਲੂਆਂ ਦੇ ਖਾਣ ਪੀਣ ਦੀ ਵਿਵਸਥਾ ਵੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸਟਾਲ ਲਗਾ ਕੇ ਕੀਤੀ ਗਈ ਸੀ। ਯਾਤਰਾ ਦੇ ਅਖੀਰ ਵਿੱਚ ਸ੍ਰੀ ਸਨਾਤਨ ਜਾਗਰਨ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਅਤੇ ਚੇਅਰਮੈਨ ਰਵੀ ਮਹਾਜਨ ਨੇ ਯਾਤਰਾ ਵਿੱਚ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਅਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸ਼ਹਿਰ ਨਹੀਂ ਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਸਨਾਤਨ ਧਰਮ ਅਤੇ ਧਾਰਮਿਕ ਵਿਰਸੇ ਨਾਲ ਜੋੜਨ ਲਈ ਅਜਿਹੇ ਧਾਰਮਿਕ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।