ਅਸ਼ੋਕ ਵਰਮਾ
ਬਠਿੰਡਾ, 29 ਮਈ 2020 - ਥਾਣਾ ਦਿਆਲਪੁਰਾ ਭਾਈ ਐਟ ਭਗਤਾ ਭਾਈ ਕਾ ਦੇ 14 ਪੁਲਿਸ ਮੁਲਾਜ਼ਮਾਂ ਇਕਾਂਤਵਾਸ ’ਚ ਭੇਜ ਦਿੱਤਾ ਗਿਆ ਹੈ। ਲੰਘੀ 23 ਮਈ ਨੂੰ ਪੁਲਿਸ ਨੇ ਭਗਤਾ ਭਾਈ ਚੋਂ ਇੱਕ ਮੁਲਜਮ ਨੂੰ 100 ਲੀਟਰ ਲਾਹਣ, 5 ਲਿਟਰ ਸ਼ਰਾਬ ਅਤੇ ਭੱਠੀ ਦੇ ਸਮਾਨ ਸਮੇਤ ਆਬਕਾਰੀ ਐਕਟ ਤਹਿਤ ਗ੍ਰਿਫਤਾਰ ਕੀਤਾ ਸੀ ਜੋ ਕਿ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਮੁਲਜ਼ਮ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੇ ਪੁਲਿਸ ਮੁਲਾਜ਼ਮ ਵੀ ਆਪਣੀ ਸਿਹਤ ਪ੍ਰਤੀ ਫਿਕਰਮੰਦ ਹੋ ਗਏ ਹਨ।
ਪਤਾ ਲੱਗਿਆ ਹੈ ਕਿ ਜਦੋਂ ਪੁਲਿਸ ਮੁਲਜ਼ਮ ਨੂੰ ਜੇਲ੍ਹ ਭੇਜਣ ਤੋਂ ਪਹਿਲਾਂ ਮੈਡੀਕਲ ਕਰਵਾਇਆ ਤਾਂ ਉਦੋਂ ਇਹ ਤੱਥ ਸਾਹਮਣੇ ਆਏ ਹਨ। ਹੁਣ ਥਾਣੇ ’ਚ ਸਿਰਫ ਮੁੱਖ ਥਾਣਾ ਅਫਸਰ ਬਾਕੀ ਰਹਿ ਗਏ ਹਨ ਅਤੇ ਕੰਮ ਕਾਜ ਚਲਾਉਣ ਲਈ ਨਵਾਂ ਸਟਾਫ ਭੇਜਿਆ ਜਾ ਰਿਹਾ ਹੈ। ਮੁੱਖ ਥਾਣਾ ਅਫਸਰ ਅਮਨਪਾਲ ਸਿੰਘ ਵਿਰਕ ਦਾ ਕਹਿਣਾ ਸੀ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਤੇ ਮੁਲਜ਼ਮ ਦੇ ਸੰਪਰਕ ’ਚ ਆਉਣ ਵਾਲੇ 14 ਜਣੇ ਇਕਾਂਤਵਾਸ ਕੀਤੇ ਗਏ ਹਨ।
ਓਧਰ ਡੀਐਸਪੀ ਫੂਲ ਜਸਬੀਰ ਸਿੰਘ ਨੇ ਇਕਾਂਤਵਾਸ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਥਾਣਾ ਦਿਆਲਪੁਰਾ ਭਾਈ ’ਚ ਬਦਲਵਾਂ ਸਟਾਫ ਭੇਜਿਆ ਜਾ ਰਿਹਾ ਹੈ। ਸਿਵਲ ਸਰਜਨ ਬਠਿੰਡਾ ਡਾ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਕੋਰੋਨਾ ਪਾਜ਼ੀਟਿਵ ਮਰੀਜ ਦੇ ਸੰਪਰਕ ’ਚ ਆਉਣ ਵਾਲੇ ਪੁਲਿਸ ਮੁਲਾਜਮਾਂ ਦੇ ਖੂਨ ਦੇ ਸੈਂਪਲ ਲਏ ਜਾਣਗੇ ਜਿਨ੍ਹਾਂ ਦੀ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਏਗੀ।