ਇਨਕਲਾਬੀ ਕੇਂਦਰ, ਪੰਜਾਬ ਵੱਲੋਂ ਪਾਰਲੀਮੈਂਟ ਚੋਣਾਂ, ਮੌਜੂਦਾ ਹਲਾਤ ਅਤੇ ਕਾਰਜ ਵਿਸ਼ੇ 'ਤੇ ਵਿਚਾਰ ਚਰਚਾ
- ਮਜ਼ਦੂਰ ਜਮਾਤ ਦੇ ਮਹਾਨ ਉਸਤਾਦ ਕਾ ਲੈਨਿਨ ਦੇ ਜਨਮ ਦਿਨ ਨੂੰ ਸਮਰਪਿਤ ਵਿਚਾਰ ਚਰਚਾ
ਦਲਜੀਤ ਕੌਰ
ਬਰਨਾਲਾ, 23 ਅਪ੍ਰੈਲ, 2024: ਰੂਸੀ ਇਨਕਲਾਬ ਦੇ ਬਾਨੀ ਆਗੂ, ਮਜ਼ਦੂਰ ਜਮਾਤ ਦੇ ਮਹਾਨ ਉਸਤਾਦ ਕਾ ਲੈਨਿਨ ਦੇ ਜਨਮ ਦਿਨ ਨੂੰ ਸਮਰਪਿਤ ਇਨਕਲਾਬੀ ਕੇਂਦਰ, ਪੰਜਾਬ ਵੱਲੋਂ ਸਥਾਨਕ ਤਰਕਸ਼ੀਲ ਭਵਨ ਵਿਖੇ ਦਿਨ-ਰਾਤ ਦੀ ਸੂਬਾਈ ਵਿਚਾਰ ਚਰਚਾ ਕਰਵਾਈ ਗਈ। ਸਭ ਤੋਂ ਪਹਿਲਾਂ ਇਨਕਲਾਬੀ ਲਹਿਰ ਦੇ ਸ਼ਹੀਦਾਂ ਅਤੇ ਇਨਕਲਾਬੀ ਕਾਫ਼ਲੇ ਨੂੰ ਵਿਛੋੜਾ ਦੇ ਗਏ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਵਿਛੜੇ ਸਾਥੀਆਂ ਦੀ ਯਾਦ ਚ ਇਨਕਲਾਬੀ ਕੇਂਦਰ ਪੰਜਾਬ ਦਾ ਝੰਡਾ ਸੂਬਾਈ ਆਗੂ ਜਗਜੀਤ ਸਿੰਘ ਲਹਿਰਾ ਮੁਹੱਬਤ ਵੱਲੋਂ ਨੀਵਾਂ ਕਰਨ ਅਤੇ ਮੰਦਰ ਜੱਸੀ ਵੱਲੋਂ ਸ਼ਰਧਾਂਜਲੀ ਗੀਤ ਪੇਸ਼ ਕਰਦੇ ਸਮੇਂ ਸਾਰੇ ਹਾਜਰੀਨ ਸਾਥੀਆਂ ਵੱਲੋਂ ਮੋਨ ਧਾਰਨ ਪਿੱਛੋਂ ਵਿਚਾਰ ਚਰਚਾ ਦੀ ਸ਼ੁਰੂਆਤ ਵਿਛੜੇ ਸਾਥੀਆਂ ਨੂੰ-ਲਾਲ ਸਲਾਮ, ਇਨਕਲਾਬ-ਜਿੰਦਾਬਾਦ, ਸਾਮਰਾਜਵਾਦ -ਮੁਰਦਾਬਾਦ ਦੇ ਨਾਹਰੇ ਬੁਲੰਦ ਕਰਨ ਨਾਲ ਹੋਈ।
ਇਹ ਵਿਚਾਰ ਚਰਚਾ ਇਨਕਲਾਬੀ ਕੇਂਦਰ, ਪੰਜਾਬ ਦੀ ਸੂਬਾ ਕਮੇਟੀ ਦੀ ਅਗਵਾਈ ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਸੁਚੱਜੀ ਅਤੇ ਵਿਉਂਤਬੱਧ ਮੰਚ ਸੰਚਾਲਨ ਹੇਠ ਹੋਈ। ਪੰਜਾਬ ਭਰ 'ਚੋਂ ਇਨਕਲਾਬੀ ਕੇਂਦਰ, ਪੰਜਾਬ ਦੇ ਸਾਥੀਆਂ ਨੂੰ ਸੰਗਰਾਮੀ ਸ਼ੁਭ ਕਾਮਨਾਵਾਂ, ਜੀ ਆਇਆਂ ਅਤੇ ਦੇਰ ਰਾਤ ਤੱਕ ਚੱਲਣ ਵਾਲੀ ਵਿਚਾਰ ਚਰਚਾ ਦੀ ਤਰਤੀਬ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਰੱਖਦਿਆਂ ਸੰਖੇਪ ਚਰਚਾ ਕੀਤੀ।
ਲਾਲ ਪਰਚਮ ਦੇ ਸੰਪਾਦਕ ਸਾਥੀ ਮੁਖਤਿਆਰ ਪੂਹਲਾ ਨੇ ਮੌਜੂਦਾ ਚੋਣਾਂ ਦੇ ਵਿਚਾਰਧਾਰਕ ਪੱਖ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਹ ਚੋਣਾਂ ਹਾਕਮ ਜਮਾਤਾਂ ਵੱਲੋਂ ਆਪਣੇ ਮੱਤਭੇਦਾਂ ਨੂੰ ਹੱਲ ਕਰਨ ਅਤੇ ਲੋਕਾਂ ਦੇ ਬੁਨਿਆਦੀ ਮਸਲਿਆਂ ਤੋਂ ਧਿਆਨ ਪਾਸੇ ਕਰਨ ਅਤੇ ਲੋਕਾਂ ਨੂੰ ਧੋਖਾ ਦੇਣ ਦਾ ਢੰਗ ਹਨ। ਲੋਕਾਂ ਦੀ ਮੁਕਤੀ ਇਹਨਾਂ ਚੋਣਾਂ ਰਾਹੀਂ ਨਹੀਂ ਬਲਕਿ ਲੋਕ ਇਨਕਲਾਬ ਰਾਹੀਂ ਇਹ ਮੌਜੂਦਾ ਰਾਜ ਪ੍ਰਬੰਧ ਅਤੇ ਗੈਰ ਬਰਾਬਰੀ ਵਾਲਾ ਸਮਾਜ ਮੁੱਢੋਂ ਸੁੱਢੋਂ ਤਬਦੀਲ ਕਰਕੇ ਸਹੀ ਅਰਥਾਂ ਵਿੱਚ ਨਵਾਂ ਨਰੋਆ ਜਮਹੂਰੀ ਰਾਜ ਪ੍ਰਬੰਧ ਸਥਾਪਿਤ ਕਰਕੇ ਹੀ ਹੋਣੀ ਹੈ।
ਲਾਲ ਪਰਚਮ ਦੇ ਸੰਪਾਦਕੀ ਬੋਰਡ ਦੇ ਮੈਂਬਰ ਮੱਖਣ ਕਾਲਸਾਂ ਨੇ ਪਾਰਲੀਮੈਂਟ ਪ੍ਰਬੰਧ ਦੇ ਸਿਆਸੀ ਪੱਖ ਬਾਰੇ ਗੱਲ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਮੋਦੀ ਹਕੂਮਤ ਫਿਰ ਫਾਸ਼ੀਵਾਦ ਦੇ ਰਸਤੇ ਪੈ ਕੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲ ਕੇ ਨੰਗਾ ਚਿੱਟਾ ਫਾਸੀਵਾਦੀ ਰਾਜ ਮੜਨ ਦੇ ਰਾਹ ਪਈ ਹੋਈ ਹੈ। ਇਸ ਕਰਕੇ ਅੱਜ ਦੇ ਸਮੇਂ ਲੋਕਾਂ ਦਾ ਇਹ ਜਰੂਰੀ ਕਾਰਜ਼ ਬਣ ਜਾਂਦਾ ਹੈ ਕਿ ਆਰ ਐਸ ਐਸ ਦੀ ਸਰਪ੍ਰਸਤੀ ਵਾਲੀ ਮੋਦੀ ਸਰਕਾਰ ਨੂੰ ਆਪਣੇ ਮੁੱਖ ਚੋਟ ਨਿਸ਼ਾਨੇ ਤੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਹਾਕਮ ਜਮਾਤਾਂ ਦੀਆਂ ਸਾਰੀਆਂ ਪਾਰਟੀਆਂ ਦਾ ਮੌਕਾਪ੍ਰਸਤ ਕਿਰਦਾਰ ਸਮਝਦੇ ਹੋਏ ਭਾਜਪਾ ਵੱਲੋਂ ਲੋਕਾਂ ਦੇ ਜਮਹੂਰੀ ਅਧਿਕਾਰਾਂ ਦਾ ਗਲਾ ਘੁੱਟਣ ਅਤੇ ਦੇਸ਼ ਨੂੰ ਖੁੱਲ੍ਹੀ ਜੇਲ੍ਹ ਵਿਚ ਤਬਦੀਲ ਕਰਨ ਦੇ ਮਨਸੂਬਿਆਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ।
ਇਸੇ ਹੀ ਤਰ੍ਹਾਂ ਡਾ ਮੋਹਣ ਸਿੰਘ ਨੇ ਇਨ੍ਹਾਂ ਪਾਰਲੀਮੈਂਟ ਚੋਣਾਂ ਦੌਰਾਨ ਬੁਨਿਆਦੀ ਅਤੇ ਦਾਅਪੇਚਕ ਕਾਰਜਾਂ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਕਿ ਭਾਵੇਂ ਸਾਡਾ ਮੁੱਖ ਧਿਆਨ ਲੰਬੇ ਦਾਅ ਦੇ ਬੁਨਿਆਦੀ ਕਾਰਜ ਇਸ ਲੁੱਟ,ਜਬਰ ਅਤੇ ਦਾਬੇ ਵਾਲੇ ਲੋਕ ਦੋਖੀ ਪ੍ਰਬੰਧ ਨੂੰ ਮੁੱਢੋਂ ਸੁੱਢੋਂ ਤਬਦੀਲੀ ਕਰਕੇ ਨਵਾਂ ਜਮਹੂਰੀ ਪ੍ਰਬੰਧ ਤਬਦੀਲ ਕਰਨ ਵੱਲ ਸੇਧਤ ਰਹੇਗਾ। ਇਸ ਪ੍ਰਬੰਧ ਦੇ ਕਾਇਮ ਰਹਿੰਦਿਆਂ ਕਿਰਤੀ ਲੋਕਾਈ ਨੂੰ ਦਰਪੇਸ਼ ਫੌਰੀ ਦਾਅਪੇਚਕ ਕਾਰਜਾਂ/ਮੰਗਾਂ/ਮਸਲਿਆਂ ਲਈ ਸੰਘਰਸ਼ ਜਾਰੀ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ। ਸਵਾਲ/ਜਵਾਬ ਦੇ ਪੜਾਅ ਸਮੇਂ ਦੋ ਦਰਜਨ ਦੇ ਕਰੀਬ ਚੇਤੰਨ ਆਗੂਆਂ ਨੇ ਸਾਮਰਾਜ ਦੀ ਪ੍ਰੀਭਾਸ਼ਾ, ਕੌਮ/ਕੌਮੀਅਤ, ਸਾਮਰਾਜੀ ਮੁਲਕਾਂ ਅਤੇ ਪਛੜੇ ਮੁਲਕਾਂ ਦੇ ਅੰਤਰ, ਕੌਮਾਂਤਰੀ ਪੱਧਰ ਤੇ ਤਾਨਾਸ਼ਾਹ ਹਕੂਮਤਾਂ ਅਤੇ ਖਾਸ ਕਰ ਸਾਡੇ ਮੁਲਕ ਅੰਦਰ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ, ਕਮਿਊਨਿਸਟ ਇਨਕਲਾਬੀ ਤਾਕਤਾਂ ਦੀ ਸਾਂਝ ਆਦਿ ਸਵਾਲ ਪੇਸ਼ ਹੋਏ। ਇਨ੍ਹਾਂ ਸਾਰੇ ਸਵਾਲਾਂ ਦੇ ਵਿਸਥਾਰ ਵਿੱਚ ਜਵਾਬ ਸਾਥੀ ਮੁਖਤਿਆਰ ਪੂਹਲਾ ਨੇ ਦਿੱਤੇ।
ਇਸ ਸਿਧਾਂਤਕ ਲਿਖਤ ਦੀ ਦਿਸ਼ਾ ਵਿੱਚ ਇਸ ਪੱਖ ਨੂੰ ਆਮ ਮਿਹਨਤਕਸ਼ ਲੋਕਾਈ ਵਿੱਚ ਲੈ ਜਾਣ ਲਈ ਯੋਜਨਾ ਦਾ ਖਰੜਾ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਰੱਖਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਲਦ ਹੀ ਪਾਰਲੀਮਾਨੀ ਚੋਣਾਂ ਦੇ ਮਘੇ ਭਖੇ ਦੌਰ ਵਿੱਚ ਲੋਕ ਦੋਖੀ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਖਿਲਾਫ਼ ਸੰਘਰਸ਼ ਦੀ ਧਾਰ ਮੁੱਖ ਤੌਰ'ਤੇ ਕੇਂਦਰਤ ਕਰਦਿਆਂ, ਦੂਸਰੀਆਂ ਪਾਰਟੀਆਂ ਨੂੰ ਜਵਾਬਦੇਹ ਬਣਾਉਂਦਿਆਂ, ਸਮਾਜ ਨੂੰ ਦਰਪੇਸ਼ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਇਨਕਲਾਬ ਦੀ ਤਿਆਰੀ ਵੱਲ ਸੇਧਤ ਹੋਣ ਦੀ ਯੋਜਨਾ ਰੱਖੀ। ਹੋਰਨਾਂ ਹਮਖਿਆਲ ਇਨਕਲਾਬੀ ਧਿਰਾਂ ਨਾਲ ਸਾਂਝੇ ਤੌਰ 'ਤੇ ਇਸ ਮੁਹਿੰਮ ਨੂੰ ਲੈਕੇ ਜਾਣ ਦੀ ਕੜੀ ਵਜੋਂ ਜੁਟਾਏ ਜਾ ਰਹੇ ਯਤਨਾਂ ਦੀ ਜਾਣਕਾਰੀ ਸਾਂਝੀ ਕੀਤੀ।
ਇਸ ਵਿਚਾਰ ਚਰਚਾ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਔਰਤਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਹ ਵਿਚਾਰ ਚਰਚਾ ਚੇਤੰਨ ਆਗੂ ਟੀਮਾਂ ਦਾ ਵਿਚਾਰਧਾਰਕ ਪੱਧਰ ਹੋਰ ਵਿਸ਼ਾਲ ਕਰਨ ਨਾਲ ਸਮਾਪਤ ਹੋਈ। ਇਨਕਲਾਬੀ ਕੇਂਦਰ, ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸਾਥੀ ਜਗਜੀਤ ਸਿੰਘ ਲਹਿਰਾ ਮੁਹੱਬਤ ਨੇ ਇਸ ਵਿਚਾਰ ਚਰਚਾ ਵਿੱਚ ਸਰਗਰਮੀ ਨਾਲ ਭਾਗ ਲੈਣ, ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਬਲਦੇਵ ਮੰਡੇਰ ਅਤੇ ਨਰਿੰਦਰ ਸਿੰਗਲਾ ਨੇ ਇਨਕਲਾਬੀ ਗੀਤ ਪੇਸ਼ ਕੀਤੇ।