ਸਰਕਾਰੀ ਸਕੂਲ ਕੋਟਲਾ ਨਿਹੰਗ ਦੇ ਮੇਨ ਗੇਟ ਅੱਗੇ ਖੜੇ ਗੰਦੇ ਪਾਣੀ ਕਾਰਨ ਬੱਚੇ ਤੇ ਅਧਿਆਪਕ ਪ੍ਰੇਸ਼ਾਨ,,,
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 23 ਅਪ੍ਰੈਲ 2024: ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਦੇ ਬੱਚੇ ਅਤੇ ਅਧਿਆਪਕ ਗੰਦੇ ਪਾਣੀ ਵਿੱਚੋ ਲੰਘ ਕੇ ਸਕੂਲ ਜਾਣ ਲਈ ਮਜਬੂਰ ਹਨ। ਬੀਤੇ ਲੱਗਭਗ ਇੱਕ ਹਫ਼ਤੇ ਤੋਂ ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਮੇਨ ਗੇਟ ਅੱਗੇ ਪਿੰਡ ਦੇ ਘਰਾਂ ਦਾ ਗੰਦਾ ਪਾਣੀ ਛੱਪੜ ਦਾ ਰੂਪ ਧਾਰਨ ਕਰ ਗਿਆ ਹੈ ਪਰੰਤੂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ । ਸਕੂਲ ਮੁੱਖੀ ਮੈਡਮ ਯੱਸਪ੍ਰੀਤ ਤੇ ਸਕੂਲ ਸਟਾਫ਼ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਦੇ ਸਰਪੰਚ ਨੂੰ ਸਕੂਲ ਦੇ ਮੇਨ ਗੇਟ ਸਾਹਮਣੇ ਖੜ੍ਹੇ ਹੋਏ ਗੰਦੇ ਪਾਣੀ ਦਾ ਹੱਲ ਕਰਨ ਲਈ ਆਖਿਆ ਹੈ ਪਰੰਤੂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਸਬੰਧੀ ਮੌਜੂਦਾ ਸਾਬਕਾ ਸਰਪੰਚ ਰਵਿੰਦਰ ਸਿੰਘ ਸੋਨੂੰ ਨੇ ਕਿਹਾ ਕਿ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰ ਦਿੱਤੀਆਂ ਹੋਈਆਂ ਨੇ।
ਗ੍ਰਾਮ ਪੰਚਾਇਤ ਕੋਲ ਫੰਡਾਂ ਦੀ ਘਾਟ ਹੈ ਇਸ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਦੋ ਵਾਰ ਪਹਿਲਾਂ ਵੀ ਇਸ ਨਾਲੇ ਦੀ ਪੱਲਿਉਂ ਪੈਸੇ ਖਰਚ ਕਰਕੇ ਸਫ਼ਾਈ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਫਾਈ ਕਰਨ ਵਾਲਿਆਂ ਨਾਲ ਗੱਲਬਾਤ ਕੀਤੀ ਹੈ ਜਲਦ ਹੀ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦਾ ਵੱਡੇ ਪੱਧਰ ਤੇ ਕਾਇਆ ਕਲਪ ਕੀਤਾ ਜਾ ਰਿਹਾ ਹੈ, ਸਕੂਲ਼ਾਂ ਦੇ ਮੇਨ ਗੇਟਾਂ ਨੂੰ ਨਵੇਂ ਸਿਰਿਉਂ ਬਣਾ ਕੇ ਵਧੀਆ ਦਿੱਖ ਦਿੱਤੀ ਜਾ ਰਹੀ ਹੈ ਪਰੰਤੂ ਇਹੋ ਜਿਹੀਆਂ ਤਸਵੀਰਾਂ ਕਿਤੇ ਨਾ ਕਿਤੇ ਸਰਕਾਰ ਦਾ ਮੂੰਹ ਚਿੜਾਉਂਦੀਆਂ ਹਨ।