ਸ੍ਰੀ ਹਨੂੰਮਾਨ ਜਨਮ ਉਤਸਵ ਤੇ ਨਿਕਲੀ ਵਿਸ਼ਾਲ ਭਗਵਾ ਸ਼ੋਭਾ ਯਾਤਰਾ ਦਾ ਸ਼ਹਿਰ ਵਿੱਚ ਹੋਇਆ ਭਰਵਾਂ ਸਵਾਗਤ
ਰੋਹਿਤ ਗੁਪਤਾ
ਗੁਰਦਾਸਪੁਰ 22 ਅਪ੍ਰੈਲ 2024ਸ਼੍ਰੀ ਹਨੂੰਮਾਨ ਮੰਦਿਰ ਕਮੇਟੀ ਵਲੋਂ ਮੰਦਰ ਦੇ ਪੁਜਾਰੀ ਪੰਡਿਤ ਖਗੇਸ਼ ਸ਼ਰਮਾ ਦੀ ਅਗਵਾਈ ਹੇਠ ਸ਼੍ਰੀ ਹਨੂੰਮਾਨ ਦੇ ਜਨਮ ਉਤਸਵ ਮੌਕੇ ਸ਼੍ਰੀ ਹਨੂੰਮਾਨ ਮੰਦਿਰ ਹਨੁਮਾਨ ਚੌਂਕ ਤੋਂ ਵਿਸ਼ਾਲ ਭਗਵਾ ਯਾਤਰਾ ਸਜਾਈ ਗਈ। ਯਾਤਰਾ ਹਨੂੰਮਾਨ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਵਾਪਸ ਹਨੁਮਾਨ ਮੰਦਰ ਵਿਖੇ ਸਮਾਪਤ ਹੋਈ। ਭਾਜਪਾ ਆਗੂ ਦਿਨੇਸ਼ ਬੱਬੂ, ਆਮ ਆਦਮੀ ਪਾਰਟੀ ਵੱਲੋਂ ਸ਼ੋਭਾ ਯਾਤਰਾ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਕਾਂਗਰਸ ਪਾਰਟੀ ਵੱਲੋਂ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ , ਆਜ਼ਾਦ ਉਮੀਦਵਾਰ ਵਿੱਚ ਬਲਜਿੰਦਰ ਸਿੰਘ ਲਾਡੀ, ਬੋਲੋ ਸ਼ਿਵਸੈਨਾ ਆਗੂ ਹਰਵਿੰਦਰ ਸੋਨੀ ਅਤੇ ਫੁੱਲਾਂ ਵਾਲੀ ਮਾਤਾ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਵੀ ਸ਼ਮੂਲੀਅਤ ਕੀਤੀ। ਸ਼ੋਭਾ ਯਾਤਰਾ ਵਿੱਚ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
ਸਾਰੀ ਸ਼ੋਭਾ ਯਾਤਰਾ ਵਿੱਚ ਭਗਵੇਂ ਝੰਡੇ ਚੁੱਕੇ ਨੌਜਵਾਨ ਲੜਕੇ ਅਤੇ ਲੜਕੀਆਂ ਖਿੱਚ ਦਾ ਕੇਂਦਰ ਰਹੇ। ਭਗਵਾਨ ਹਨੂੰਮਾਨ ਦੀ ਮੂਰਤੀ ਦੇ ਪਿੱਛੇ ਭਗਵਾਨ ਹਨੂੰਮਾਨ ਦਾ ਰੱਥ ਬਿਰਾਜਮਾਨ ਸੀ, ਉਸ ਦੇ ਪਿੱਛੇ ਲਗਾਈ ਗਈ ਵੱਡੀ ਐਲਈਡੀ ਸਕਰੀਨ 'ਤੇ ਲਗਾਤਾਰ ਭਗਵਾਨ ਹਨੂੰਮਾਨ ਚਾਲੀਸਾ ਦੇ ਪਾਠ ਚੱਲ ਰਹੇ ਸਨ ਅਤੇ ਸ਼ੋਭਾ ਯਾਤਰਾ 'ਚ ਸ਼ਾਮਲ ਲੋਕ ਇਸ ਦਾ ਆਨੰਦ ਮਾਣ ਰਹੇ ਸਨ।
ਸ਼ੋਭਾ ਯਾਤਰਾ ਦੌਰਾਨ ਸ਼ਹਿਰ ਦਾ ਮਾਹੌਲ ਪੂਰੀ ਤਰ੍ਹਾਂ ਧਾਰਮਿਕ ਅਤੇ ਭਗਵੇਂ ਰੰਗ ਵਿੱਚ ਰੰਗਿਆ ਗਿਆ ਅਤੇ ਹਰ ਪਾਸੇ ਵੀਰ ਬਜਰੰਗੀ, ਹਰ ਹਰ ਮਹਾਦੇਵ ਦੇ ਜੈਕਾਰੇ ਗੂੰਜਦੇ ਰਹੇ। ਸ਼ਰਧਾਲੂਆਂ ਵੱਲੋਂ ਖੂਬ ਆਤਿਸ਼ਬਾਜ਼ੀ ਕੀਤੀ ਜਾਏਗੀ ਅਤੇ ਜਿੱਧਰੋਂ ਵੀ ਸ਼ੋਭਾ ਯਾਤਰਾ ਗੁਜਰੀ ਇਸ ਦੀ ਉਡੀਕ ਕਰ ਰਹੇ ਸ਼ਹਿਰ ਵਾਸੀਆਂ ਵੱਲੋਂ ਸ਼ਰਧਾਲੂਆਂ ਅਤੇ ਸ਼੍ਰੀ ਹਨੁਮਾਨ ਦੇ ਰੱਥ ਤੇ ਫੁੱਲਾਂ ਦੀ ਵਰਖਾ ਕੀਤੀ ਗਈ । ਸ਼ਰਧਾਲੂਆਂ ਦੇ ਖਾਣ ਪੀਣ ਦੀ ਵਿਵਸਥਾ ਵੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸਟਾਲ ਲਗਾ ਕੇ ਕੀਤੀ ਗਈ ਸੀ। ਯਾਤਰਾ ਦੇ ਅਖੀਰ ਵਿੱਚ ਸ੍ਰੀ ਹਨੂਮਾਨ ਮੰਦਰ ਦੇ ਪੁਜਾਰੀ ਪੰਡਿਤ ਖਗੇਸ਼ ਸ਼ਰਮਾ ਨੇ ਯਾਤਰਾ ਵਿੱਚ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਅਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸ਼ਹਿਰ ਨਹੀਂ ਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਸਨਾਤਨ ਧਰਮ ਅਤੇ ਧਾਰਮਿਕ ਵਿਰਸੇ ਨਾਲ ਜੋੜਨ ਲਈ ਅਜਿਹੇ ਧਾਰਮਿਕ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਲਈ ਸ਼੍ਰੀ ਹਨੂਮਾਨ ਮੰਦਰ ਨਾਲ ਜੁੜੇ ਨੌਜਵਾਨ ਸ਼ਰਧਾਲੂਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਜਿਨਾਂ ਵਿੱਚ ਅਨੁਜ ਵਰਮਾ , ਰਾਹੁਲ ਕਹਿਰ, ਨਿਤਿਨ ਮਹਾਜਨ, ਜਤਿਨ ਅਗਰਵਾਲ, ਨਿਖਿਲ, ਦੇਵਾ, ਵਤੀਸ਼ ਆਦਿ ਵੀ ਹਾਜ਼ਰ ਸਨ।