ਸਵੀਪ ਗਤੀਵਿਧੀਆ ਤਹਿਤ ਰੂਪਨਗਰ ਦੇ ਸਲੱਮ ਖੇਤਰ ਵਿੱਚ ਚੋਣਾਂ ਸਬੰਧੀ ਜਾਗਰੂਕਤਾ ਪੈਦਾ ਕੀਤੀ
ਰੂਪਨਗਰ, 03 ਮਈ 2024: ਲੋਕ ਸਭਾ ਚੋਣਾਂ 2024 ਨੂੰ ਮੱਦੇਨਜ਼ਰ ਰੱਖਦੇ ਹੋਏ ਹਲਕਾ ਰੂਪਨਗਰ ਵਿਖੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਡਾ.ਪ੍ਰੀਤੀ ਯਾਦਵ ਅਤੇ ਐਸ.ਡੀ.ਐਮ. ਕਮ ਸਹਾਇਕ ਚੋਣ ਅਫਸਰ ਸ਼੍ਰੀ ਨਵਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਵੀਪ ਗਤਿਵਿਧੀਆਂ ਦਾ ਦੌਰ ਲਗਾਤਰ ਜਾਰੀ ਹੈ।
ਇਸੇ ਲੜੀ ਤਹਿਤ ਅੱਜ ਰੂਪਨਗਰ ਸ਼ਹਿਰ ਦੇ ਸਲੱਮ ਖੇਤਰ ਝੁੱਗੀਆਂ ਝੌਪੜੀਆਂ ਵਿੱਚ ਜਾ ਕੇ ਚੋਣਾਂ ਸਬੰਧੀ ਜਾਗਰੂਕਤਾ ਪੈਦਾ ਕੀਤੀ ਗਈ। ਉਪ ਜ਼ਿਲ੍ਹਾ ਸਿੱਖਿਆ ਅਫਸਰ ਸ. ਸੁਰਿੰਦਰਪਾਲ ਸਿੰਘ ਅਤੇ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਕੁਲਦੀਪ ਚੁੱਘ ਦੀ ਅਗਵਾਈ ਹੇਠ ਅੱਜ ਇਹ ਵਿਸ਼ੇਸ਼ ਅਭਿਆਨ ਚਲਾਇਆ ਗਿਆ। ਅਸਿਸਟੈਂਟ ਨੋਡਲ ਅਫਸਰ ਸ. ਵਰਿੰਦਰ ਸਿੰਘ ਅਤੇ ਸ਼੍ਰੀ ਪੁਨੀਤ ਸਿੰਘ ਲਾਲੀ ਵੱਲੋਂ ਉਕਤ ਸਥਾਨ ਤੇ ਜਾ ਕੇ ਉਥੋਂ ਦੇ ਲੋਕਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਸਬੰਧੀ ਜਾਗਰੂਕ ਕੀਤਾ ਗਿਆ।
ਉਨ੍ਹਾਂ ਵੱਲੋਂ ਲੋਕਾਂ ਨੂੰ ਉਨਾਂ ਦੇ ਵੋਟ ਦੇ ਮਹੱਤਵ ਤੋਂ ਜਾਣੂ ਕਰਾਉਂਦੇ ਹੋਏ ਆਉਣ ਵਾਲੀ ਇੱਕ ਜੂਨ ਨੂੰ ਮਤਦਾਨ ਕਰਕੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ। ਲੋਕਾਂ ਨੂੰ ਬਿਨਾਂ ਕਿਸੇ ਡਰ, ਲਾਲਚ, ਜਾਤ ਪਾਤ, ਰੰਗ- ਨਸਲ ਅਤੇ ਧਰਮ ਤੋਂ ਉੱਪਰ ਉੱਠ ਕੇ ਆਪਣੇ ਮਨ ਪਸੰਦ ਦੀ ਉਮੀਦਵਾਰ ਨੂੰ ਵੋਟ ਦੇਣ ਲਈ ਪ੍ਰੇਰਿਤ ਕੀਤਾ ਗਿਆ।