ਹਰਦਮ ਮਾਨ
ਸਰੀ 29 ਅਕਤੂਬਰ 2020: ਸਰੀ ਤੋਂ 35 ਕਿਲੋਮੀਟਰ ਦੂਰ ਐਬਟਸਫ਼ੋਰਡ ਸ਼ਹਿਰ ਵਿਚ 21 ਸਾਲਾ ਪੰਜਾਬੀ ਨੌਜਵਾਨ ਗੁਰਕੀਰਤ ਸਿੰਘ ਤੂਰ ਨੂੰ ਇਕ ਡਰਾਈਵਰ ‘ਤੇ ਪਿਸਤੌਲ ਤਾਣ ਲੈਣ ਦੇ ਇਲਜਾਮ ਵਿਚ ਗ੍ਰਿਫ਼ਤਾਰ ਕੀਤਾ ਗਿਆ। ਐਬਟਸਫ਼ੋਰਡ ਪੁਲਿਸ ਮੁਤਾਬਿਕ 21 ਸਾਲਾ ਗੁਰਕੀਰਤ ਸਿੰਘ ਤੂਰ ਕਾਰ ਕਿਰਾਏ ‘ਤੇ ਲੈ ਕੇ ਜਾ ਰਿਹਾ ਸੀ ਅਤੇ ਉਸ ਨੇ ਟਾਊਨ ਲਾਈਨ ਰੋਡ ਅਤੇ ਸਾਊਦਰਨ ਡਰਾਈਵ ਨੇੜੇ ਇਕ ਕਾਰ ਡਰਾਈਵਰ ‘ਤੇ ਪਿਸਤੌਲ ਤਾਣ ਦਿੱਤੀ। ਪਿਸਤੌਲ ਵੇਖ ਕੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਤੇਜ਼ ਰਫ਼ਤਾਰ ਡਰਾਈਵਿੰਗ ਕਰ ਰਹੇ ਗੁਰਕੀਰਤ ਤੂਰ ਨੇ ਕੰਟਰੋਲ ਗੁਆ ਦਿੱਤਾ ਅਤੇ ਉਸ ਦੀ ਗੱਡੀ ਇਕ ਮਕਾਨ ਦੀ ਕੰਧ ਅਤੇ ਦੋ ਖੜ੍ਹੀਆਂ ਗੱਡੀਆਂ ਵਿਚ ਜਾ ਵੱਜੀ।
ਰਿਪੋਰਟਾਂ ਮੁਤਾਬਕ ਇਹ ਨੌਜਵਾਨ ਪਹਿਲਾਂ ਹੀ ਕੁਝ ਸ਼ਰਤਾਂ ਨਾਲ ਜ਼ਮਾਨਤ ‘ਤੇ ਜੇਲ੍ਹ ਚੋਂ ਬਾਹਰ ਆਇਆ ਹੋਇਆ ਸੀ। ਉਸ ਨੂੰ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੌਕੇ ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੀ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਸੀਟ ਥੱਲਿਓਂ ਰੌਂਦਾ ਭਰੀ ਹੋਈ ਪਿਸਤੌਲ ਬਰਾਮਦ ਹੋਈ।
ਉਸ ਵਿਰੁੱਧ ਪਿਸਤੌਲ ਤਾਣਨ, ਬਦਲੇ ਹੋਏ ਸੀਰੀਅਲ ਨੰਬਰ ਨਾਲ ਹਥਿਆਰ ਰੱਖਣ ਅਤੇ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਇਲਜਾਮ ਲੱਗੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ 2019 ਵਿਚ ਵੀ ਉਸ ਨੂੰ 3 ਸਾਥੀਆਂ ਨਾਲ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਕੋਲੋਂ ਨਕਦੀ ਸਮੇਤ ਨਸ਼ੀਲੇ ਪਦਾਰਥ ਵੀ ਮਿਲੇ ਸਨ।