ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਬਾਬਾ ਸੱਜਣ ਸਿੰਘ ਕੋਲੋਂ ਲਿਆ ਆਸ਼ੀਰਵਾਦ
- ਬਾਬਾ ਸੱਜਣ ਸਿੰਘ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਵਲੋਂ ਸਿੱਖ ਭਾਈਚਾਰੇ ਲਈ ਕੀਤੇ ਕੰਮਾਂ ਦੀ ਕੀਤੀ ਸ਼ਲਾਘਾ
ਰਾਕੇਸ਼ ਨਈਅਰ ਚੋਹਲਾ
ਚੌਂਕ ਮਹਿਤਾ/ਜੰਡਿਆਲਾ ਗੁਰੂ,20 ਅਪ੍ਰੈਲ 2024 - ਭਾਰਤੀ ਜਨਤਾ ਪਾਰਟੀ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਵੱਲੋਂ ਅੱਜ ਭਾਜਪਾ ਦੀ ਸਮੁੱਚੀ ਟੀਮ ਸਮੇਤ ਸੰਤ ਬਾਬਾ ਸੱਜਣ ਸਿੰਘ ਬੇਰ ਸਾਹਿਬ ਵਾਲਿਆਂ ਕੋਲੋਂ ਆਸ਼ੀਰਵਾਦ ਲਿਆ ਗਿਆ।ਇਸ ਮੌਕੇ 'ਤੇ ਬਾਬਾ ਸੱਜਣ ਸਿੰਘ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਿੱਖ ਭਾਈਚਾਰੇ ਲਈ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਆਖਿਆ ਕਿ ਕਰਤਾਰਪੁਰ ਲਾਂਘੇ ਤੋਂ ਇਲਾਵਾ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਰਾਸ਼ਟਰੀ ਪੱਧਰ 'ਤੇ ਮਨਾਉਣਾ, ਕਾਲੀ ਸੂਚੀ ਖਤਮ ਕਰਨਾ,ਲਾਲ ਕਿਲੇ 'ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਿਵਸ ਮਨਾਉਣਾ,ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਤੋਂ ਜੀਐਸਟੀ ਖਤਮ ਕਰਨੀ, ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜਾਵਾਂ ਦੇਣੀਆਂ ਵਰਗੇ ਕੰਮ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ।ਬਾਬਾ ਸੱਜਣ ਸਿੰਘ ਨੇ ਕਿਹਾ ਕਿ ਪੰਥ ਅਤੇ ਪੰਜਾਬ ਦੇ ਰਹਿੰਦੇ ਮਸਲਿਆਂ ਲਈ ਉਹ ਜਲਦ ਹੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨਗੇ।ਇਸ ਮੌਕੇ 'ਤੇ ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਧਾਰਮਿਕ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਬਾਬਾ ਸੱਜਣ ਸਿੰਘ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਵਿੱਚ ਸਥਾਨਕ ਭਾਜਪਾ ਆਗੂਆਂ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਵਾਇਆ।ਬਾਬਾ ਸੱਜਣ ਸਿੰਘ ਨੇ ਭਾਜਪਾ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ 'ਤੇ ਚੇਅਰਮੈਨ ਕੰਵਰਬੀਰ ਸਿੰਘ ਮੰਜ਼ਿਲ , ਭਾਜਪਾ ਦੇ ਮੰਡਲ ਪ੍ਰਧਾਨ ਗੁਲਜਿੰਦਰ ਸਿੰਘ ਲਾਡੀ ਨੰਬਰਦਾਰ,ਰਾਜਬੀਰ ਸਿੰਘ ਮਹਿਤਾ ਕਿਸਾਨ ਮੋਰਚਾ ਪ੍ਰਧਾਨ,ਮਹਿਲਾ ਮੋਰਚਾ ਪ੍ਰਧਾਨ ਮਨਦੀਪ ਕੌਰ,ਰਾਜਪਾਲ ਸਿੰਘ ਰਾਜੂ ਬੀਸੀ ਮੋਰਚਾ ਪ੍ਰਧਾਨ, ਸਰਬਜੀਤ ਸਿੰਘ ਵਡਾਲੀ ਡੋਗਰਾਂ,ਦੀਪਕ ਕੁਮਾਰ ਗਹਿਰੀ ਮੰਡੀ ਵੀ ਹਾਜ਼ਰ ਸਨ।