USA: ਕੌਂਸਲਰ ਉਮੀਦਵਾਰ ਰਿੱਕੀ ਬਾਜਵਾ ਨੇ ਟੈਕਸ, ਸੜਕਾਂ, ਸੁਰੱਖਿਆ ਅਤੇ ਸਹੂਲਤਾਂ ਨੂੰ ਸ਼ਹਿਰ ਦੇ ਮੁੱਖ ਮੁੱਦੇ ਦੱਸਿਆ
ਹਰਦਮ ਮਾਨ
ਸਰੀ, 17 ਸਤੰਬਰ 2026-ਸਰੀ ਸਿਟੀ ਦੀਆਂ ਆ ਰਹੀਆਂ ਚੋਣਾਂ ਵਿੱਚ ਕੰਸਰਵੇਟਿਵ ਪਾਰਟੀ ਆਫ ਸਰੀ ਵੱਲੋਂ ਕੌਂਸਲਰ ਦੇ ਅਹੁਦੇ ਲਈ ਉਮੀਦਵਾਰ ਰਿੱਕੀ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ਹਿਰ ਦੇ ਵਸਨੀਕਾਂ ਵੱਲੋਂ ਦਰਪੇਸ਼ ਮੁੱਖ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਪ੍ਰਾਪਰਟੀ ਟੈਕਸ, ਸੜਕਾਂ ਦੀ ਹਾਲਤ, ਟਰੈਫਿਕ, ਯੂਥ ਪ੍ਰੋਗਰਾਮਾਂ ਅਤੇ ਕਾਨੂੰਨ-ਵਿਵਸਥਾ ਨੂੰ ਅਹਿਮ ਮੁੱਦੇ ਦੱਸਿਆ।
ਸ. ਬਾਜਵਾ ਨੇ ਕਿਹਾ ਕਿ ਸ਼ਹਿਰ ਵਿੱਚ ਚੱਲ ਰਹੇ ਰੋਡ ਕੰਸਟਰਕਸ਼ਨ ਕਾਰਨ ਖਾਸ ਕਰਕੇ ਸਕੂਲ ਅਤੇ ਕੰਮ ’ਤੇ ਜਾਣ ਵਾਲੇ ਲੋਕਾਂ ਨੂੰ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਦਾ ਕਾਫ਼ੀ ਸਮਾਂ ਬਰਬਾਦ ਹੁੰਦਾ ਹੈ। ਉਨ੍ਹਾਂ ਅਨੁਸਾਰ ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਆਈ ਕਮੀ ਦੇ ਬਾਵਜੂਦ ਪ੍ਰਾਪਰਟੀ ਟੈਕਸ ਵਧਣ ਕਾਰਨ ਘਰਾਂ ਦੇ ਮਾਲਕਾਂ ਅਤੇ ਖਾਸ ਕਰਕੇ ਕਮਰਸ਼ੀਅਲ ਤੇ ਰਿਟੇਲ ਕਾਰੋਬਾਰਾਂ ’ਤੇ ਵਿੱਤੀ ਬੋਝ ਵਧਿਆ ਹੈ।
ਯੂਥ ਲਈ ਸਹੂਲਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮਾਪਿਆਂ ਵੱਲੋਂ ਬੱਚਿਆਂ ਲਈ ਖੇਡਾਂ ਅਤੇ ਹੋਰ ਗਤੀਵਿਧੀਆਂ ਨਾਲ ਸਬੰਧਤ ਪ੍ਰੋਗਰਾਮਾਂ ਦੀ ਘਾਟ ਬਾਰੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਉਨ੍ਹਾਂ ਰਿਕ ਸੈਂਟਰਾਂ ਵਿੱਚ ਸਵਿਮਿੰਗ ਸਮੇਤ ਹੋਰ ਸਹੂਲਤਾਂ ਅਤੇ ਨਵੇਂ ਰਿਕ ਸੈਂਟਰਾਂ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਰਿੱਕੀ ਬਾਜਵਾ ਨੇ ਸਰੀ ਵਿੱਚ ਐਕਸਟੌਰਸ਼ਨ ਅਤੇ ਗੈਂਗ ਹਿੰਸਾ ਦੇ ਮਾਮਲਿਆਂ ਨੂੰ ਵੀ ਗੰਭੀਰ ਮੁੱਦਾ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਇਸ ਸਮੱਸਿਆ ਵਿਰੁੱਧ ਪਹਿਲਾਂ ਵੀ ਆਵਾਜ਼ ਉਠਾਈ ਅਤੇ ਪ੍ਰਦਰਸ਼ਨ ਕੀਤੇ ਹਨ। ਉਨ੍ਹਾਂ ਦੇ ਅਨੁਸਾਰ, ਜੇਕਰ ਉਨ੍ਹਾਂ ਦੀ ਟੀਮ ਚੋਣ ਜਿੱਤ ਕੇ ਕੌਂਸਲ ਵਿੱਚ ਆਉਂਦੀ ਹੈ ਤਾਂ ਸਿਟੀ ਪੱਧਰ ’ਤੇ 600 ਪੁਲਿਸ ਅਫਸਰਾਂ ਦੀ ਭਰਤੀ ਕਰਨ ਦੀ ਯੋਜਨਾ ਹੈ।
ਆਪਣੀ ਚੋਣ ਮੁਹਿੰਮ ਦੀਆਂ ਤਜਵੀਜ਼ਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਪਹਿਲੇ ਸਾਲ ਪ੍ਰਾਪਰਟੀ ਟੈਕਸ ਵਿੱਚ 600 ਡਾਲਰ ਦੀ ਕਮੀ ਅਤੇ ਅਗਲੇ ਚਾਰ ਸਾਲਾਂ ਲਈ ਪ੍ਰਾਪਰਟੀ ਟੈਕਸ ਵਿੱਚ ਵਾਧਾ ਨਾ ਕਰਨ ਦੀ ਨੀਤੀ ਲਿਆਉਣ ਦਾ ਵਾਅਦਾ ਕਰ ਰਹੀ ਹੈ। ਉਨ੍ਹਾਂ ਕਮਰਸ਼ੀਅਲ ਅਤੇ ਰਿਟੇਲ ਪ੍ਰਾਪਰਟੀ ਟੈਕਸ ਨੂੰ ਵੀ ਚਾਰ ਸਾਲਾਂ ਲਈ ਸਥਿਰ ਰੱਖਣ ਦੀ ਗੱਲ ਕਹੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ‘ਕਨੈਕਸ਼ਨ ਹੱਬ’ ਬਣਾਉਣ ਦੀ ਤਜਵੀਜ਼ ਹੈ, ਜਿਸ ਤਹਿਤ ਸਰੀ ਨੂੰ ਅੱਠ ਹਿੱਸਿਆਂ ਵਿੱਚ ਵੰਡ ਕੇ ਕੌਂਸਲ ਮੈਂਬਰਾਂ ਅਤੇ ਸਿਟੀ ਸਟਾਫ਼ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਸਿੱਧੀ ਪਹੁੰਚ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਯੂਥ ਲਈ ਸਪੋਰਟਸ ਅਤੇ ਸਕਾਲਰਸ਼ਿਪ ਪ੍ਰੋਗਰਾਮ ਸ਼ੁਰੂ ਕਰਨ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਕੋਚਿੰਗ ਮੁਹੱਈਆ ਕਰਵਾਉਣ ਦੀ ਯੋਜਨਾ ਵੀ ਉਨ੍ਹਾਂ ਨੇ ਸਾਂਝੀ ਕੀਤੀ।
- Download Babushahi App
-
-